ਗੁਰਦਾਸਪੁਰ, 27 ਜੁਲਾਈ ( ਸਰਬਜੀਤ) ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਅੱਜ ਮੰਗਲਵਾਰ ਨੂੰ ਮਿੰਨੀ ਪੀ ਐਚ ਸੀ ਗਿੱਲ ਮੰਜ ਬਲਾਕ ਕਾਹਨੂੰਵਾਨ ਦਾ ਦੌਰਾ ਕੀਤਾ। ਸਿਵਲ ਸਰਜਨ ਨੇ ਚੈਕਿੰਗ ਦੌਰਾਨ ਹਸਪਤਾਲ ਵਿੱਚ ਸਾਫ਼ ਸਫ਼ਾਈ ਦੇ ਪ੍ਰਬੰਧ, ਮਰੀਜ਼ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਬਰੀਕੀ ਚੈੱਕ ਕੀਤਾ। ਸਿਵਲ ਸਰਜਨ ਨੇ ਹਸਪਤਾਲ ਦੀ ਇਮਾਰਤ ਦੀ ਚੈਕਿੰਗ ਕੀਤੀ ਅਤੇ ਉੱਥੇ ਦੇ ਸਟਾਫ਼ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਓਪੀਡੀ ਅਤੇ ਫਾਰਮੇਸੀ ਵਿੱਚ ਮਿਲਣ ਵਾਲੀਆਂ ਦਵਾਈਆਂ ਦੀ ਵੀ ਚੈਕਿੰਗ ਕੀਤੀ ਅਤੇ ਸਟਾਫ਼ ਨੂੰ ਹਦਾਇਤ ਕੀਤੀ ਗਈ ਕਿ ਮਰੀਜ਼ਾਂ ਨੂੰ ਵੱਧ ਤੋਂ ਵੱਧ ਹਸਪਤਾਲ ਵਿੱਚੋਂ ਮਿਲਣ ਵਾਲੀਆਂ ਦਵਾਈਆਂ ਹੀ ਦਿੱਤੀਆਂ ਜਾਣ। ਉਨ੍ਹਾਂ ਸਾਰੇ ਸਟਾਫ ਨੂੰ ਸਮੇਂ ਸਿਰ ਡਿਊਟੀ ਤੇ ਆਉਣ ਦੀ ਵੀ ਹਦਾਇਤ ਕੀਤੀ।
ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਦੇ ਮੌਸਮ ਕਾਰਨ ਡਾਇਰੀਆ ਅਤੇ ਫੰਗਲ ਇਨਫੈਕਸ਼ਨ ਦੇ ਕੇਸ ਵੱਧ ਨਿਕਲਦੇ ਹਨ। ਇਸ ਲਈ ਲੋਕਾਂ ਨੂੰ ਇਸ ਤੋਂ ਬਚਾਅ ਲਈ ਸਾਵਧਾਨ ਰਹਿਣਾ ਚਾਹੀਦਾ ਹੈ। ਲੋਕ ਆਪਣੀ ਸਾਫ਼ ਸਫ਼ਾਈ ਅਤੇ ਪੀਣ ਵਾਲੇ ਸਾਫ਼ ਪਾਣੀ ਦਾ ਧਿਆਨ ਰੱਖਣ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਬਾਹਰੋਂ ਆਉਣ ਵਾਲੇ ਮਰੀਜ਼ਾਂ ਨੂੰ ਹਰ ਵੇਲੇ ਪੀਣ ਦਾ ਸਾਫ ਪਾਣੀ ਮੁਹੱਈਆ ਹੋਣਾ ਚਾਹੀਦਾ ਹੈ। ਉਨ੍ਹਾਂ ਸਿਹਤ ਸਟਾਫ ਨੂੰ ਕਿਹਾ ਕਿ ਲੋਕਾਂ ਨੂੰ ਬਰਸਾਤ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਨਸ਼ਿਆਂ ਵਿਰੁੱਧ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾਵੇ।


