16 ਅਗਸਤ ਤੋਂ ਸ਼ੁਰੂ ਹੋਣ ਵਾਲੇ ਦਿੱਲੀ ਪੈਦਲ ਮਾਰਚ ਲਈ ਕਿਸਾਨਾਂ ਨੂੰ ਲਾਮਬੰਧ ਕਰਨ ਦਾ ਸੱਦਾ
ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)– ਪਿੰਡ ਕੈਲੇ ਕਲਾਂ ਵਿਖੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੀ ਇੱਕ ਭਰਵੀਂ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਭਾਰਤ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ 16 ਅਗਸਤ 2026 ਨੂੰ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਸ਼ਹੀਦੀ ਅਸਥਾਨ ਖਨੌਰੀ ਬਾਰਡਰ–ਦਾਤਾਸਿੰਘਵਾਲਾ ਤੋਂ ਜੰਤਰ-ਮੰਤਰ, ਦਿੱਲੀ ਤੱਕ ਪੈਦਲ ਮਾਰਚ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਮਾਰਚ 29 ਅਗਸਤ 2026 ਨੂੰ ਜੰਤਰ-ਮੰਤਰ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਸਮੂਹ ਕਿਰਤੀ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀਆਂ ਮੁੱਖ ਮੰਗਾਂ ਵਿੱਚ ਭਾਰਤ–ਅਮਰੀਕਾ ਦੁਵੱਲੇ ਵਪਾਰ ਸਮਝੌਤੇ ਵਿੱਚੋਂ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਖੇਤਰ ਨੂੰ ਬਾਹਰ ਰੱਖਣਾ, ਹੋਰ ਦੇਸ਼ਾਂ ਨਾਲ ਹੋਏ ਕਿਸਾਨ ਵਿਰੋਧੀ ਸਮਝੌਤੇ ਰੱਦ ਕਰਨਾ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ C2+50% ਫਾਰਮੂਲੇ ਅਨੁਸਾਰ ਐਮਐਸਪੀ ‘ਤੇ ਗਰੰਟੀ ਕਾਨੂੰਨ ਬਣਾਉਣਾ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ ਮੁਕਤ ਕਰਨਾ ਅਤੇ ਕਿਸਾਨ ਅੰਦੋਲਨ ਦੌਰਾਨ ਕੀਤੇ ਸਾਰੇ ਲਿਖਤੀ ਵਾਅਦੇ ਤੁਰੰਤ ਪੂਰੇ ਕਰਕੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨਾ ਸ਼ਾਮਲ ਹਨ।
ਉਨ੍ਹਾਂ ਅੱਗੇ ਕਿਹਾ ਕਿ ਬਿਜਲੀ ਸੋਧ ਬਿੱਲ ਦੇ ਤਹਿਤ ਸੂਬੇ ਵਿੱਚ ਲਗਾਏ ਜਾ ਰਹੇ ਚਿੱਪ ਵਾਲੇ ਸਮਾਰਟ ਮੀਟਰ ਬਿਜਲੀ ਖੇਤਰ ਦੇ ਨਿੱਜੀਕਰਨ ਵੱਲ ਇੱਕ ਕਦਮ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨੀਤੀ ਨਾਲ ਆਮ ਲੋਕਾਂ ‘ਤੇ ਵਾਧੂ ਆਰਥਿਕ ਬੋਝ ਪਵੇਗਾ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦਾ ਸਾਥ ਦੇਣ ਅਤੇ ਬਿਜਲੀ ਦੇ ਨਿੱਜੀਕਰਨ ਵਿਰੁੱਧ ਇਕਜੁੱਟ ਹੋਣ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਬਾਂਗਰ, ਧਾਰੀਵਾਲ ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਬੜੋਏ, ਸਰਪੰਚ ਜਸਵੰਤ ਸਿੰਘ, ਰਜਿੰਦਰ ਸਿੰਘ ਬਾਠ, ਜਗਜੀਤ ਸਿੰਘ, ਉੱਘੇ ਕਬੱਡੀ ਪ੍ਰਮੋਟਰ ਗੁਰਮੇਜ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਪਾਲ ਸਿੰਘ, ਸੂਬੇਦਾਰ ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਹਰਜਿੰਦਰ ਸਿੰਘ, ਬਲਰਾਜ ਸਿੰਘ ਲਵਲੀ, ਮਾਸਟਰ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।


