ਅਧਿਕਾਰੀਆਂ ਵੱਲੋਂ ਖੇਤਾਂ ਤੱਕ ਪਹੁੰਚ ਕਰਕੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਕੀਤਾ ਜਾ ਰਿਹਾ ਜਾਗਰੂਕ
ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਪਰਾਲੀ ਦੀ ਅੱਗ ਨੂੰ ਰੋਕਣ ਲਈ ਪ੍ਰਭਾਸ਼ਾਲੀ ਢੰਗ ਨਾਲ ਵਿਸ਼ੇਸ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਬਲਾਕ ਵਾਈਜ਼ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਪਰਾਲੀ ਨੂੰ ਲੱਗ ਰਹੀ ਅੱਗ ਦੇ ਰੁਝਾਨ ਨੂੰ ਰੋਕਿਆ ਜਾ ਸਕੇ।
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਖੇਤਾਂ ਤੱਕ ਪਹੁੰਚ ਕਰਕੇ ਕਿਸਾਨਾਂ ਨੂੰ ਪਾਰਲੀ ਨਾ ਸਾੜਨ ਦੇ ਲਾਭ ਅਤੇ ਪਰਾਲੀ ਸਾੜਨ ਦੇ ਨੁਕਸਾਨ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹੇ ਅੰਦਰ ਪਰਾਲੀ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਬਲਾਕ ਵਾਈਜ਼ ਅਧਿਕਾਰੀਆਂ ਦੀ ਡਿਊਟੀ ਬਤੌਰ ਸੈਕਟਰ ਅਫਸਰ ਲਗਾਈ ਹੈ ਅਤੇ ਇਹ ਅਧਿਕਾਰੀ ਅਲਾਟ ਸੜਕਾਂ ਦੇ ਉੱਪਰ ਨਜ਼ਰ ਰੱਖਦੇ ਹਨ। ਜੇਕਰ ਉਨਾਂ ਦੇ ਅਧਿਕਾਰ ਖੇਤਰ ਵਿਚ ਕੋਈ ਅੱਗ ਲੱਗਣ ਸਬੰਧੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਸੈਕਟਰ ਅਫਸਰ ਉਸ ਸਬੰਧੀ ਸੂਚਨਾ ਕਾਰਜਕਾਰੀ ਇੰਜੀਨਅਰ ਪ੍ਰਦੂਸ਼ਣ ਕੰਟਰੋਲ ਬੋਰਡ ਬਟਾਲਾ ਅਤੇ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੂੰ ਦਿੰਦੇ ਹਨ। ਇਹ ਅਧਿਕਾਰੀ ਸਬੰਧਤ ਅੱਗ ਲੱਗਣ ਵਾਲ ਸਥਾਨਾਂ ਤੇ ਆਪਣੀ ਟੀਮ ਭੇਜ ਕੇ ਅੱਗੇ ਨੂੰ ਬੁਝਾੳਂਦੇ ਹਨ ਤੇ ਜੇਕਰ ਫਾਇਰ ਬ੍ਰਿਗੇਡ ਦੀ ਲੋੜ ਹੋਵੇ ਤਾਂ ਉਹ ਵੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸ ਢੰਗ ਨਾਲ ਜ਼ਿਲ੍ਹੇ ਅੰਦਰ ਪਰਾਲੀ ਦੇ ਸਾੜਨ ਦੇ ਰੁਝਾਨ ਨੂੰ ਘਟਾਇਆ ਗਿਆ ਹੈ।
ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਲੈਣ ਲਈ ਖੇਤੀਬਾੜੀ ਵਿਭਾਗ ਨਾਲ ਰਾਬਤਾ ਕੀਤਾ ਜਾ ਸਕਦਾ ਹੈ।