ਕਿਰਤੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਦਾ ਇਜਲਾਸ ਸਫ਼ਲਤਾਪੂਰਵਕ ਸੰਪੰਨ, ਮਹਿੰਦਰ ਸਿੰਘ ਖਾਂਗ ਬਲਾਕ ਪ੍ਰਧਾਨ ਚੁਣੇ

ਮਾਲਵਾ

1 ਸਤੰਬਰ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਮੋਰਚੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ


ਪਾਤੜਾਂ, ਗੁਰਦਾਸਪੁਰ, 6 ਅਗਸਤ (ਸਰਬਜੀਤ ਸਿੰਘ)- ਕਿਰਤੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਦੀਆਂ ਸਰਗਰਮੀਆਂ ਨੂੰ ਮਜ਼ਬੂਤ ਕਰਨ ਲਈ ਅਜਲਾਸ ਪਿੰਡ ਦੇਧਨਾ ਵਿਖੇ ਸਥਿਤ ਡੀ ਹਵੇਲੀ ਵਿੱਚ ਵੱਖ-ਵੱਖ ਪਿੰਡਾਂ ਦੀਆਂ ਚੁਣੀਆਂ ਹੋਈਆਂ ਕਮੇਟੀਆਂ ਦੀ ਭਰਵੀਂ ਹਾਜ਼ਰੀ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਗੁਰਵਿੰਦਰ ਸਿੰਘ ਵੱਲੋਂ ਆਏ ਹੋਏ ਡੈਲੀਗੇਟਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਪਿੰਡਾਂ ਤੋਂ ਪਹੁੰਚੇ ਆਗੂਆਂ ਨੇ ਜਥੇਬੰਦੀ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਕਮਜ਼ੋਰੀਆਂ ‘ਤੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਜਥੇਬੰਧਕ ਤਾਕਤ ਨੂੰ ਹੋਰ ਵਧਾਉਣ ਦਾ ਅਹਿਦ ਲਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਰਮਿੰਦਰ ਪਟਿਆਲਾ ਨੇ ਮੌਜੂਦਾ ਸਿਆਸੀ ਹਾਲਤਾਂ ਅਤੇ ਕਿਸਾਨੀ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ, ਭਾਰਤ-ਅਮਰੀਕਾ ਦਰਮਿਆਨ ਤੈਅ ਹੋ ਰਿਹਾ ਮੁਫ਼ਤ ਵਪਾਰ ਸਮਝੌਤਾ, ਬਿਜਲੀ ਸੋਧ ਬਿਲ ਰਾਹੀਂ ਬਿਜਲੀ ਸੈਕਟਰ ਨੂੰ ਕਾਰਪੋਰੇਟਾਂ ਹਵਾਲੇ ਕਰਨ ਦੀਆਂ ਚਾਲਾਂ ਅਤੇ ਕਿਸਾਨਾਂ ਸਿਰ ਚੜ੍ਹੇ ਕਰਜ਼ਿਆਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਰਿਆਈ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਦੀ ਮੰਗ ਕਰਦਿਆਂ ਆਉਣ ਵਾਲੀ 1 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਮੋਰਚੇ ਲਈ ਕਿਸਾਨਾਂ ਨੂੰ ਵੱਧ-ਚੜ੍ਹ ਕੇ ਤਿਆਰੀਆਂ ਕਰਨ ਅਤੇ ਮੈਦਾਨ ਵਿੱਚ ਡਟਣ ਦਾ ਜ਼ੋਰਦਾਰ ਸੱਦਾ ਦਿੱਤਾ।

ਇਜਲਾਸ ਦੌਰਾਨ ਨਵੀਂ ਕਮੇਟੀ ਦੀ ਚੋਣ ਦੀ ਪ੍ਰਕਿਰਿਆ ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਹਰਿਆਊ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਦੀ ਦੇਖ-ਰੇਖ ਹੇਠ ਨੇਪਰੇ ਚਾੜ੍ਹੀ ਗਈ। ਇਸ ਮੌਕੇ ਗੁਰਵਿੰਦਰ ਸਿੰਘ ਦੇਧਨਾ ਵੱਲੋਂ ਬਲਾਕ ਕਮੇਟੀ ਦਾ ਨਵਾਂ ਪੈਨਲ ਸਦਨ ਅੱਗੇ ਰੱਖਿਆ ਗਿਆ, ਜਿਸ ਨੂੰ ਹਾਜ਼ਰੀਨ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਚੁਣੀ ਗਈ ਨਵੀਂ ਟੀਮ ਵਿੱਚ ਮਹਿੰਦਰ ਸਿੰਘ ਖਾਂਗ ਨੂੰ ਬਲਾਕ ਪ੍ਰਧਾਨ, ਗਗਨਦੀਪ ਸਿੰਘ ਚੂਨਾਗਰਾ ਨੂੰ ਸਕੱਤਰ, ਬਲਜੀਤ ਸਿੰਘ ਦੇਧਨਾ ਨੂੰ ਮੀਤ ਪ੍ਰਧਾਨ, ਕਰਮਜੀਤ ਸਿੰਘ ਪਾਤੜਾਂ ਨੂੰ ਵਿੱਤ ਸਕੱਤਰ ਅਤੇ ਸੁਖਚੈਨ ਸਿੰਘ ਹਰਿਆਊ ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਹਰਜੀਤ ਸਿੰਘ ਅਤੇ ਸਾਧਾ ਸਿੰਘ ਨੂੰ ਬਲਾਕ ਕਮੇਟੀ ਦੇ ਮੈਂਬਰ ਵਜੋਂ ਚੁਣਿਆ ਗਿਆ।

ਅੰਤ ਵਿੱਚ ਨਵ-ਨਿਯੁਕਤ ਬਲਾਕ ਪ੍ਰਧਾਨ ਮਹਿੰਦਰ ਸਿੰਘ ਖਾਂਗ ਨੇ ਜ਼ਿਲ੍ਹਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਗਿੱਲ, ਸਮਾਣਾ ਬਲਾਕ ਦੇ ਪ੍ਰਧਾਨ ਸ਼ੇਰ ਸਿੰਘ ਕਾਕੜਾ, ਕਮੇਟੀ ਮੈਂਬਰ ਜੋਗਾ ਸਿੰਘ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਦਵਿੰਦਰ ਸਿੰਘ ਛੱਬੀਲਪੁਰ ਸਮੇਤ ਸਮੂਹ ਪਿੰਡ ਕਮੇਟੀਆਂ ਦੇ ਆਗੂਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਇਸ ਅਹਿਮ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ

Leave a Reply

Your email address will not be published. Required fields are marked *