ਮਾਈਕਰੋ ਫਾਈਨਾਂਸ ਕੰਪਨੀਆਂ ਗਰੀਬ ਪਰਿਵਾਰਾਂ ਤੋਂ ਕਰਜੇ ਦੀਆਂ ਜਬਰੀ ਕਿਸ਼ਤਾਂ ਲੈਣੀਆਂ ਬੰਦ ਕਰਨ- ਬੱਖਤਪੁਰਾ

ਗੁਰਦਾਸਪੁਰ

ਮਾਨ ਸਰਕਾਰ ਚੋਣਾਂ ਦੌਰਾਨ ਕਰਜ਼ੇ ਮੁਆਫ਼ ਕਰਨ ਦੀ ਗਰੰਟੀ ਅਨੁਸਾਰ ਮਜ਼ਦੂਰਾਂ ਵਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਲਏ‌ ਕਰਜ਼ਿਆਂ ਦਾ ਭਾਰ ਆਪਣੇ ਨੈਤਿਕ ਜਿੰਮੇਵਾਰੀ ਸਮਝ ਕੇ ਮੁਆਫ ਕਰੇਂ-ਕਾਮਰੇਡ ਬੱਖਤਪੁਰਾ

ਬਟਾਲਾ, ਗੁਰਦਾਸਪੁਰ , 15 ਨਵੰਬਰ (ਸਰਬਜੀਤ ਸਿੰਘ)– ਇੱਥੇ ਸੁਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੀ ਅਗਵਾਈ ਵਿੱਚ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜਾ ਪੀੜਤਾਂ ਨੇ ਰੈਲੀ ਕਰਕੇ ਰੋਹਪੂਰਵਕ ਪ੍ਰਦਰਸ਼ਨ ਕੀਤਾ ਅਤੇ ਐਸ ਡੀ ਐਮ ਬਟਾਲਾ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ।

