ਮੋਬਾਈਲ ਸਕਰੀਨ ਦੇ ਲੋਕ ਬੁੱਧੀਜੀਵੀ ਦੀ ਅਗਲੀ ਪ੍ਰੈਸ ਕਾਨਫਰੰਸ ਦੇ ਇੰਤਜ਼ਾਰ ਵਿੱਚ

ਗੁਰਦਾਸਪੁਰ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਡਾ. ਪਿਆਰੇ ਲਾਲ ਗਰਗ ਜੀ ਪੰਜਾਬ ਦੇ ਟੀਵੀ ਸਕਰੀਨ ਉੱਤੇ ਸਿਰਕੱਢ ਬੁੱਧੀਜੀਵੀ ਹਨ। ਉਹਨਾਂ ਨੇ ਕੁੱਝ ਹੀ ਦਿਨ ਪਹਿਲਾਂ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਉੱਤੇ ਹਜੂਮੀ ਹਮਲੇ ਕਰਨ ਵਾਲਿਆਂ ਦੀ ਤਕੜੀ ਵਕਾਲਤ ਕੀਤੀ, ਕਥਿੱਤ ਦੋਸ਼ੀਆਂ ਨੂੰ ਲਿਖਤੀ ਸਲਾਹ ਦਿੱਤੀ ਕਿ ਉਹ ਡਾ ਕੁਲਦੀਪ ਪੁਰੀ, ਪ੍ਰੋ ਅਕਸ਼ੈਅ ਕੁਮਾਰ, ਪ੍ਰੋ ਲਲਨ ਬਘੇਲ, ਪ੍ਰੋ ਮੁਹੰਮਦ ਖ਼ਾਲਿਦ, ਡਾ ਅਰੀਤ ਕੌਰ, ਨਾਟਕਕਾਰ ਸ਼ਬਦੀਸ਼, ਨਾਟਕਕਾਰ ਰਣਦੀਪ ਕ੍ਰਾਂਤੀ, ਪੱਤਰਕਾਰ ਅਰਸ਼ਦੀਪ ਅਰਸ਼ੀ, ਐਡਵੋਕੇਟ ਰਾਜੀਵ ਗੋਦਾਰਾ ਅਤੇ ਬਾਕੀ ਦਾਨਿਸ਼ਮੰਦਾਂ ਉੱਤੇ ਕਿਵੇਂ ਐਫ਼.ਆਈ.ਆਰ ਕਟਵਾ ਸਕਦੇ ਹਨ।

ਉਹਨਾਂ ਇਸ ਗੱਲ ਦਾ ਖੰਡਨ ਕੀਤਾ ਕਿ ਪ੍ਰੋ ਸੁਰਜੀਤ ਨੂੰ ਕਿਸੇ ਕਿਸਮ ਦੀ ਗੰਭੀਰ ਸੱਟ ਲੱਗੀ ਹੈ। ਉਹਨਾਂ ਇਹ ਵੀ ਕਿਹਾ ਕਿ ਪ੍ਰੋ ਸੁਰਜੀਤ ਜਾਣ-ਬੁੱਝ ਕੇ ਭੜਕੇ ਹੋਏ ਵਿਦਿਆਰਥੀਆਂ ਦੇ ਹਜੂਮ ਵਿੱਚ ਜਾ ਵੱਜਿਆ ਤਾਂ ਜੋ “ਉਹਦੀ ਥੋੜ੍ਹੀ ਬਹੁਤੀ ਖਿੱਚ ਧੂਹ” ਹੋ ਜਾਵੇ ਅਤੇ ਬਾਅਦ ਵਿੱਚ ਬਾਤ ਦਾ ਬਤੰਗੜ ਬਣਾਇਆ ਜਾ ਸਕੇ। ਇਸ ਤੋਂ ਬਿਨ੍ਹਾਂ ਲੋਕ ਬੁੱਧੀਜੀਵੀ ਡਾ. ਗਰਗ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਉਪਰੋਕਤ ਦਾਨਿਸ਼ਮੰਦ ਪੰਜਾਬ ਨੂੰ 1984 ਵੱਲ ਦੁਬਾਰਾ ਧੱਕਣਾ ਚਾਹ ਰਹੇ ਹਨ। ਡਾ ਗਰਗ ਬੜੇ ਬੇਬਾਕ ਵਿਅਕਤੀ ਹਨ – ਉਹਨਾਂ ਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਜੇ ਇਹ ਦਾਨਿਸ਼ਮੰਦ ਪੰਜਾਬ ਨੂੰ 1984 ਵੱਲ ਦੁਬਾਰਾ ਧੱਕ ਰਹੇ ਹਨ ਤਾਂ ਫਿਰ ਰੋਕਣ ਵਾਲਾ ਕੌਣ ਹੈ? ਸ਼ਾਇਦ ਉਹ ਫੌਜ ਤਾਂ ਉਹਨਾਂ ਦੇ ਨਾਲ ਹੀ ਬੈਠੀ ਸੀ।

