ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਝੋਟੇ ਦੀ ਗ੍ਰਿਫਤਾਰੀ ਖ਼ਿਲਾਫ਼ ