ਐਸ.ਐਸ.ਪੀ ਗੁਰਦਾਸਪੁਰ ਨੇ ਨਸ਼ਾ ਤਸੱਕਰਾਂ ਨੂੰ ਦਬੌਚ ਕੇ ਅੰਮ੍ਰਿਤਸਰ, ਤਰਨਤਾਰਨ ਅਤੇ ਮਾਨਸਾ ਜਿਲ੍ਹੇ ਦੇ ਲੋਕਾਂ ਦੇ ਹਿਰਦੇ ਨੂੰ ਪਾਈ ਠੰਡ
ਅਮਰੀਕਾ ਤੋਂ ਹੀ ਚਲਾਇਆ ਜਾ ਰਿਹਾ ਸੀ ਹੈਰੋਇਨ ਦੀ ਖੇਪ ਨੂੰ ਮੰਗਵਾਉਣ ਅਤੇ ਸਪਲਾਈ ਕਰਨ ਦਾ ਧੰਦਾ
ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)–ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਦੋਂ ਕਰੀਬ 18 ਕਿਲੋ ਹੈਰੋਇੰਨ ਸਮੇਤ 2 ਪੁਰਸ਼ ਅਤੇ 1 ਮਹਿਲਾ ਨੂੰ ਕਾਬੂ ਕੀਤਾ।
ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਯਾਮਾ ਓਮ ਪ੍ਰਕਾਸ਼ ਨੇ ਅੱਜ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਗੁਰਵਿੰਦਰ ਸਿੰਘ ਸਹਾਇਕ ਸਬ ਇੰਸਪੈਕਟਰ ਵੱਲੋਂ ਅਦਿਤਿਆ ਐਸ. ਵਾਰੀਅਰ, ਆਈ.ਪੀ.ਐੱਸ, ਸਹਾਇਕ ਕਪਤਾਨ ਪੁਲਿਸ ਦੀਨਾਨਗਰ ਅਤੇ ਨਾਰਕੋਟਿਕਸ, ਗੁਰਦਾਸਪੁਰ ਦੀ ਦੇਖ-ਰੇਖ ਵਿੱਚ 27 ਜੁਲਾਈ 2023 ਨੂੰ ਸ਼ੂਗਰ ਮਿੱਲ ਪਨਿਆੜ ਵਿਖੇ ਸਪੈਸ਼ਲ ਨਾਕਾ ਬੰਦੀ ਦੌਰਾਨ ਇੱਕ ਕਾਰ ਨੰਬਰੀ ਪੀ.ਬੀ.-31, 1679 ਸਵਿਫਟ ਡਿਜ਼ਾਇਰ ਨੂੰ ਸ਼ੱਕ ਦੇ ਬਿਨਾਹ ’ਤੇ ਰੋਕ ਕੇ ਚੈਕਿੰਗ ਕੀਤੀ ਗਈ। ਇਸ ਗੱਡੀ ਵਿੱਚ ਸਵਾਰ 2 ਪੁਰਸ਼ ਅਤੇ 1 ਮਹਿਲਾ ਜਿਨ੍ਹਾਂ ਦੇ ਨਾਮ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਵਰਨ ਸਿੰਘ ਵਾਸੀ ਜਖੇਪਲ ਥਾਣਾ ਧਰਮਗੜ੍ਹ, ਜ਼ਿਲ੍ਹਾ ਸੰਗਰੂਰ, ਸੰਦੀਪ ਕੌਰ ਉਰਫ ਹਰਮਨ ਪਤਨੀ ਪਰਮਿੰਦਰ ਸਿੰਘ ਵਾਸੀ ਮੀਮਸਾ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਗੁੱੜਦੀ ਥਾਣਾ ਭੀਖੀ ਜ਼ਿਲ੍ਹਾ ਮਾਨਸਾ ਸਵਾਰ ਸਨ। ਪੁਲਿਸ ਪਾਰਟੀ ਵੱਲੋਂ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ ਕਰੀਬ 18 ਕਿਲੋ ਹੈਰੋਇੰਨ ਬਰਾਮਦ ਕੀਤੀ ਗਈ। ਗੱਡੀ ਵਿੱਚੋਂ ਇੱਕ ਕਾਰ ਕੈਮਰਾ ਵੀ ਬਰਾਮਦ ਹੋਇਆ ਹੈ।
ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ ਨੇ ਦੱਸਿਆ ਕਿ ਹੈਰੋਇਨ ਦੀ ਬਰਾਮਦੀ ਤੋਂ ਬਾਅਦ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ’ਤੇ ਉਕਤ ਦੋਸ਼ੀਆ ਦੇ ਖਿਲਾਫ਼ ਮੁਕੱਦਮਾ ਨੰਬਰ 139, ਮਿਤੀ 27 ਜੁਲਾਈ ਜੁਰਮ 21 ਸੀ, 25-61-85 ਐੱਨ.ਡੀ.ਪੀ.ਸੀ. ਐਕਟ ਤਹਿਤ ਥਾਣਾ ਦੀਨਾਨਗਰ ਵਿਖੇ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੌਰਾਨੇ ਪੁੱਛ-ਗਿੱਛ ਤੋਂ ਸਾਹਮਣੇ ਆਇਆ ਕਿ ਉਕਤ ਦੋਸ਼ੀ ਇਹ ਖੇਪ ਸ਼੍ਰੀਨਗਰ ਤੋਂ ਲੈ ਕੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਡਰੱਗ ਰੈਕਿਟ ਦਾ ਸਰਗਨਾ ਮੋਗਾ ਵਾਸੀ ਮਨਦੀਪ ਸਿੰਘ ਧਾਲੀਵਾਲ ਹੈ, ਜੋ ਹੈਰੋਇੰਨ ਮੰਗਵਾਉਣ ਅਤੇ ਸਪਲਾਈ ਕਰਨ ਦਾ ਕੰਮ ਕਰਦਾ ਹੈ, ਜਿਸ ਵੱਲੋਂ ਇਹ ਡਰੱਗ ਰੈਕਿਟ ਅਮਰੀਕਾ ਤੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਕੁਲਦੀਪ ਸਿੰਘ ਉਰਫ ਕਾਲਾ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਵਾਂ ਹੇਠ 2 ਮੁਕੱਦਮੇ ਦਰਜ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਔਰਤ 15 ਦਿਨ੍ਹ ਪਹਿਲਾਂ ਵਿਦੇਸ਼ ਤੋਂ ਪਰਤੀ ਸੀ। ਔਰਤ ਨਾਲ ਇਨ੍ਹਾਂ ਨਸ਼ਾ ਤਸੱਕਰਾਂ ਦੀ ਦੋਸਤੀ ਇੰਸਟਰਾਗ੍ਰਾਮ ਤੋਂ ਹੋਈ ਸੀ। ਇਹ ਲੋਕ ਪੰਜਾਬ ਵਿੱਚ ਨਸ਼ੇ ਦੀ ਖੇਪ ਨੂੰ ਅੱਗੇ ਪਿੱਛੇ ਕਰਨ ਵਿੱਚ ਇਸ ਔਰਤ ਦਾ ਸਹਾਰਾ ਲੈਂਦੇ ਸੀ। ਉਨ੍ਹਾਂ ਕਿਹਾ ਦੋਸ਼ੀਆ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।
ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮਿ੍ਤਸਰ, ਤਰਨਤਾਰਨ ਅਤੇ ਮਾਨਸਾ ਵਿਖੇ ਇੰਨ੍ਹਾਂ ਇਸ ਨਸ਼ੇ ਦੀ ਸਪਲਾਈ ਕਰਨੀ ਸੀ। ਜਿਸ ਨਾਲ ਹਜਾਰਾਂ ਨੌਜਵਾਨ ਨਸ਼ੇ ਦੇ ਲਪੇਟ ਵਿੱਚ ਆ ਜਾਣੇ ਸਨ। ਜਿਨ੍ਹਾਂ ਨੂੰ ਅੱਜ ਸਾਡੀ ਟੀਮ ਵੱਲੋਂ ਫੜ੍ਹ ਕੇ ਪੰਜਾਬ ਦੇ ਇੰਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ।