ਹੁਸ਼ਿਆਰਪੁਰ, ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)–ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਇੱਕ ਨਕਲੀ ਐਸਐਚਓ ਨੂੰ ਉਸਦੇ ਸਾਥੀ ਸਮੇਤ ਕਾਬੂ ਕੀਤਾ ਹੈ ਜੋ ਅਸਲੀ ਐਸਐਚਓ ਦੇ ਨਾਮ ਉੱਤੇ ਲੋਕਾਂ ਤੋਂ ਫੋਨ ਉੱਤੇ ਪੈਸੇ ਮੰਗ ਰਿਹਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਇੰਸਪੈਕਟਰ ਜੈਪਾਲ ਗੜ੍ਹਸ਼ੰਕਰ ਥਾਣੇ ਦਾ ਐਸਐਚਓ ਹੈ, ਮੁਲਜ਼ਮ ਉਸ ਦੇ ਨਾਂ ’ਤੇ ਠੱਗੀ ਮਾਰ ਰਹੇ ਸਨ। ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਮਨਜੀਤ ਸਿੰਘ ਉਰਫ਼ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਲੇਮ ਟਾਬਰੀ ਲੁਧਿਆਣਾ ਅਤੇ ਸੁਰਿੰਦਰ ਕੁਮਾਰ ਉਰਫ਼ ਲੱਡੂ ਪੁੱਤਰ ਸੋਭਾ ਰਾਮ ਵਾਸੀ ਅਮਰ ਨਗਰ, ਸ਼ੇਰਪੁਰ, ਲੁਧਿਆਣਾ ਵਜੋਂ ਹੋਈ ਹੈ।ਉਨ੍ਹਾਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਨਾਂ ਦੇ ਵਿਅਕਤੀ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਉਕਤ ਮੁਲਜਮਾਂ ਨੇ ਪੀੜਤ ਨੂੰ ਮਾਮਲੇ ‘ਚ ਬਚਾਉਣ ਲਈ ਕਰੀਬ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਪੀੜਤ ਨੇ ਕਰੀਬ 35 ਹਜ਼ਾਰ ਰੁਪਏ ਦੇ ਦਿੱਤੇ। ਪਰ ਪੁਲੀਸ ਨੇ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਉਸ ਨੂੰ ਛੱਡਣ ਦੀ ਵਾਰੀ ਆਈ ਤਾਂ ਪਤਾ ਲੱਗਾ ਕਿ ਮੁਲਜ਼ਮ ਐਸਐਚਓ ਨਹੀਂ ਸਗੋਂ ਕੋਈ ਹੋਰ ਸੀ।