ਕਾਕੀਨਾੜਾ ਵਿਖੇ 1923 ਵਿਚ ਕਾਂਗਰਸ ਦਾ ਅਜਲਾਸ ਹੋਇਆ

ਗੁਰਦਾਸਪੁਰ

ਅਛੂਤ ਦਾ ਸਵਾਲ

ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– (ਕਾਕੀਨਾੜਾ ਵਿਖੇ 1923 ਵਿਚ ਕਾਂਗਰਸ ਦਾ ਅਜਲਾਸ ਹੋਇਆ। ਮੁਹੰਮਦ ਅਲੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ, ਅੱਜਕਲ੍ਹ ਦੀਆਂ ਅਨੁਸੂਚਿਤ ਜਾਤੀਆਂ ਦੇ ਮੈਂਬਰ, ਜਿਹਨਾਂ ਨੂੰ ਉਦੋਂ ਅਛੂਤ ਕਿਹਾ ਜਾਂਦਾ ਸੀ, ਨੂੰ ਹਿੰਦੂ ਤੇ ਮੁਸਲਮਾਨ ਮਿਸ਼ਨਰੀ ਸੰਸਥਾਵਾਂ ਵਿਚ ਵੰਡ ਦੇਣ ਦਾ ਸੁਝਾਅ ਦਿੱਤਾ। ਅਮੀਰ ਮੁਸਲਮਾਨ ਇਸ ਲਈ ਪੈਸੇ ਦੇਣ ਲਈ ਤਿਆਰ ਹੋਏ ਸਨ ਜਿਸ ਨੇ ਅਜਿਹੇ ਸੁਝਾਅ ਨੂੰ ਜਨਮ ਦਿੱਤਾ। ਇਸੇ ਤਰ੍ਹਾਂ ਮਜ਼ਹਬੀ ਤੌਰ ‘ਤੇ ਵੰਡ ਨੂੰ ਪੱਕਿਆਂ ਕਰਨ ਲਈ ਬਿਰਲੇ ਨੇ ਵੀ ਹਿੰਦੂ ਅਛੂਤ ਉਦਾਰ ਕਮੇਟੀ ਬਣਾਉਣ ਲਈ ਪੈਸੇ ਦੇਣ ਲਈ ਹੱਥ ਅੱਗੇ ਵਧਾਇਆ।
ਇਸ ਤਰ੍ਹਾਂ ਅਛੂਤਾਂ ਦੇ ‘ਦੋਸਤ’ ਉਹਨਾਂ ਨੂੰ ਧਰਮ ਦੇ ਨਾਂ ਤੇ ਪਾੜਨ ਦੇ ਯਤਨ ਕਰਦੇ ਸਨ। ਅਜਿਹੀ ਬਹਿਸ ਦੇ ਸਮੇਂ ਭਗਤ ਸਿੰਘ ਨੇ ਅਛੂਤ ਦਾ ਸਵਾਲḔ ਨਾਂ ਦਾ ਲੇਖ ਲਿਖਿਆ। ਜੋ ਇਸ ਕਿਰਤੀ ਵਰਗ ਦੀ ਤਾਕਤ ਤੇ ਕਮਜ਼ੋਰੀ ਦਾ ਜਾਇਜ਼ਾ ਲੈ ਕੇ, ਉਹਨਾਂ ਨੂੰ ਤਰੱਕੀ ਕਰਨ ਲਈ ਠੋਸ ਸੁਝਾਅ ਦਿੰਦਾ ਹੈ। ਇਹ ਲੇਖ ਜੂਨ, 1928 ਦੇ ‘ਕਿਰਤੀ’ ‘ਚ ‘ਵਿਦਰੋਹੀ’ ਦੇ ਕਲਮੀ ਨਾਂ ਹੇਠ ਛਪਿਆ ਸੀ। – ਜਗਮੋਹਨ ਸਿੰਘ)
ਸਾਡੇ ਮੁਲਕ ਜਿੰਨੀ ਭੈੜੀ ਹਾਲਤ ਕਿਸੇ ਹੋਰ ਮੁਲਕ ਦੀ ਨਹੀਂ ਹੋਣੀ। ਇੱਥੇ ਅਜੀਬ ਤੋਂ ਅਜੀਬ ਸਵਾਲ ਪੈਦਾ ਹੋਏ ਹੁੰਦੇ ਹਨ। ਇਕ ਬੜਾ ਭਾਰੀ ਸਵਾਲ ਅਛੂਤ ਦਾ ਹੈ। ਸਵਾਲ ਇਹ ਕੀਤਾ ਜਾਂਦਾ ਹੈ ਕਿ 30 ਕਰੋੜ ਦੀ ਆਬਾਦੀ ਵਾਲੇ ਮੁਲਕ ਵਿਚ ਜੋ 6 ਕਰੋੜ ਆਦਮੀ ਅਛੂਤ ਕਹਾਉਂਦੇ ਹਨ, ਉਹਨਾਂ ਨਾਲ ਛੂਹ ਲੈਣ ਨਾਲ ਧਰਮ ਭ੍ਰਿਸ਼ਟ ਤੇ ਨਾ ਹੋਵੇਗਾ? ਕੀ ਉਨ੍ਹਾਂ ਨੂੰ ਮੰਦਰਾਂ ਵਿਚ ਜਾਣ ਦੇਣ ਨਾਲ ਦੇਵਤੇ ਨਰਾਜ਼ ਤੇ ਨਾ ਹੋ ਜਾਣਗੇ? ਕੀ ਉਨ੍ਹਾਂ ਦੇ ਖੂਹ ਤੋਂ ਪਾਣੀ ਕੱਢ ਲੈਣ ਨਾਲ ਖੂਹ ਪਲੀਤ ਤੇ ਨਾ ਹੋ ਜਾਵੇਗਾ? ਇਹ ਸਵਾਲ ਵੀਹਵੀਂ ਸਦੀ ਵਿਚ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਕਿ ਸੁਣਦਿਆਂ ਹੀ ਸ਼ਰਮ ਆਉਂਦੀ ਹੈ।
