ਮੰਡੀਆਂ ਵਿੱਚ ਕਿਸਾਨਾਂ ਨੂੰ ਫਸਲ ਵੇਚਣ ਸਮੇਂ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ – ਐੱਸ.ਡੀ.ਐੱਮ. ਗੁਰਦਾਸਪੁਰ
ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਵੱਲੋਂ ਅੱਜ ਦਾਣਾ ਮੰਡੀ ਗੁਰਦਾਸਪੁਰ ਦਾ ਦੌਰਾ ਕਰਕੇ ਚਲ ਰਹੀ ਝੋਨੇ ਦੀ ਖਰੀਦ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਕੇ ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਐੱਸ.ਡੀ.ਐੱਮ. ਅਮਨਦੀਪ ਕੌਰ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਪੂਰੇ ਤੋਲ ਅਤੇ ਭਾਅ ’ਤੇ ਖਰੀਦਿਆ ਜਾ ਰਿਹਾ ਹੈ।
ਐੱਸ.ਡੀ.ਐੱਮ. ਅਮਨਦੀਪ ਕੌਰ ਘੁੰਮਣ ਨੇ ਮੰਡੀ ਬੋਰਡ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿੱਜੀ ਤੌਰ ’ਤੇ ਇਹ ਯਕੀਨੀ ਬਣਾਉਣ ਕਿ ਕਿਸਾਨ ਦੀ ਫਸਲ ਪੂਰੇ ਤੋਲ ਅਤੇ ਭਾਅ ਉੱਪਰ ਹੀ ਵਿਕੇ। ਇਸ ਲਈ ਅਧਿਕਾਰੀਆਂ ਵੱਲੋਂ ਰੋਜ਼ਾਨਾਂ ਮੰਡੀਆਂ ਦਾ ਦੌਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਬੈਠਣ ਲਈ ਛਾਂ, ਪੀਣ ਵਾਲੇ ਪਾਣੀ, ਟਾਇਲਟ, ਬਿਜਲੀ ਅਤੇ ਸਫਾਈ ਆਦਿ ਦੇ ਪ੍ਰਬੰਧਾਂ ਵਿੱਚ ਕੋਈ ਕਮੀਂ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਖਰੀਦੇ ਗਏ ਝੋਨੇ ਦੀ ਲਿਫਟਿੰਗ ਵੀ ਨਾਲ ਦੀ ਨਾਲ ਹੀ ਕੀਤੀ ਜਾਵੇ ਤਾਂ ਜੋ ਮੰਡੀਆਂ ਵਿੱਚ ਫ਼ਸਲ ਦੇ ਢੇਰ ਨਾ ਲੱਗਣ।
ਐੱਸ.ਡੀ.ਐੱਮ. ਅਮਨਦੀਪ ਕੌਰ ਘੁੰਮਣ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੂਰੀ ਤਰ੍ਹਾਂ ਸੁੱਕਾ ਝੋਨਾ ਹੀ ਮੰਡੀਆਂ ਵਿੱੱੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।


