ਲਿਬਰੇਸ਼ਨ ਨੇ ਸੂਬਾ ਪਧਰੀ ਮੀਟਿੰਗ ਵਿੱਚ ਪ੍ਰਾਂਤਕ, ਕੌਮੀ ਅਤੇ ਕੌਮਾਂਤਰੀ ਹਾਲਤਾਂ ਉਪਰ ਕੀਤੀ ਚਰਚਾ

ਗੁਰਦਾਸਪੁਰ

ਬਟਾਲਾ, ਗੁਰਦਾਸਪੁਰ, 26 ਅਕਤੂਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਗੁਲਜ਼ਾਰ ਸਿੰਘ ਭੁੰਬਲੀ ਦੀ ਪ੍ਰਧਾਨਗੀ ਹੇਠ ਕੀਤੀ ਆਪਣੀ ਦੋ ਦਿਨਾਂ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ, ਦੇਸ਼ ਅਤੇ ਕੌਮਾਂਤਰੀ ਹਾਲਤਾਂ ਉਪਰ ਗੰਭੀਰ ਵਿਚਾਰ ਚਰਚਾ ਕੀਤੀ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮੀਟਿੰਗ ਵਿੱਚ ਵੱਖ ਵੱਖ ਮੱਤੇ ਪਾਸ ਕੀਤੇ ਗਏ।ਇਕ ਮਤੇ ਵਿੱਚ ਪੰਜਾਬ ਸਰਕਾਰ ਵੱਲੋਂ 8 ਘੰਟੇ ਦੀ ਬਜਾਏ 12 ਘੰਟੇ ਦੀ ਕੰਮ ਦਿਹਾੜੀ ਕਰਨ ਦੀ ਨਿੰਦਾ ਕਰਦਿਆਂ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ, ਇਹ ਵੀ ਮੰਗ ਕੀਤੀ ਗਈ ਕਿ ਪ੍ਰੋਫੈਸਰ ਬਲਵਿੰਦਰ ਕੌਰ ਵਲੋਂ ਆਪਣੇ ਖੁਦਕੁਸ਼ੀ ਨੋਟ ਵਿੱਚ ਨਾਮਜ਼ਦ ਕੀਤੇ ਗਏ ਸਿਖਿਆ ਮੰਤਰੀ ਹਰਜੋਤ ਸਿੰਘ‌ ਵਿਰੁੱਧ ਪੰਜਾਬ ਪੁਲਿਸ ਵਲੋਂ 306 ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ, ਸੂਬਾ ਕਮੇਟੀ ਨੇ ਦੇਸ਼ ਪਧਰ ਉਪਰ ਜਾਤੀ ਅਧਾਰਿਤ ਜਨਗਣਨਾ ਨੂੰ ਦਰੁਸਤ ਦਸਦਿਆਂ ਕਿਹਾ ਕਿ ਸਾਡੀ ਪਾਰਟੀ ਆਰਥਿਕ ਅਤੇ ਸਮਾਜਿਕ ਨਾਬਰਾਬਰੀ ਨੂੰ ਦੂਰ ਕਰਨ ਲਈ‌ ਜਾਤੀ, ਆਰਥਿਕ ਅਤੇ ਸਮਾਜਿਕ ਪਛੜੇਪਨ ਦੀ ਜਨਗਣਨਾ ਨੂੰ ਕਰਾਉਣਾ ਜ਼ਰੂਰੀ ਸਮਝਦੀ ਹੈ।
ਲਿਬਰੇਸ਼ਨ ਸੂਬਾ ਕਮੇਟੀ ਦੀ ਮੀਟਿੰਗ ਨੇ ਮਤਾ ਪਾਸ ਕੀਤਾ ਕਿ ਇਜ਼ਰਾਈਲ ਫਲੀਸਤੀਨੀਆ ਦਾ ਫਾਸਿਸਟ ਕਿਸਮ ਦਾ ਜ਼ਬਰ ਜ਼ੁਲਮ ਬੰਦ ਕਰੇ‌, ਸੰਯੁਕਤ ਰਾਸ਼ਟਰ ਸੰਘ ਅਤੇ ਵਿਸ਼ਵ ਭਾਈਚਾਰਾ ਫਲੀਸਤੀਨੀਆ ਨੂੰ ਵਖਰਾ ਦੇਸ਼ ਬਨਾਉਣ ਦੀ ਧਰਤੀ ਮੁਹਈਆ ਕਰਕੇ ਵੱਖਰਾ ਦੇਸ਼ ਬਣਾ ਕੇ ਦੇਵੇ, ਮਤੇ ਰਾਹੀਂ ਅਮਰੀਕਾ, ਬਰਤਾਨੀਆ ਅਤੇ ਹੋਰ ਯੂਰਪੀ ਦੇਸ਼ਾਂ ਵਲੋਂ ਇਜ਼ਰਾਈਲ ਨੂੰ ਦਿੱਤੀ ਜਾ ਰਹੀ ਫੌਜੀ ਮਦਦ ਦੀ ਨਿਖੇਧੀ ਕਰਦਿਆਂ ਕਿਹਾ ਕਿ ਹਮਸ ਤੋਂ ਇਜ਼ਰਾਈਲ ਵੱਡਾ ਅਤਵਾਦੀ ਦੇਸ਼ ਹੈ ਜੋ ਆਮ ਫਲੀਸਤੀਨੀਆ ਦੀ ਨਸਲਕੁਸ਼ੀ ਕਰਨ ਲਈ ਬਜਿੱਦ ਹੈ । ਲਿਬਰੇਸ਼ਨ ਨੇ ਫੈਸਲਾ ਲਿਆ ਕਿ ਫਲੀਸਤੀਨੀਆ ਦੇ ਹੱਕ ਵਿੱਚ ਅਤੇ ਇਜ਼ਰਾਈਲ ਦੇ ਅੱਤਵਾਦ ਵਿਰੁੱਧ 28 ਅਕਤੂਬਰ ਨੂੰ ਸਾਰੇ ਪੰਜਾਬ ਵਿੱਚ ਮੁਜ਼ਾਹਰੇ ਕੀਤੇ ਜਾਣਗੇ ਅਤੇ ਇਜ਼ਰਾਈਲ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਹ ਵੀ ਤਹਿ ਕੀਤਾ ਗਿਆ ਕਿ 12 ਘੰਟੇ ਦਾ ਨੋਟੀਫਿਕੇਸ਼ਨ ਰੱਦ ਕਰਾਉਣ ਲਈ 7 ਨਵੰਬਰ ਨੂੰ ਸਹਾਇਕ ਕਿਰਤ ਦਫ਼ਤਰਾਂ ਮੋਹਰੇ ਪ੍ਰਦਰਸ਼ਨ ਕੀਤੇ ਜਾਣਗੇ।ਮੀਟਿੰਗ ਵਿੱਚ ਰੁਲਦੂ ਸਿੰਘ ਮਾਨਸਾ, ਸੁਦਰਸ਼ਨ ਨੱਤ, ਰਾਜਵਿੰਦਰ ਰਾਣਾ, ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਝਾਮਕਾ, ਜਸਬੀਰ ਕੌਰ ਹੇਰ, ਬਿੰਦਰ ਅਲਖ, ਗੁਰਜੰਟ ਸਿੰਘ, ਵਿਜੇ ਸੋਹਲ, ਗੋਬਿੰਦ ਛਾਜਲੀ‌ ਅਤੇ ਗੁਰਪ੍ਰੀਤ ਸਿੰਘ ਰੂੜੇਕੇ ਸ਼ਾਮਲ ਸਨ

Leave a Reply

Your email address will not be published. Required fields are marked *