ਡਾਕਟਰ ਸਾਹਿਬ ਨੂੰ ਨਵੇਂ ਯਾਰ ਮੁਬਾਰਕ। ਜਿਹੜੇ ਬੁੱਧੀਜੀਵੀਆਂ ਦੇ ਨਾਲ ਬੈਠ ਕੇ ਡਾ ਗਰਗ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਉਹਨਾਂ ਦੀ ਆਪਣੀ ਦਾਨਿਸ਼ਮੰਦੀ ਹੈ, ਆਪਣਾ ਫੈਸਲਾ ਹੈ, ਅਤੇ ਯਕੀਨਨ ਉਹਨਾਂ ਦਾ ਆਪਣਾ ਹੱਕ ਹੈ। ਪ੍ਰੋਫੈਸਰ ਸੁਰਜੀਤ ਨੂੰ ਵੱਜੀ ਸੱਟ serious ਹੈ ਕਿ grievous ਹੈ, ਇਸ ਬਾਰੇ ਵੀ ਮੁਰਦਿਆਂ ਨੂੰ ਬੁਲਵਾਉਣ ਦੀ ਮਹਾਰਤ ਰੱਖਦੇ ਡਾ ਗਰਗ ਨੇ ਬੜੇ ਵਿਸਥਾਰ ਵਿੱਚ ਚਾਨਣਾ ਪਾਇਆ।

ਅਸੀਂ ਡਾ ਗਰਗ ਦੇ ਰੁਤਬੇ, ਮਾਨ ਸਨਮਾਨ ਦਾ ਧਿਆਨ ਰੱਖਦਿਆਂ ਹੁਣ ਕੇਵਲ ਇਹ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਆਪਣੀ ਅਗਲੀ ਪ੍ਰੈੱਸ ਕਾਨਫਰੰਸ ਕਿੱਥੇ ਕਰਦੇ ਹਨ ਅਤੇ ਅੱਜ ਬਹੁਤ ਸਾਰੀਆਂ ਵਿਦਿਆਰਥਣਾਂ ਦੇ ਸਾਹਮਣੇ ਆਏ ਜਨਤਕ ਬਿਆਨ ਤੋਂ ਬਾਅਦ ਉਹਨਾਂ ਬਾਰੇ ਆਪਣੇ ਮੁਖ਼ਰ ਬਿੰਦ ਤੋਂ ਕੀ ਉਚਰਦੇ ਹਨ। ਡਾ ਗਰਗ ਬੜੇ ਨਿਰਲੇਪ ਵਿਅਕਤੀ ਹਨ। ਉਹ ਅਕਸਰ ਆਪਣੀ ਨਿਰਲੇਪਤਾ ਦੇ ਲੰਮੇ ਲੰਮੇ ਕਿੱਸੇ ਸੁਣਾਉਂਦੇ ਹਨ। ਇਸੇ ਲਈ ਸਾਡਾ ਇਹ ਹਿੰਦ ਮਹਾਂਸਾਗਰ ਦੀ ਵਿਸ਼ਾਲਤਾ ਵਰਗਾ ਡੂੰਘਾ ਸੱਚਾ ਵਿਸ਼ਵਾਸ ਹੈ ਕਿ ਡਾਕਟਰ ਗਰਗ ਪੰਜਾਬੀ ਯੂਨੀਵਰਸਿਟੀ ਵਿੱਚ ਵਾਪਰੇ ਇਸ ਘਟਨਾਕ੍ਰਮ ਬਾਰੇ ਹਰ ਗੱਲ ਉਹਨਾਂ ਦੀ ਵੀਸੀ ਡਾ. ਅਰਵਿੰਦ ਨਾਲ ਚੱਲ ਰਹੇ ਇੱਟ-ਖੜੱਕੇ ਤੋਂ ਨਿਰਲੇਪ ਰਹਿ ਕੇ ਹੀ ਕਰ ਰਹੇ ਹਨ।