ਸਾਡਾ ਮੁਲਕ ਬੜਾ ਅਧਿਆਤਮਵਾਦੀ ਯਾਨੀ ਰੁਹਾਨੀਅਤ ਪਸੰਦ ਹੈ, ਅਸੀਂ ਮਨੁੱਖ ਨੂੰ ਮਨੁੱਖ ਦਾ ਦਰਜਾ ਦੇਣੋਂ ਵੀ ਝਕਦੇ ਹਾਂ ਤੇ ਉਹ ਬਿਲਕੁਲ ਹੀ ਮਾਇਆਵਾਦੀ ਕਹਾਉਣ ਵਾਲਾ ਯੂਰਪ ਕਈ ਸਦੀਆਂ ਤੋਂ ਇਕਮਈ ਦਾ ਸ਼ੋਰ ਮਚਾ ਰਿਹਾ ਹੈ। ਉਹਨਾਂ ਬਰਾਬਰੀ ਦਾ ਐਲਾਨ ਅਮਰੀਕਾ ਅਤੇ ਫਰਾਂਸ ਦੇ ਇਨਕਲਾਬ ਵਿਚ ਹੀ ਕਰ ਦਿੱਤਾ ਸੀ ਤੇ ਅੱਜ ਰੂਸ ਨੇ ਹੋਰ ਵੀ ਕਿਸੇ ਕਿਸਮ ਦਾ ਭਿੰਨ ਭੇਦ ਮਿਟਾਉਣ ਦੀ ਖਾਤਰ ਇਕ ਮਈ ਦੇ ਅਸੂਲ ‘ਤੇ ਲੱਕ ਬੱਧਾ ਹੋਇਆ ਹੈ ਤੇ ਅਸੀਂ ਸਦਾ ਹੀ ਆਤਮਾ ਪਰਮਾਤਮਾ ਦੇ ਰੋਣੇ ਰੋਣ ਵਾਲੇ ਅੱਜ ਵੀ ਅਸੀਂ ਇਸ ਗੱਲ ‘ਤੇ ਜ਼ੋਰ ਨਾਲ ਬਹਿਸ ਕਰਕੇ ਕਿ ਕੀ ਅਛੂਤਾਂ ਨੂੰ ਜਨੇਊ ਦੇ ਦਿੱਤਾ ਜਾਵੇਗਾ, ਕੀ ਉਹ ਵੇਦ ਸ਼ਾਸਤਰ ਪੜ੍ਹਨ ਦੇ ਹੱਕਦਾਰ ਹਨ ਕਿ ਨਹੀਂ। ਅਸੀਂ ਨਾ ਮਨਜ਼ੂਰ ਕਰ ਦਿੰਦੇ ਹਾਂ ਅਤੇ ਸਾਨੂੰ ਸ਼ਿਕਾਇਤ ਇਹ ਹੈ ਕਿ ਦੂਜੇ ਮੁਲਕਾਂ ਵਿਚ ਸਾਡੇ ਨਾਲ ਸਲੂਕ ਚੰਗਾ ਨਹੀਂ ਹੁੰਦਾ। ਗੋਰੇਸ਼ਾਹੀ ਵਿਚ ਸਾਨੂੰ ਗੋਰੇ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਹੈ, ਸਾਨੂੰ ਇਹ ਸ਼ਿਕਾਇਤ ਕਰਨ ਦਾ ਹੱਕ ਹੀ ਕੀ ਹੈ?
ਸਿੰਧ ਦੇ ਇਕ ਮੁਸਲਮਾਨ ਸੱਜਣ ਮਿ. ਨੂਰ ਮੁਹੰਮਦ ਮੈਂਬਰ ਬੰਬਈ ਕੌਂਸਲ ਨੇ ਇਸ ਮਾਮਲੇ ‘ਤੇ 1926 ਵਿਚ ਖੂਬ ਕਿਹਾ ਸੀ-
“If the Hindu Society refuses to allow other human beings, fellow creatures so that to attend public schools, and if…. the President of local board representing so many lakhs of people in this house refuses to allow his fellow and brothers the elementary human right of having water to drink, what right have they to ask for more rights from the bureaucracy? Before we accuse people coming from other lands, we should see how we ourselves bahave toward our own people… How can we ask for greather politicial rights when we ourselves deny elementary rights of human beings.”
ਉਹ ਕਹਿੰਦੇ ਹਨ ਕਿ ਜਦੋਂ ਤੁਸੀਂ ਇਕ ਇਨਸਾਨ ਨੂੰ ਪੀਣ ਵਾਸਤੇ ਪਾਣੀ ਦੇਣ ਤੋਂ ਇਨਕਾਰੀ ਹੋ, ਜਾਂ ਜਦੋਂ ਤੁਸੀਂ ਉਹਨਾਂ ਨੂੰ ਮਦਰੱਸੇ ਵਿਚ ਪੜ੍ਹਨ ਵੀ ਨਹੀਂ ਦਿੰਦੇ ਤਾਂ ਤੁਹਾਡਾ ਕੀ ਹੱਕ ਹੈ ਕਿ ਆਪਣੇ ਵਾਸਤੇ ਹੋਰ ਹਕੂਕ ਮੰਗੋ? ਜਦ ਤੁਸੀਂ ਇਕ ਇਨਸਾਨ ਦੇ ਸਧਾਰਨ ਅਧਿਕਾਰ ਦੇਣ ਤੋਂ ਵੀ ਇਨਕਾਰੀ ਹੋ, ਤਾਂ ਤੁਸੀਂ ਹੋਰ ਪੁਲੀਟੀਕਲ ਹੱਕ ਮੰਗਣ ਦੇ ਅਧਿਕਾਰੀ ਕਿੱਥੋਂ ਬਣ ਗਏ? ਗੱਲ ਬੜੀ ਸੱਚੀ ਹੈ, ਪਰ ਇਹ ਕਿਉਂਕਿ ਇਕ ਮੁਸਲਮਾਨ ਨੇ ਕਹੀ ਹੈ, ਇਸ ਵਾਸਤੇ ਹਿੰਦੂ ਕਹਿਣ ਲੱਗ ਪੈਂਦੇ ਹਨ, ਦੇਖੋ ਜੀ, ਉਹ ਉਹਨਾਂ ਅਛੂਤਾਂ ਨੂੰ ਮੁਸਲਮਾਨ ਬਣਾ ਕੇ ਆਪਣੇ ਵਿਚ ਰਲਾਉਣਾ ਚਾਹੁੰਦੇ ਹਨ। ਉਹਨਾਂ ਤੇ ਸਾਫ ਮੰਨ ਲਿਆ ਹੈ ਕਿ ਜਦੋਂ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਪਸ਼ੂਆਂ ਨਾਲੋਂ ਵੀ ਗਿਆ ਗੁਜ਼ਰਿਆ ਸਮਝੋਗੇ ਤੇ ਉਹ ਜ਼ਰੂਰ ਹੀ ਦੂਜਿਆਂ ਮਜ਼੍ਹਬਾਂ ਵਿਚ ਜਾ ਸ਼ਾਮਲ ਹੋਣਗੇ। ਜਿਹਨਾਂ ਵਿਚ ਕਿ ਉਹਨਾਂ ਨੂੰ ਵਧੇਰੇ ਅਧਿਕਾਰ ਮਿਲਣਗੇ, ਜਿੱਥੇ ਕਿ ਉਹਨਾਂ ਨਾਲ ਆਦਮੀਆਂ ਵਾਲਾ ਸਲੂਕ ਕੀਤਾ ਜਾਵੇਗਾ। ਫਿਰ ਇਹ ਕਹਿਣਾ ਕਿ ਦੇਖੋ ਜੀ ਈਸਾਈ ਤੇ ਮੁਸਲਮਾਨ ਹਿੰਦੂ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਹਨ, ਫਜ਼ੂਲ ਹੋਵੇਗਾ।
ਕਿੱਡੀ ਸੱਚੀ ਗੱਲ ਹੈ ਪਰ ਇਹ ਸੁਣ ਕੇ ਸਾਰੇ ਤੜਪ ਉੱਠਦੇ ਹਨ। ਖੈਰ! ਠੀਕ ਇਸੇ ਗੱਲ ਦਾ ਫਿਕਰ ਹਿੰਦੂਆਂ ਨੂੰ ਵੀ ਪਿਆ। ਸਨਾਤਨੀ ਪੰਡਿਤ ਵੀ ਕੁਝ ਕੁ ਇਸ ਮਸਲੇ ‘ਤੇ ਸੋਚਣ ਲੱਗੇ। ਵਿਚ ਵਿਚ ਬੜੇ “ਯੁੱਗ ਪਲਟਾਊ” ਕਹਾਉਣ ਵਾਲੇ ਵੀ ਸ਼ਾਮਲ ਹੋਏ। ਪਟਨਾ ਹਿੰਦੂ ਮਹਾਂ ਸਭਾ ਹੋਈ। ਲਾਲਾ ਲਾਜਪਤ ਰਾਏ, ਜਿਹੜੇ ਕਿ ਅਛੂਤਾਂ ਦੇ ਬੜੇ ਪੁਰਾਣੇ ਹਾਮੀ ਚਲੇ ਆਉਂਦੇ ਹਨ, ਪ੍ਰਧਾਨ ਸਨ। ਬੜੀ ਬਹਿਸ ਛਿੜੀ, ਗਰਮਾ-ਗਰਮ ਝੜਪਾਂ ਹੋਈਆਂ, ਮਾਮਲਾ ਇਹ ਦਰਪੇਸ਼ ਸੀ ਕਿ ਕੀ ਅਛੂਤਾਂ ਨੂੰ ਯਗੋ-ਪਵੀਤ (ਜਨੇਊ) ਪਾਉਣ ਦਾ ਹੱਕ ਹੈ? ਤੇ ਕੀ ਉਹਨਾਂ ਨੂੰ ਵੇਦ ਸ਼ਾਸਤਰ ਪੜ੍ਹਨ ਦਾ ਹੱਕ ਹੈ? ਬੜੇ ਬੜੇ ਸਮਾਜ ਸੁਧਾਰਕ ਗਰਮ ਹੋ ਪਏ, ਪਰ ਲਾਲਾ ਜੀ ਨੇ ਸਭ ਨੂੰ ਸਮਝਾ ਲਿਆ ਤੇ ਇਹ ਦੋਵੇਂ ਗੱਲਾਂ ਮਨਜ਼ੂਰ ਕਰਕੇ ਹਿੰਦੂ ਧਰਮ ਦੀ ਲਾਜ ਰੱਖ ਲਈ। ਨਹੀਂ ਤਾਂ ਕਿੱਥੇ ਠਿਕਾਣਾ ਸੀ, ਜ਼ਰਾ ਸੋਚੋ ਤਾਂ ਸਹੀ ਕਿੱਡੀ ਸ਼ਰਮ ਦੀ ਗੱਲ ਹੈ। ਕੁੱਤਾ ਸਾਡੀ ਗੋਦ ਵਿਚ ਬੈਠ ਸਕਦਾ ਹੈ, ਸਾਡੇ ਚੌਂਕੇ ਵਿਚ ਨਿਸ਼ੰਗ ਫਿਰਦਾ ਹੈ ਪਰ ਇਕ ਆਦਮੀ ਸਾਡੇ ਨਾਲ ਛੂਹ ਜਾਵੇ ਤਾਂ ਬੱਸ ਧਰਮ ਖਰਾਬ ਹੋ ਜਾਂਦਾ ਹੈ, ਫੇਰ ਤਾਂ ਪੰਡਿਤ ਮਾਲਵੀਆ ਜੀ ਜੈਸੇ ਬੜੇ ਸਮਾਜ ਸੁਧਾਰਕ, ਅਛੂਤਾਂ ਦੇ ਬੜੇ ਪ੍ਰੇਮ ਹੋਰ ਵੀ ਨਾ ਜਾਣੇ ਕੀ ਕੀ ਪਹਿਲੋਂ ਇਕ ਚੂਹੜੇ ਦੇ ਹੱਕੋਂ ਹਾਰ ਪੁਆ ਲੈਂਦੇ ਹਨ, ਪਿੱਛੋਂ ਕੱਪੜਿਆਂ ਸਮੇਤ ਇਸ਼ਨਾਨ ਕੀਤਿਆਂ ਬਿਨਾਂ ਆਪਣੇ ਆਪ ਨੂੰ ਅਸ਼ੁੱਧ ਸਮਝਦੇ ਹਨ। ਕਿਆ ਖੂਬ ਇਹ ਚਾਲ ਹੈ। ਸਭ ਨੂੰ ਪਿਆਰ ਕਰਨ ਵਾਲਾ ਰੱਬ! ਉਸ ਦੀ ਪੂਜਾ ਕਰਨ ਵਾਸਤੇ ਜੋ ਮੰਦਰ ਬਣਿਆ ਹੈ, ਉਥੇ ਅਗਰ ਉਹ ਗਰੀਬ ਜਾ ਵੜੇ ਤਾਂ ਮੰਦਰ ਪਲੀਤ ਹੋ ਜਾਂਦਾ ਹੈ, ਰੱਬ ਨਰਾਜ਼ ਹੋ ਜਾਂਦਾ ਹੈ। ਘਰ ਦੀ ਇਹ ਹਾਲਤ ਹੋਵੇ ਤੇ ਬਾਹਰ ਅਸੀਂ ਸਮਾਨਤਾ ਜਾਂ ਬਰਾਬਰੀ ਦੇ ਨਾਂ ‘ਤੇ ਝਗੜਦੇ ਚੰਗੇ ਲੱਗਦੇ ਹਾਂ? ਫਿਰ ਸਾਡੇ ਇਸ ਰਵੱਈਏ ਵਿਚ ਕ੍ਰਿਤਘਣਤਾ ਦੀ ਵੀ ਹੱਦ ਪਾਈ ਜਾਂਦੀ ਹੈ। ਜੋ ਸਾਡੇ ਵਾਸਤੇ ਨੀਚ ਤੋਂ ਨੀਚ ਕੰਮ ਕਰਕੇ ਸਾਡੇ ਸੁੱਖਾਂ ਵਿਚ ਵਾਧਾ ਕਰਦੇ ਹਨ, ਉਹਨਾਂ ਨੂੰ ਹੀ ਅਸੀਂ ਪਰ੍ਹੇ-ਪਰ੍ਹੇ ਕਰਦੇ ਹਾਂ। ਜਾਨਵਰਾਂ ਦੀ ਪੂਜਾ ਕਰ ਸਕਦੇ ਹਾਂ, ਪਰ ਇਨਸਾਨ ਨੂੰ ਕੋਲ ਵੀ ਨਹੀਂ ਬਿਠਾ ਸਕਦੇ?
ਅੱਜ ਇਸ ਸਵਾਲ ‘ਤੇ ਬਹੁਤ ਸ਼ੋਰ ਹੋ ਰਿਹਾ ਹ: ਉਹਨਾਂ ਵਿਚਾਰਿਆਂ ਵੱਲ ਅੱਜ-ਕੱਲ੍ਹ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਮੁਲਕ ਵਿਚ ਆਜ਼ਾਦੀ ਦਾ ਜੋ ਵਿਕਾਸ ਹੋ ਰਿਹਾ ਹੈ, ਉਸ ਵਿਚ ਫਿਰਕਾਵਾਰਾਨਾ ਨਿਆਬੁਤ ਨੇ ਹੋਰ ਕੋਈ ਫਾਇਦਾ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਇਹ ਫਾØਇਦਾ ਜ਼ਰੂਰ ਕੀਤਾ ਹੈ ਕਿ ਵਧੀਕ ਹਕੂਕ ਮੰਗਣ ਵਾਸਤੇ ਆਪਣੀ ਕੌਮ ਦੀ ਗਿਣਤੀ ਵਧਾਉਣ ਦਾ ਫਿਕਰ ਸਭਨਾਂ ਨੂੰ ਪਿਆ। ਮੁਸਲਮਾਨਾਂ ਨੇ ਜ਼ਰਾ ਵਧੇਰੇ ਜ਼ੋਰ ਦਿੱਤਾ। ਉਨ੍ਹਾਂ ਅਛੂਤਾਂ ਨੂੰ ਮੁਸਲਮਾਨ ਬਣਾ ਬਣਾ ਕੇ ਆਪਣੇ ਬਰਾਬਰ ਦਾ ਇਨਸਾਨ ਬਣਾ ਕੇ ਉਹਨਾਂ ਨੂੰ ਆਦਮੀ ਦੇ ਹਕੂਕ ਦੇਣੇ ਸ਼ੁਰੂ ਕਰ ਦਿੱਤੇ। ਹੁਣ ਹਿੰਦੂਆਂ ਦੇ ਵੀ ਸੱਟ ਵੱਜੀ। ਜਿੱਦ ਵਧੀ। ਫਸਾਦ ਵੀ ਹੋਏ। ਖੈਰ! ਹੌਲੀ ਹੌਲੀ ਸਿੱਖਾਂ ਵਿਚ ਵੀ ਖਿਆਲ ਪੈਦਾ ਹੋਇਆ ਕਿ ਅਸੀਂ ਨਾ ਪਿੱਛੇ ਰਹਿ ਜਾਈਏ। ਉਹਨਾਂ ਵੀ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ। ਹਿੰਦੂਆਂ ਸਿੱਖਾਂ ਵਿਚ ਅਛੂਤਾਂ ਦੇ ਜਨੇਊ ਲਾਹੁਣ ਜਾਂ ਕੇਸ ਕਟਾਉਣ ਦੇ ਸਵਾਲਾਂ ‘ਤੇ ਝਗੜੇ ਹੋਏ। ਹੁਣ ਤਿੰਨੇ ਕੌਮਾਂ ਉਹਨਾਂ ਨੂੰ ਆਪਣੇ-ਆਪਣੇ ਵੱਲ ਖਿੱਚ ਰਹੀਆਂ ਹਨ ਤੇ ਬੜਾ ਸ਼ੋਰ ਸ਼ਰਾਬਾ ਹੈ। ਉਧਰ ਇਸਾਈ ਚੁੱਪ ਚਾਪ ਉਹਨਾਂ ਦਾ ਰੁਤਬਾ ਵਧਾ ਰਹੇ ਹਨ। ਇਸ ਸਾਰੀ ਹਲਚਲ ਨਾਲ ਹਿੰਦੋਸਤਾਨ ਦੀ ਲਾਅਨਤ ਦੂਰ ਹੋ ਰਹੀ ਹੈ।
ਇੱਧਰ ਜਦ ਅਛੂਤਾਂ ਦੇਖਿਆ ਕਿ ਸਾਡੀ ਖਾਤਰ ਇਹਨਾਂ ਵਿਚ ਫਸਾਦ ਹੋ ਰਿਹਾ ਹੈ ਅਤੇ ਸਾਨੂੰ ਹਰ ਕੋਈ ਆਪਣੀ ਆਪਣੀ ਖੁਰਾਕ ਸਮਝ ਰਿਹਾ ਹੈ ਤਾਂ ਅਸੀਂ ਜੁਦੇ ਹੀ ਕਿਉਂ ਨਾ ਸੰਗਠਿਤ ਹੋਈਏ। ਇਸੇ ਖਿਆਲ ਨੂੰ ਸੁਰ ਕਰਨ ਵਿਚ ਸਰਕਾਰ ਅੰਗਰੇਜ਼ੀ ਦਾ ਕੋਈ ਹੱਕ ਹੋਵੇ ਜਾਂ ਨਾ ਹੋਵੇ, ਇੰਨਾ ਜ਼ਰੂਰ ਹੈ ਕਿ ਉਸ ਦ ਪ੍ਰਚਾਰ ਵਿਚ ਸਰਕਾਰੀ ਆਦਮੀਆਂ ਦਾ ਵੀ ਕਾਫ਼ੀ ਹੱਦ ਹੈ ਸੀ। ਆਦਿ ਧਰਮ ਮੰਡਲ ਆਦਿਕ ਉਸੇ ਵਿਚਾਰ ਦੇ ਪ੍ਰਚਾਰ ਦਾ ਨਤੀਜਾ ਹਨ।
ਹੁਣ ਇਕ ਸਵਾਲ ਹੋਰ ਉੱਠਦਾ ਹੈ ਕਿ ਇਸ ਮਸਲੇ ਦਾ ਠੀਕ ਠੀਕ ਹੱਲ ਕੀ ਹੈ? ਇਸ ਦਾ ਜਵਾਬ ਬੜਾ ਸੈਹਲ ਹੈ। ਸਭ ਤੋਂ ਪਹਿਲੋਂ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਭ ਇਨਸਾਨ ਇਕੋ ਜਿਹੇ ਹਨ ਅਤੇ ਨਾ ਤੇ ਜਨਮ ਨਾਲ ਕੋਈ ਭਿੰਨ ਭੇਦ ਪੈਂਦਾ ਹੈ ਤੇ ਨਾ ਕੰਮਕਾਜ ਨਾਲ। ਯਾਨਿ ਚੂੰਕਿ ਇਕ ਆਦਮੀ ਗਰੀਬ ਭੰਗੀ ਦੇ ਘਰ ਪੈਦਾ ਹੋ ਗਿਆ ਹੈ, ਇਸ ਕਰਕੇ ਸਾਰੀ ਉਮਰ ਟੱਟੀਆਂ ਹੀ ਸਾਫ ਕਰੇਗਾ ਤੇ ਦੁਨੀਆ ਵਿਚ ਕਿਸੇ ਕਿਸਮ ਦੀ ਤਰੱਕੀ ਦਾ ਉਸ ਨੂੰ ਕੋਈ ਹੱਕ ਨਹੀਂ। ਇਹ ਗੱਲਾਂ ਫਜ਼ੂਲ ਹਨ। ਇਹਨਾਂ ਵਰਗਿਆਂ ਆਦਮੀਆਂ ਨਾਲ ਜਦੋਂ ਸਾਡੇ ਬਜ਼ੁਰਗ ਆਰੀਅਨ ਲੋਕਾਂ ਨੇ ਇਹ ਜ਼ੁਲਮ ਕੀਤਾ ਅਤੇ ਉਨ੍ਹਾਂ ਨੂੰ ਨੀਚ ਕਹਿ ਕੇ ਪਰ੍ਹੇ ਕਰ ਦਿੱਤਾ ਅਤੇ ਨੀਚ ਕੰਮ ਕਰਾਉਣ ਲੱਗ ਪਏ ਅਤੇ ਨਾਲ ਹੀ ਇਹ ਵੀ ਫਿਕਰ ਪਿਆ ਕਿ ਇਹ ਬਗਾਵਤ ਨਾ ਕਰ ਦੇਣ, ਤਦੋਂ ਪੁਨਰ ਜਨਮ ਦੀ ਫਿਲਾਸਫ਼ੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਤੁਹਾਡੇ ਪੁਰਾਣੇ ਜਨਮ ਦੇ ਪਾਪਾਂ ਦਾ ਫਲ ਹੈ। ਕੀ ਹੋ ਸਕਦਾ ਹੈ? ਚੁੱਪ ਕਰਕੇ ਗੁਜ਼ਾਰਾ ਕਰੋ।
ਇਸ ਤਰ੍ਹਾਂ ਉਨ੍ਹਾਂ ਨੂੰ ਸਬਰ ਦਾ ਸਬਕ ਪੜ੍ਹਾ ਕੇ ਉਹ ਲੋਕੀਂ ਇਨ੍ਹਾਂ ਨੂੰ ਚਿਰ ਵਾਸਤੇ ਚੁੱਪ ਕਰਾ ਗਏ। ਪਰ ਉਨ੍ਹਾਂ ਬੜਾ ਪਾਪ ਕੀਤਾ। ਇਨਸਾਨਾਂ ਦੇ ਅੰਦਰੋਂ ਇਨਸਾਨੀਅਤ ਦਾ ਮਾਦਾ ਆਤਮਵਿਸ਼ਵਾਸ ਅਤੇ ਆਤਮ-ਨਿਰਭਰਤਾ ਦਾ ਭਾਵ ਮਾਰ ਸੁੱਟਿਆ ਬੜਾ ਜ਼ੁਲਮ ਤੇ ਕਹਿਰ ਕਮਾਇਆ। ਖੈਰ ਅੱਜ ਉਸ ਦੇ ਪ੍ਰਾਸ਼ਚਿਤ ਦਾ ਵੇਲਾ ਹੈ। ਇਸ ਦੇ ਨਾਲ ਹੀ ਇਕ ਹੋਰ ਖਰਾਬੀ ਪੈਦਾ ਹੋ ਗਈ। ਲੋਕਾਂ ਦੇ ਦਿਲਾਂ ਵਿਚ ਜ਼ਰੂਰੀ ਕੰਮਾਂ ਵਾਸਤੇ ਘ੍ਰਿਣਾ ਪੈਦਾ ਹੋ ਗਈ। ਅਸੀਂ ਜੁਲਾਹੇ ਨੂੰ ਵੀ ਪਰ੍ਹੇ ਦੁਰਕਾਰ ਦਿੱਤਾ ਤੇ ਅੱਜ ਕੱਪੜਾ ਬੁਣਨ ਵਾਲੇ ਅਛੂਤ ਸਮਝੇ ਜਾਂਦੇ ਹਨ। ਯੂ. ਪੀ. ਵੱਲ ਕਹਾਰ () ਨੂੰ ਵੀ ਅਛੂਤ ਸਮਝਿਆ ਜਾਂਦਾ ਹੈ। ਇਸ ਨਾਲ ਬੜੀ ਖਰਾਬੀ ਪੈਦਾ ਹੋ ਗਈ ਜਿਸ ਨਾਲ ਕਿ ਸਾਡੀ ਤਰੱਕੀ ਵਿਚ ਬੜੀ ਰੁਕਾਵਟ ਪੈਂਦੀ ਹੈ।
ਇਹਨਾਂ ਗੱਲਾਂ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਅਗਾਂਹਾਂ ਵਧੀਏ। ਇਹਨਾਂ ਨੂੰ ਅਛੂਤ ਨਾ ਕਹੀਏ ਤੇ ਨਾ ਸਮਝੀਏ। ਬੱਸ ਮੁਆਮਲਾ ਸਾਫ ਹੋ ਜਾਂਦਾ ਹੈ। ਨੌਜਵਾਨ ਭਾਰਤ ਸਭਾ ਅਤੇ ਨੌਜਵਾਨ ਕਾਨਫਰੰਸ ਨੇ ਜੋ ਤਰੀਕਾ ਅਖਤਿਆਰ ਕੀਤਾ ਹੈ, ਉਹ ਡਾਢਾ ਸੁੰਦਰ ਹੈ। ਜਿਹਨਾਂ ਭਰਾਵਾਂ ਨੂੰ ਅੱਜ ਤੀਕ ਅਛੂਤ ਅਛੂਤ ਕਿਹਾ ਕਰਦੇ ਸਾਂ, ਉਹਨਾਂ ਕੋਲੋਂ ਆਪਣੇ ਇਸ ਪਾਪ ਵਾਸਤੇ ਖਿਮਾ ਮੰਗਣੀ ਅਤੇ ਉਹਨਾਂ ਨੂੰ ਆਪਣੇ ਵਰਗਾ ਆਦਮੀ ਸਮਝਣਾ, ਬਿਨਾਂ ਅੰਮ੍ਰਿਤ ਛਕਾਇਆਂ, ਕਲਮਾ ਪੜ੍ਹਾਇਆਂ ਜਾਂ ਸ਼ੁੱਧ ਕੀਤਿਆਂ ਹੀ ਉਸ ਨੂੰ ਆਪਣੇ ਵਿਚ ਰਲਾ ਲੈਣਾ, ਉਸ ਦੇ ਹੱਥ ਦਾ ਪਾਣੀ ਪੀਣਾ ਇਹੋ ਠੀਕ ਤਰੀਕਾ ਹੈ ਤੇ ਆਪੋ ਵਿਚ ਖਿੱਚਾ ਧੂਹੀ ਕਰਨੀ ਤੇ ਅਮਲ ਵਿਚ ਕੋਈ ਵੀ ਹੱਕ ਨਾ ਦੇਣਾ ਕੋਈ ਠੀਕ ਗੱਲ ਨਹੀਂ ਹੈ। ਜਦੋਂ ਪਿੰਡਾਂ ਵਿਚ ਕਿਰਤੀ ਪ੍ਰਚਾਰ ਸ਼ੁਰੂ ਹੋਇਆ, ਉਦੋਂ ਜੱਟਾਂ ਨੂੰ ਸਰਕਾਰੀ ਆਦਮੀ ਇਹ ਗੱਲ ਸਮਝਾ ਕੇ ਭੜਕਾਉਂਦੇ ਸਨ ਕਿ ਦੇਖੋ ਇਹ ਚੂਹੜਿਆਂ ਚੱਪੜਿਆਂ ਨੂੰ ਸਿਰ ‘ਤੇ ਚੜ੍ਹਾ ਰਹੇ ਹਨ ਅਤੇ ਤੁਹਾਡਾ ਕੰਮ ਬੰਦ ਕਰਾਉਂਦੇ ਹਨ। ਬੱਸ ਜੱਟ ਇੰਨੇ ਵਿਚ ਹੀ ਭੂਤ ਪਏ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਦੀ ਹਾਲਤ ਉਨਾ ਚਿਰ ਨਹੀਂ ਸੁਰਦ ਸਕਦੀ, ਜਿੰਨਾ ਚਿਰ ਕਿ ਉਹ ਇਨ੍ਹਾਂ ਗਰੀਬਾਂ ਨੂੰ ਕਮੀਨ ਅਤੇ ਨੀਚ ਕਹਿ ਕੇ ਆਪਣੇ ਪੈਰਾਂ ਹੇਠ ਦੱਬੀ ਰੱਖਣਾ ਚਾਹੁੰਦੇ ਹਨ। ਕਿਹਾ ਜਾਂਦਾ ਹੈ ਕਿ ਉਹ ਸਾਫ ਨਹੀਂ ਰਹਿੰਦੇ? ਇਸ ਦਾ ਜਵਾਬ ਸਾਫ ਹੈ, ਉਹ ਗਰੀਬ ਹਨ। ਗਰੀਬੀ ਦਾ ਇਲਾਜ ਕਰੋ। ਉੱਚੀਆਂ-ਉੱਚੀਆਂ ਕੁਲਾਂ ਦੇ ਗਰੀਬ ਲੋਕੀਂ ਕੋਈ ਘੱਟ ਗੰਦੇ ਨਹੀਂ ਹੁੰਦੇ। ਗੰਦਾ ਕੰਮ ਕਰਨ ਦਾ ਬਹਾਨਾ ਵੀ ਨਹੀਂ ਲੱਗ ਸਕਦਾ। ਮਾਵਾਂ ਬੱਚਿਆਂ ਦਾ ਗੰਦ ਸਾਫ ਕਰਨ ਨਾਲ ਚੂਹੜੀਆਂ ਤੇ ਅਛੂਤ ਨਹੀਂ ਹੋ ਜਾਂਦੀਆਂ। ਪਰ ਇਹ ਕੰਮ ਉਨਾ ਚਿਰ ਨਹੀਂ ਹੋ ਸਕਦਾ, ਜਿੰਨਾ ਚਿਰ ਕਿ ਅਛੂਤ ਕੌਮਾਂ ਆਪਣੇ ਆਪ ਨੂੰ ਸੰਗਠਿਤ ਨਾ ਕਰ ਲੈਣ। ਅਸੀਂ ਤਾਂ ਸਮਝਦੇ ਹਾਂ ਕਿ ਉਨ੍ਹਾਂ ਦਾ ਆਪਣੇ ਆਪ ਨੂੰ ਵੱਖਰਾ ਜਥੇਬੰਦ ਕਰਨਾ ਤੇ ਮੁਸਲਮਾਨਾਂ ਦੇ ਬਰਾਬਰ ਗਿਣਤੀ ਵਿਚ ਹੋਣ ਕਰਕੇ ਉਹਨਾਂ ਦੇ ਬਰਾਬਰ ਹੱਕ ਹਕੂਕ ਮੰਗਣਾ ਬੜੀ ਆਸ਼ਾ ਜਨਕ ਤਹਿਰੀਕ ਹੈ। ਜਾਂ ਤੇ ਫਿਰਕਾਵਾਰਾਨਾ ਨਿਆਬੁਤ ਦਾ ਟੰਟਾ ਹੀ ਮੁਕਾਓ ਨਹੀਂ ਤੇ ਉਹਨਾਂ ਦੇ ਵੱਖਰੇ ਹਕੂਕ ਉਹਨਾਂ ਨੂੰ ਦੇਵੋ। ਕੌਂਸਲਾਂ ਤੇ ਅਸੈਂਬਲੀਆਂ ਦਾ ਫਰਜ਼ ਹੈ ਕਿ ਸਕੂਲ, ਕਾਲਜ, ਖੂਹ ਤੇ ਸੜਕਾਂ ਦੇ ਇਸਤੇਮਾਲ ਦੀ ਪੂਰੀ ਆਜ਼ਾਦੀ ਇਨ੍ਹਾਂ ਨੂੰ ਦੁਆਉਣ। ਜ਼ਬਾਨੀ ਹੀ ਨਹੀਂ, ਬਲਕਿ ਨਾਲ ਲੈ ਜਾ ਕੇ ਉਹਨਾਂ ਨੂੰ ਖੂਹਾਂ ਤੇ ਚੜ੍ਹਾਉਣ, ਨਾਲ ਲੈ ਜਾ ਕੇ ਉਹਨਾਂ ਦੇ ਮੁੰਡਿਆਂ ਨੂੰ ਮਦਰੱਸਿਆਂ ਵਿਚ ਭਰਤੀ ਕਰਾਉਣ। ਪਰ ਜਿਸ ਲੈਜਿਸਲੈਟਿਵ ਵਿਚ ਛੋਟੀ ਉਮਰ ਦੇ ਵਿਆਹ ਦੇ ਵਿਰੁੱਧ ਪੇਸ਼ ਕੀਤੇ ਗਏ ਬਿਲ ਤੇ ਮਜ਼ਹਬ ਦੇ ਬਹਾਨੇ ਲੈ ਕੇ ਹਾਏ ਤੌਬਾ ਮਚਾ ਦਿੱਤੀ ਜਾਂਦੀ ਹੈ, ਉਥੇ ਅਛੂਤਾਂ ਨੂੰ ਨਾਲ ਰਲਾਉਣ ਦੀ ਹਿੰਮਤ ਉਹ ਕਿਸ ਤਰ੍ਹਾਂ ਕਰ ਸਕਦੇ ਹਨ।
ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇ ਆਪਣੇ ਨੁਮਾਇੰਦੇ ਕਿਉਂ ਨਾ ਹੋਣ? ਉਹ ਆਪਣੀ ਵੱਖਰੀ ਤਾਦਾਦ ਕਿਉਂ ਨਾ ਮੰਗਣ? ਅਸੀਂ ਤਾਂ ਸਾਫ ਕਹਿੰਦੇ ਹਾਂ ਕਿ ਉੱਠੋ ਅਛੂਤ ਕਹਾਉਣ ਵਾਲੇ ਅਸਲੀ ਸੇਵਕੋ ਤੇ ਵੀਰੋ ਉੱਠੋ। ਆਪਣਾ ਇਤਿਹਾਸ ਦੇਖੋ। ਗੁਰੂ ਗੋਬਿੰਦ ਸਿੰਘ ਦੀ ਫੌਜ ਦੀ ਅਸਲੀ ਤਾਕਤ ਤੁਹਾਡੀ ਸੀ। ਸ਼ਿਵਾ ਜੀ ਤੁਹਾਡੇ ਆਸਰੇ ਹੀ ਇਹ ਸਭ ਕੁਝ ਕਰ ਸਕਿਆ, ਜਿਸ ਨਾਲ ਕਿ ਅੱਜ ਉਸ ਦਾ ਨਾਂ ਜਿੰਦਾ ਹੈ। ਤੁਹਾਡੀਆਂ ਕੁਰਬਾਨੀਆਂ ਸੋਨੇ ਦੇ ਅੱਖਰਾਂ ਵਿਚ ਲਿਖੀਆਂ ਹੋਈਆਂ ਸਨ। ਤੁਸੀਂ ਜੋ ਨਿੱਤ ਸੇਵਾ ਕਰਕੇ ਕੌਮ ਦੇ ਸੁਖ ਵਿਚ ਵਾਧਾ ਕਰਕੇ ਅਤੇ ਜਿੰਦਗੀ ਮੁਮਕਿਨ ਬਣਾ ਕੇ ਇਕ ਬੜਾ ਭਾਰੀ ਅਹਿਸਾਨ ਕਰ ਰਹੇ ਹੋ, ਉਸ ਨੂੰ ਅਸੀਂ ਲੋਕੀਂ ਨਹੀਂ ਸਮਝਦੇ। (ਲੈਂਡ ਐਲੀਨੇਸ਼ਨ ਐਕਟ) ਇੰਤਕਾਲੇ ਅਰਾਜ਼ੀ ਐਕਟ ਦੇ ਮੁਤਾਬਕ ਤੁਸੀਂ ਪੈਸੇ ਇਕੱਠੇ ਕਰਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ। ਤੁਹਾਡੇ ‘ਤੇ ਇੰਨਾ ਜ਼ੁਲਮ ਹੋ ਰਿਹਾ ਹੈ ਕਿ ਅਮਰੀਕਾ ਦੀ ਮਿਸ ਮੇਯੋ (less than men) ਮਨੁੱਖਾਂ ਨਾਲੋਂ ਬਹੁਤ ਹੇਠਾਂ ਕਹਿੰਦੀ ਹੈ। ਉੱਠੋ ਆਪਣੀ ਤਾਕਤ ਪਛਾਣੋ। ਜਥੇਬੰਦ ਹੋ ਜਾਓ। ਅਸਲ ਵਿਚ ਤੇ ਤੁਹਾਡੇ ਆਪਣੇ ਯਤਨ ਕੀਤਿਆਂ ਬਿਨਾਂ ਤੁਹਾਨੂੰ ਕੁਝ ਵੀ ਨਹੀਂ ਮਿਲ ਸਕੇਗਾ। (Those who would be free must themselves stike the blow) ਆਜ਼ਾਦੀ ਦੀ ਖਾਤਰ ਆਜ਼ਾਦੀ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਮਨੁੱਖ ਦੀ ਹੌਲੀ-ਹੌਲੀ ਕੁਝ ਇਹੋ ਜਿਹੀ ਆਦਤ ਹੋ ਗਈ ਹੈ ਕਿ ਆਪਣੇ ਵਾਸਤੇ ਤੇ ਉਹ ਹੱਕ ਮੰਗਣਾ ਚਾਹੁੰਦਾ ਹੈ ਪਰ ਜਿਹਨਾਂ ‘ਤੇ ਉਸ ਦਾ ਆਪਣਾ ਦਬਦਬਾ ਹੋਵੇ, ਉਨ੍ਹਾਂ ਨੂੰ ਉਹ ਪੈਰਾਂ ਥੱਲੇ ਹੀ ਰੱਖਣਾ ਚਾਹੁੰਦਾ ਹੈ। ਇਸ ਕਰਕੇ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਿਆ ਕਰਦੇ। ਜਥੇਬੰਦ ਹੋ ਕੇ ਆਪਣੇ ਪੈਰਾਂ ‘ਤੇ ਖਲੋ ਕੇ ਸਾਰੇ ਸਮਾਜ ਨੂੰ ਚੈਲੰਜ ਕਰ ਦਿਓ। ਦੇਖੋ ਤਾਂ ਫਿਰ ਕੌਣ ਤੁਹਾਡੇ ਹੱਕ ਦੇਣ ਤੋਂ ਇਨਕਾਰ ਕਰਨ ਦੀ ਜੁਰਅਤ ਕਰ ਸਕੇਗਾ। ਤੁਸੀਂ ਲੋਕਾਂ ਦੀ ਖੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤੱਕੋ। ਪਰ ਖਿਆਲ ਰੱਖਣਾ, ਨੌਕਰਸ਼ਾਹੀ ਦੇ ਝਾਂਸੇ ਵਿਚ ਵੀ ਨਾ ਆਉਣਾ। ਇਹ ਤੁਹਾਡੀ ਮਦਦ ਨਹੀਂ ਕਰਨਾ ਚਾਹੁੰਦੀ। ਬਲਕਿ ਤੁਹਾਨੂੰ ਆਪਣਾ ਟੂਲ ਬਣਾਉਣਾ ਚਾਹੁੰਦੀ ਹੈ। ਇਹ ਸਰਮਾਏਦਾਰ ਨੌਕਰਸ਼ਾਹੀ ਤੁਹਾਡੀ ਗੁਲਾਮੀ ਤੇ ਗਰੀਬੀ ਦਾ ਮੁੱਖ ਕਾਰਨ ਹੈ। ਇਸੇ ਕਰਕੇ ਉਸ ਨਾਲ ਤੁਸੀਂ ਨਾ ਮਿਲਣਾ। ਉਸ ਦੀਆਂ ਚਾਲਾਂ ਕੋਲੋਂ ਬਚਣਾ। ਬੱਸ ਫਿਰ ਸਾਰਾ ਕੰਮ ਬਣ ਜਾਵੇਗਾ। ਤੁਸੀਂ ਅਸਲੀ ਕਿਰਤੀ ਹੋ। ਕਿਰਤੀਓ ਜਥੇਬੰਦ ਹੋ ਜਾਓ। ਤੁਹਾਡਾ ਕੁਝ ਨੁਕਸਾਨ ਨਹੀਂ ਹੋਵੇਗਾ ਕੇਵਲ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਉੱਠੋ ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗਾਵਤ ਖੜ੍ਹੀ ਕਰ ਦਿਓ। ਹੌਲੀ-ਹੌਲੀ ਸੁਧਾਰ ਤੇ ਰਿਫਾਰਮ ਨਾਲ ਕੁਝ ਨਹੀਂ ਬਣ ਸਕਦਾ। ਸਮਾਜਿਕ ਐਜੀਟੇਸ਼ਨ ਇਨਕਲਾਬ ਪੈਦਾ ਕਰ ਦਿਓ ਅਤੇ ਪੁਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕੱਸੇ ਕਰ ਲਵੋ। ਤੁਸੀਂ ਹੀ ਤੇ ਮੁਲਕ ਦੀ ਜੜ੍ਹ ਹੋ, ਅਸਲੀ ਤਾਕਤ ਹੋ, ਉੱਠੋ ਸੁੱਤੇ ਹੋਏ ਸ਼ੇਰੋ, ਵਿਦਰੋਹੀਓ ਵਿਪੱਲਵ ਜਾਂ ਵਿਦਰੋਹ ਖੜ੍ਹਾ ਕਰ ਦਿਓ।

Leave a Reply

Your email address will not be published. Required fields are marked *