ਇਸ ਸਮੇਂ ਬੋਲਦਿਆਂ ਮੋਰਚੇ ਦੇ ਸੂਬਾ ਆਗੂ ਗੁਲਜ਼ਾਰ ਸਿੰਘ ਭੁੰਬਲੀ, ਵਿਜੇ ਕੁਮਾਰ ਸੋਹਲ, ਦਲਬੀਰ ਭੋਲਾ ਮਲਕਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮਾਨ ਸਰਕਾਰ ਚੋਣਾਂ ਦੌਰਾਨ ਕਰਜ਼ੇ ਮੁਆਫ਼ ਕਰਨ ਦੀ ਗਰੰਟੀ ਅਨੁਸਾਰ ਮਜ਼ਦੂਰਾਂ ਵਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਲਏ‌ ਕਰਜ਼ਿਆਂ ਦਾ ਭਾਰ ਆਪਣੇ ਨੈਤਿਕ ਜਿੰਮੇਵਾਰੀ ਸਮਝ ਕੇ ਮੁਆਫ ਕਰੇਂ ਕਿਉਂਕਿ ਕਰਜਾ ਧਾਰਕ‌ ਪ੍ਰੀਵਾਰ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਤੋਂ ਅਸਮਰਥ ਹਨ। ਸਰਕਾਰ ਦੁਆਰਾ ਕੋਈ ਪੱਕਾ ਰੁਜ਼ਗਾਰ ਨਾਂ ਦੇਣ ਦੀ ਸੂਰਤ ਵਿੱਚ ਪੀੜ੍ਹਤਾਂ ਵਲੋਂ ਕਰਜ਼ੇ ਦੀਆਂ ਕਿਸ਼ਤਾਂ ਦੇਣੀਆਂ ਸੰਭਵ ਹੀ ਨਹੀਂ। ਭਾਵੇਂ ਕੇਂਦਰ ਸਰਕਾਰ ਵਲੋਂ ਮਨਰੇਗਾ ਰੋਜ਼ਗਾਰ ਸਕੀਮ ਚਲਾਈ ਹੋਈ ਹੈ ਪਰ ਪੰਜਾਬ ਵਿਚ ਭਿਰਸ਼ਟਾਚਾਰ ਅਤੇ ਪ੍ਰਸ਼ਾਸਨ ਦੀਆਂ ਕੋਤਾਹੀਆਂ ਕਰਕੇ 20ਫੀਸਦ ਗਰੀਬਾਂ ‌‌ਨੂੰ ਵੀ ਮਨਰੇਗਾ ਰੋਜ਼ਗਾਰ ਮੁਹਈਆ ਨਹੀਂ ਹੁੰਦਾ ਜਿਸ ਮਜਬੂਰੀ ਕਾਰਨ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਗਰੀਬ ਪਰਿਵਾਰਾਂ ਨੂੰ ਮੋਟੀਆਂ ਵਿਆਜ਼ ਦਰਾਂ ਦੇ ਕਰਜ਼ੇ ਵਿੱਚ ਫ਼ਸਾ ਰਖਿਆ ਹੈ। ਮਜ਼ਦੂਰ ਆਗੂਆਂ ਕੰਪਨੀਆਂ ਦੇ ਕਰਿੰਦਿਆਂ ਉਪਰ ਜਬਰੀ ਕਿਸ਼ਤਾਂ ਦੀ ਉਗਰਾਹੀ ਕਰਨ ਦਾ ਦੋਸ ਲਾਉਂਦਿਆਂ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਬਰੀ ਕਿਸ਼ਤਾਂ ਲੈਣੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਮੋਰਚਾ ਕੰਪਨੀਆਂ ਦੇ ਦਫ਼ਤਰਾਂ ਦਾ ਘਿਰਾਓ ਕਰੇਗਾ। ਆਗੂਆਂ ਇਨ੍ਹਾਂ ਕੰਪਨੀਆਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਰਜ਼ੇ ਵਿੱਚ ਦਿੱਤੀ ਜਾ ਰਹੀ ਰਕਮ ਵੱਡੇ ਵੱਡੇ ਰਾਜਨੀਤੀਵਾਨਾਂ ਅਤੇ ਅਮੀਰਾਂ ਦਾ ਕਾਲਾ ਧੰਨ ਹੈ ਜਿਸ ਬਾਬਤ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ। ਰੈਲੀ ਵਿਚ ਇਹ ਵੀ ਮੰਗ ਕੀਤੀ ਗਈ ਕਿ ਮਾਨ ਸਰਕਾਰ ਮਾਰਚ 2022 ਤੋਂ ਔਰਤਾਂ ਨੂੰ 1000 ਰੁਪਏ ਮਹੀਨਾ ਸਹਾਇਤਾ ਦੇਣ ਦੀ ਗਰੰਟੀ ਬਕਾਇਆ ਸਮੇਤ ਲਾਗੂ ਕਰੇ। ਰੈਲੀ ਨੇ ਮਤਾ ਪਾਸ ਕੀਤਾ ਕਿ ਸਰਕਾਰ ਆਪਣੀ ਚੋਣ ਗਰੰਟੀ ਅਨੁਸਾਰ ਨਸ਼ਿਆਂ ਨੂੰ ਖਤਮ ਕਰਨ ਲਈ ਜ਼ਮੀਨੀ ਪੱਧਰ ਤੇ ਕਾਰਵਾਈ ਕਰੇ। ਇਹ ਵੀ ਮਤਾ ਪਾਸ ਕੀਤਾ ਗਿਆ ਕਿ ਕਰੀਬ ਬੀਤੇ 38 ਦਿਨਾਂ ਤੋ ਇਜ਼ਰਾਈਲ ਦੁਆਰਾ ਫਲੀਸਤੀਨੀਆ ‌ਦੀ‌ ਨਸਲਕੁਸ਼ੀ ਕਰਨ ਵਰਗੀ‌‌ ਜੰਗ ਬੰਦ ਕਰੇ ਅਤੇ ਯੂ ਐਨ ਓ ਫਲੀਸਤੀਨੀਆ ਨੂੰ ਆਪਣਾਂ ਦੇਸ਼ ਬਨਾਉਣ ਦੀ ਜ਼ਮੀਨ ਮੁਹਈਆ ਕਰਨ ਦਾ ਰੋਲ ਅਦਾ ਕਰੇ। ਇਸ ਸਮੇਂ ਕੁਲਦੀਪ ਰਾਜੂ, ਅਮਰਜੀਤ ਮਸਾਣੀਆਂ, ਕਸ਼ਮੀਰ ਕੌਰ ਸੰਦਲੀ,ਛਿਦਰ‌ ਤਲਵੰਡੀ ਭਰਥ‌, ਚਰਨਜੀਤ ਕੌਰ ਮਤੇਨੰਗਲ,ਬੀਰੋ‌‌ ਉਦੋਕੇ, ਹਰਪ੍ਰੀਤ ਉਦੋਂ ਕੇ, ਕੁਲਵਿੰਦਰ ਕੌਰ ਮਹੇਸ਼ ਡੋਗਰ ਅਤੇ ਸੋਨੀ ਭਾਮ ਹਾਜ਼ਰ ਸਨ

Leave a Reply

Your email address will not be published. Required fields are marked *