ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਕੀਤਾ ਪ੍ਰੇਰਿਤ
ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਬੀਜ਼ੀ ਕਣਕ ਦੀ ਫਸਲ ਬਹੁਤ ਵਧੀਆ ਹੋਈ, ਕਿਸਾਨਾਂ ਦਾ ਖੇਤੀ ਲਾਗਤ ਖ਼ਰਚਾ ਵੀ ਘਟਿਆ
ਗੁਰਦਾਸਪੁਰ, 18 ਜਨਵਰੀ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਪਿੰਡ ਰਾਏਚੱਕ, ਸਿੰਘਪੁਰਾ ਅਤੇ ਧਰਮਾਬਾਦ ਦਾ ਦੌਰਾ ਕਰਕੇ ਕਿਸਾਨਾਂ ਵੱਲੋਂ ਸਰਫੇਸ ਸੀਡਰ ਨਾਲ ਕੀਤੀ ਕਣਕ ਦੀ ਬਿਜਾਈ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਸੁਰਿੰਦਰਪਾਲ ਸਿੰਘ ਅਤੇ ਹੋਰ ਖੇਤੀਬਾੜੀ ਮਾਹਿਰ ਵੀ ਮੌਜੂਦ ਸਨ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਨੂੰ ਅੱਗ ਲੱਗਣ ਦੇ ਪੱਖ ਤੋਂ ਹਾਟ ਸਪਾਟ ਪਿੰਡਾਂ ਅਤੇ ਜਿਨ੍ਹਾਂ ਪਿੰਡਾਂ ਵਿੱਚ ਇੱਕ ਵੀ ਅੱਗ ਲੱਗਣ ਦਾ ਕੇਸ ਨਹੀਂ ਆਇਆ ਸੀ ਉਨ੍ਹਾਂ ਪਿੰਡਾਂ ਵਿੱਚ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਆਪਣੇ ਦੌਰੇ ਦੌਰਾਨ ਪਿੰਡ ਵਾਸੀਆਂ ਨੂੰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਇਸ ਮੌਕੇ ਉਨ੍ਹਾਂ ਕਿਸਾਨਾਂ ਕੋਲੋਂ ਫ਼ਸਲਾਂ ਦਾ ਹਾਲ ਜਾਣਿਆ ਅਤੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਉਨ੍ਹਾਂ ਦੇ ਸਵਾਲਾਂ ਤੇ ਮੁਸ਼ਕਲਾਂ ਨੂੰ ਸੁਣਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਰਫੇਸ ਸੀਡਰ ਨਾਲ ਬੀਜ਼ੀ ਕਣਕ ਦਾ ਜਾਇਜਾ ਲੈਣ ਲਈ ਖੇਤਾਂ ਦਾ ਵੀ ਦੌਰਾ ਕੀਤਾ। ਕਿਸਾਨਾਂ ਨੇ ਦੱਸਿਆ ਕਿ ਸਰਫੇਸ ਸੀਡਰ ਨਾਲ ਬੀਜ਼ੀ ਕਣਕ ਦੀ ਫ਼ਸਲ ਬਹੁਤ ਵਧੀਆ ਹੋਈ ਹੈ ਅਤੇ ਇਸ ਵਾਰ ਕਣਕ ਦਾ ਝਾੜ ਵਧੀਆ ਨਿਕਲੇਗਾ। ਕਿਸਾਨਾਂ ਨੇ ਦੱਸਿਆ ਕਿ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਉਨ੍ਹਾਂ ਦਾ ਲਾਗਤ ਖ਼ਰਚਾ ਵੀ ਘੱਟ ਆਇਆ ਹੈ ਜਿਸ ਸਦਕਾ ਪ੍ਰਤੀ ਏਕੜ 2000 ਤੋਂ 2500 ਰੁਪਏ ਦੀ ਬਚਤ ਹੋਈ ਹੈ। ਉਨ੍ਹਾਂ ਦੱਸਿਆ ਕਿ ਸਰਫੇਸ ਸੀਡਰ ਦੀ ਬਿਜਾਈ ਨਾਲ ਇਸ ਵਾਰ ਕਣਕ ਵਿੱਚ ਨਦੀਨ ਵੀ ਨਹੀਂ ਹੋਏ ਹਨ ਅਤੇ ਕਿਸਾਨਾਂ ਦਾ ਨਦੀਨ ਨਾਸ਼ਕਾਂ `ਤੇ ਹੋਣ ਵਾਲਾ ਖ਼ਰਚਾ ਵੀ ਬਚ ਗਿਆ ਹੈ।
ਇਸੇ ਤਰ੍ਹਾਂ ਵੀ ਕੱਲ ਬਾਅਦ ਦੁਪਹਿਰ ਵੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪਿੰਡਾਂ ਦੌਰਾ ਕਰਦਿਆਂ ਸੱਲੋਪੂਰ ਵਿਖੇ ਕਿਸਾਨ ਗੁਰਦਿਆਲ ਸਿੰਘ ਦੁਆਰਾ ਕਣਕ ਦੀ ਸਰਫੇਸ ਸੀਡਰ ਵਿਧੀ ਨਾਲ ਕੀਤੀ ਬਿਜਾਈ ਦੇਖੀ ਗਈ ਸੀ ਅਤੇ ਇਹ ਪਿੰਡ ਨੋ-ਬਰਨਿੰਗ ਵਾਲੇ ਪਿੰਡਾਂ ਵਿੱਚ ਸ਼ਾਮਲ ਹੈ, ਜਿੱਥੇ ਕੋਈ ਵੀ ਅੱਗ ਦਾ ਮਾਮਲਾ ਨਹੀ ਆਇਆ ਸੀ। ਪਿੰਡ ਕਾਹਨੂੰਵਾਨ ਜੋ ਕਿ ਇਕ ਹੋਟ-ਸਪਾਟ ਪਿੰਡ ਸੀ, ਉੱਥੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆ ਪਰਾਲੀ ਦੀ ਸੰਭਾਲ ਸਬੰਧੀ ਮੁਸ਼ਕਿਲਾਂ ਸੁਣੀਆਂ। ਪਿੰਡ ਡੱਲਾ ਗੋਰੀਆਂ ਵਿਖੇ ਕਿਸਾਨ ਦੁਆਰਾ ਕਣਕ ਦੀ ਸੁਪਰ ਸੀਡਰ ਵਿਧੀ ਨਾਲ ਕੀਤੀ ਬਿਜਾਈ ਦੇਖੀ। ਪਿੰਡ ਸਿੱਧਵਾਂ ਵਿਖੇ ਕਿਸਾਨਾਂ ਵੱਲੋਂ ਦੋ ਖੇਤ ਦਿਖਾਏ ਗਏ ਜਿਸ ਵਿੱਚੋਂ ਇਕ ਖੇਤ ਵਿੱਚ ਪਰਾਲੀ ਵਿੱਚ ਕੱਟਰ ਫੇਰ ਕੇ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਇਕ ਵਿੱਚ ਗੰਨੇ ਦੀ ਖੋਰੀ ਮਿੱਟੀ ਵਿੱਚ ਮਿਲਾ ਕੇ ਸਰਫੇਸ ਸੀਡਰ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਪਿੰਡਾਂ ਦੇ ਦੌਰਿਆਂ ਸਬੰਧੀ ਦੱਸਿਆ ਕਿ ਖੇਤੀਬਾੜੀ ਅਧਿਕਾਰੀਆਂ ਨੂੰ ਨਾਲ ਲੈ ਕੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਦੇ ਸੀਜ਼ਨ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ ਵਿੱਚ 55 ਫੀਸਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਇਸ ਵਾਰ ਵੀ ਅੱਗ ਲਗਾਈ ਸੀ ਉਨ੍ਹਾਂ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਨਾਲ ਹੀ ਅਗਲੀ ਵਾਰ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਬਿਨ੍ਹਾਂ ਅੱਗ ਲਗਾਏ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ ਉਨ੍ਹਾਂ ਦੀ ਫਸਲ ਬਹੁਤ ਵਧੀਆ ਅਤੇ ਕਿਸਾਨ ਆਪ ਖੁਦ ਇਸਨੂੰ ਦੇਖ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ।