ਡਾਕਟਰ ਗਰਗ ਅਕਸਰ “ਇੱਕ ਵਾਰੀ ਕੀ ਹੋਇਆ, ਮੈਂ ਤੁਹਾਨੂੰ ਦੱਸਦਾ ਹਾਂ…” ਤੋਂ ਸ਼ੁਰੂ ਕਰਕੇ ਕਿਸਮ ਕਿਸਮ ਦੀਆਂ ਐਸੀਆਂ ਕਹਾਣੀਆਂ ਦੱਸਦੇ ਹਨ ਜਿਸ ਵਿੱਚ ਉਹਨਾਂ ਦਾ ਕਿਰਦਾਰ ਲੱਠੇ ਦੀ ਚਾਦਰ ਵਰਗਾ ਚਿੱਟਾ ਅਤੇ ਬਾਕੀਆਂ ਦਾ ਕਾਲੀਆਂ ਰਾਤਾਂ ਵਰਗਾ ਸਿਆਹ ਦਿੱਸਦਾ ਹੈ। ਕੋਈ ਵਿਰਲਾ ਹੀ ਮਲੇਸ਼ੀਏ ਦੀ ਚਾਦਰ ਵਰਗਾ ਸਲ੍ਹੇਟੀ ਬਚਦਾ ਹੈ। ਬਾਕੀ ਦਾਨਿਸ਼ਮੰਦ ਤਾਂ serious ਅਤੇ grievous ਵਿੱਚਲੀ ਵਿੱਥ ਵਿੱਚ ਹੀ ਚਿਣੇ ਜਾਣੇ ਹਨ।

ਪੰਜਾਬ ਦੀ ਯੂਟਿਊਬ ਪੱਤਰਕਾਰੀ ਦੇ ਰਹਿਬਰ ਡਾ ਸਾਹਿਬ ਜੀ, ਹੁਣ ਮੌਕਾ ਨਾ ਖੁੰਝਣ ਦੇਣਾ ਜੀ। ਅੱਜ ਬੋਲਣ ਵਾਲੀਆਂ ਇਹੋ ਜਿਹੀਆਂ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਬਾਰੇ ਕੱਚਾ ਚਿੱਠਾ ਜਾਰੀ ਕਰੋ। ਵੇਖੋ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਹਨ, ਕਿਵੇਂ ਉਸ ਪ੍ਰੋਫੈਸਰ ਉੱਤੇ ਹੋਏ ਹਮਲੇ ਤੋਂ ਦੁਖੀ ਹਨ। ਜਸ਼ਨਪ੍ਰੀਤ ਦੀ ਗੱਲ ਘੱਟ, ਉਸ ਪ੍ਰੋਫੈਸਰ ਦੀ ਜ਼ਿਆਦਾ ਕਰ ਰਹੀਆਂ ਹਨ।

ਪੰਜਾਬੀ ਯੂਟਿਊਬ ਦੇ ਸੰਸਾਰ ਦੇ ਲੋਕ ਬੁੱਧੀਜੀਵੀ ਡਾ ਗਰਗ ਦਾ ਧਿਆਨ ਖ਼ਾਸ ਤੌਰ ਉੱਤੇ ਭੈਣ ਵੀਰਪਾਲ ਦੀ ਅੱਜ ਦੀ ਫੇਸਬੁੱਕ ਪੋਸਟ ਵੱਲ ਦਿਵਾਉਣਾ ਚਾਹੁੰਦੇ ਹਾਂ ਤਾਂ ਜੋ ਉਹ ਆਪਣੀ ਪ੍ਰੈਸ ਕਾਨਫਰੰਸ ਵਿੱਚ ਇਹਨੂੰ ਵੀ ਵਲ੍ਹੇਟੇ ਵਿੱਚ ਲੈਣ – ਵੇਖੋ ਇਹੋ ਜਿਹੇ ਮਾੜੇ ਪ੍ਰੋਫੈਸਰ ਦਾ ਬਚਾਅ ਕਰਨ ਲਈ ਕਿਵੇਂ ਆਪਣੀ ਬਿਮਾਰ ਭੈਣ ਦੀਆਂ ਤਸਵੀਰਾਂ ਪੋਸਟ ਕਰ ਰਹੀ ਹੈ, ਲੰਮੇ ਲੰਮੇ ਲੇਖ ਲਿਖ ਮਾਰੇ ਹਨ ਕਿ ਉਹਦੇ ਵਰਗੀਆਂ ਵਿਦਿਆਰਥਣਾਂ ਪ੍ਰਤੀ ਉਸ ਪ੍ਰੋਫੈਸਰ ਦਾ ਰਵਈਆ ਕਿਹੋ ਜਿਹਾ ਰਿਹਾ ਹੈ।

ਇਸ ਤੋਂ ਪਹਿਲਾਂ ਕਿ ਤੁਹਾਡੀ ਕਿਸੇ ਗੱਲ ਦਾ ਜਵਾਬ ਦਿੱਤਾ ਜਾਵੇ, ਅਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੇ ਸਾਬਕਾ ਸਲਾਹਕਾਰ ਅਤੇ ਸਕਰੀਨ ਦੇ ਇਸ ਲੋਕ ਬੁੱਧੀਜੀਵੀ ਦੀਆਂ ਕੁੱਝ ਹੋਰ ਗੱਲਾਂ ਸੁਣਨ ਅਤੇ ਉਹਨਾਂ ਦੇ ਵਿਚਾਰਾਂ ਨੂੰ ਸਮਝਣ ਦਾ ਹੋਰ ਯਤਨ ਕਰਨ ਦਾ ਫ਼ੈਸਲਾ ਕੀਤਾ ਹੈ। ਲਿੰਚ ਮੌਬ ਦੀ ਲੀਡਰਸ਼ਿਪ ਦੀ ਕੁਰਸੀ ਹਾਲੇ ਖਾਲ੍ਹੀ ਹੈ। ਅਸੀਂ ਉਸ ਕੁਰਸੀ ਵੱਲ ਵੱਧ ਰਹੀਆਂ ਸਭਨਾਂ ਸ਼ਖਸੀਅਤਾਂ ਨੂੰ ਹੋਰ ਜਾਣ ਲੈਣਾ ਚਾਹੁੰਦੇ ਹਾਂ।

ਡਾ ਗਰਗ ਦੇ ਨਿਸ਼ਾਨੇ ਉੱਤੇ ਆਏ ਦਾਨਿਸ਼ਮੰਦਾਂ ਵਿੱਚੋਂ ਕੁੱਝ

Leave a Reply

Your email address will not be published. Required fields are marked *