ਸੋਨਮ ਵਾਂਗਚੁਕ ਨੂੰ ਫੌਰੀ, ਬਿਨਾਂ ਸ਼ਰਤ ਰਿਹਾਅ ਕਰੋ – ਪਾਸਲਾ

ਦੋਆਬਾ

ਰੋਸ ਪ੍ਰਗਟਾਵੇ ਦੇ ਜਮਹੂਰੀ ਤਰੀਕਿਆਂ ਦੇ ਯੋਜਨਾਬੱਧ ਖਾਤਮੇ ਦੀਆਂ ਹਕੂਮਤੀ ਸਾਜ਼ਿਸ਼ਾਂ ਫੇਲ੍ਹ ਕਰੋ – ਪਾਸਲਾ


ਜਲੰਧਰ, ਗੁਰਦਾਸਪੁਰ, 19 ਜੁਲਾਈ (ਸਰਬਜੀਤ ਸਿੰਘ)– ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਸਟੈਂਡਿੰਗ ਕਮੇਟੀ ਵਲੋਂ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਉੱਘੇ ਚੌਗਿਰਦਾ ਤੇ ਸਮਾਜਿਕ ਕਾਰਕੁੰਨ ਸ਼੍ਰੀ ਸੋਨਮ ਵਾਂਗਚੁਕ ਦੀ ਗੈਰ ਸੰਵਿਧਾਨਕ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਸ਼੍ਰੀ ਵਾਂਗਚੁਕ ਨੂੰ ਫੌਰੀ, ਬਿਨਾਂ ਸ਼ਰਤ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਉਨ੍ਹਾਂ ਕੋਲਕਾਤਾ ਵਿਖੇ ਸ਼੍ਰੀ ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ਵਿਰੁਧ ਸ਼ਾਂਤਮਈ ਅਨਸ਼ਨ ‘ਤੇ ਬੈਠੇ ‘ਵਿਸ਼ਵ ਭਾਰਤੀ’ ਤੇ ‘ਸ਼ਾਂਤੀ ਨਿਕੇਤਨ’ ਦੇ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਦੀ ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ (ਏ.ਬੀ.ਵੀ.ਪੀ.) ਦੇ ਗੁੰਡਿਆਂ ਵਲੋਂ ਕੀਤੀ ਵਹਿਸ਼ੀਆਨਾ ਕੁੱਟਮਾਰ ਦਾ ਗੰਭੀਰ ਨੋਟਿਸ ਲੈਂਦਿਆਂ ਉਕਤ ਗੁੰਡਾਗਰਦੀ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ। ਯਾਦ ਰਹੇ ਇਸ ਗੁੰਡਾ ਕਾਰਵਾਈ ਦੌਰਾਨ ਪੁਲਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ ਸੀ।
ਸਾਥੀ ਪਾਸਲਾ ਨੇ ਦੋਸ਼ ਲਾਇਆ ਹੈ ਕਿ ਦਿੱਲੀ ਪੁਲਿਸ ਨੇ ਲੋਕਤੰਤਰ ਦਾ ਘਾਣ ਕਰਨ ਵਾਲੀ ਉਕਤ ਕਾਰਵਾਈ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਹੁਕਮਾਂ ਤਹਿਤ ਕੀਤੀ ਹੈ। ਪਾਸਲਾ ਅਨੁਸਾਰ ਕੌਮੀ ਰਾਜਧਾਨੀ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਜਾਰੀ ਸ਼ਾਂਤਮਈ ਲੋਕ ਸੰਘਰਸ਼ ਨੂੰ ਖਿੰਡਾਉਣ ਦੀ ਕੋਝੀ ਮੰਸ਼ਾ ਅਧੀਨ ਕੀਤੀ ਗਈ ਪੁਲਸੀਆ ਕਾਰਵਾਈ ਭਾਰਤੀ ਨਾਗਰਿਕਾਂ ਦੇ ਸੰਵਿਧਾਨਕ ਤੇ ਮਾਨਵੀ ਹੱਕ-ਹਕੂਕ ‘ਤੇ ਸਿਰੇ ਦਾ ਭੱਦਾ ਹਮਲਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਧੱਕੇਸ਼ਾਹੀ ਦਾ ਸੰਘ-ਭਾਜਪਾ ਅਤੇ ਮੋਦੀ ਸਰਕਾਰ ਨੂੰ ਭਾਰੀ ਸਿਆਸੀ ਮੁੱਲ ਤਾਰਨਾ ਪਵੇਗਾ।
ਸਾਥੀ ਪਾਸਲਾ ਨੇ ਪੱਛਮੀ ਬੰਗਾਲ ਦੇ ਰਾਣੀ ਗੰਜ ਵਿਖੇ ਸੰਸਾਰ ਭਰ ‘ਚ ਭਾਰਤ ਦਾ ਨਾਂ ਉੱਚਾ ਕਰਨ ਵਾਲੇ ਮਹਾਪੰਡਤ ਸ਼੍ਰੀ ਰਾਹੁਲ ਸੰਕਰਤਾਇਣ ਦੇ ਬੁੱਤ ਨੂੰ ਨੁਕਸਾਨ ਪੁਚਾਏ ਜਾਣ ਦੀ ਅਤਿਅੰਤ ਨਿੰਦਣਯੋਗ ਵਾਰਦਾਤ ਦੀ ਵੀ ਕਰੜੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤੀ ਤੇ ਵਿਸ਼ਵ ਦਰਸ਼ਨ ਦੇ ਮਹਾਨ ਗਿਆਤਾ ਸ਼੍ਰੀ ਰਾਹੁਲ ਸੰਕਰਤਾਇਨ ਦਾ ਬੁੱਤ ਤੋੜਨ ਵਾਲੇ ਹਿੰਦੂਤਵੀ ਖਰੂਦੀਆਂ ਤੇ ਹੋਰ ਕੱਟੜ ਪੰਥੀਆਂ ਨੂੰ ਇਹ ਸਾਫ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਮਹਾਨ ਸ਼ਖਸੀਅਤ ਦਾ ਮੁਜੱਸਮਾ ਤੋੜੇ ਜਾਣ ਨਾਲ ਉਸ ਦੇ ਵਿਚਾਰ ਨਹੀਂ ਮਰਦੇ, ਸਗੋਂ ਲੋਕ ਚੇਤਨਾ ਨੂੰ ਹੋਰ ਵੀ ਸ਼ਿੱਦਤ ਨਾਲ ਝੰਜੋੜਦੇ ਹਨ।
ਸਾਥੀ ਮੰਗਤ ਰਾਮ ਪਾਸਲਾ ਨੇ ਦੇਸ਼ ਦੇ ਮਹਾਨ ਰਾਜਨੀਤੀਵਾਨਾਂ ਚੋਂ ਇਕ, ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਜਿਓਤੀ ਬਾਸੂ ਦੀ ਯਾਦਗਾਰ ਬਣਾਉਣ ਲਈ ਕੋਲਕਾਤਾ ਵਿਖੇ ਜਨਤਕ ਉਗਰਾਹੀ ਕਰ ਰਹੇ ਖੱਬੇ ਪੱਖੀ ਕਾਰਕੁੰਨਾਂ ‘ਤੇ ਬੀਜੇਪੀ ਦੇ ਗੁੰਡਾ ਤੱਤਾਂ ਵਲੋਂ ਪੁਲਸ ਦੀ ਮੌਜੂਦਗੀ ‘ਚ ਕੀਤੇ ਗਏ ਕਾਤਲਾਨਾ ਹਮਲੇ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਹੈ ਕਿ ਦਿੱਲੀ, ਕੋਲਕਾਤਾ ਅਤੇ ਦੇਸ਼ ਦੇ ਹੋਰਨਾਂ ਭਾਗਾਂ ‘ਚ ਅੱਜ ਜੋ ਕੁੱਝ ਵਾਪਰ ਰਿਹਾ ਹੈ, ਉਹ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਭਾਰਤ ਦੇ ਕਾਰਪੋਰੇਟ ਹਿਮਾਇਤੀ, ਫਿਰਕੂ-ਫਾਸ਼ੀ ਹੁਕਮਰਾਨ, ਵਿਰੋਧ ਪ੍ਰਗਟਾਵੇ ਦੇ ਲੋਕਰਾਜੀ ਤਰੀਕਾਕਾਰ ਦੀ ਗੁੰਜਾਇਸ਼ (ਡੈਮੋਕ੍ਰੇਟਿਕ ਸਪੇਸ) ਦਾ ਕਿੰਨੀ ਤੇਜ਼ੀ ਨਾਲ ਖਾਤਮਾ ਕਰੀ ਜਾ ਰਹੇ ਹਨ। ਸਮੂਹ ਦੇਸ਼ ਵਾਸੀਆਂ ਨੂੰ ਇਸ ਤਾਨਾਸ਼ਾਹ ਪ੍ਰਵਿਰਤੀ ਦਾ ਗੰਭੀਰ ਨੋਟਿਸ ਲੈਂਦਿਆਂ, ਇਸ ਖਿਲਾਫ ਹਰ ਮੰਚ ਤੋਂ ਪ੍ਰਤੀਰੋਧ ਦੀ ਤਕੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਸਾਥੀ ਪਾਸਲਾ ਨੇ ਸਮੂਹ ਪਾਰਟੀ ਈਕਾਈਆਂ ਨੂੰ ਉਕਤ ਮੰਦਭਾਗੇ ਵਰਤਾਰੇ ਖਿਲਾਫ ਸਥਾਨਕ ਪੱਧਰ ‘ਤੇ ਕੇਂਦਰੀ ਸਰਕਾਰ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *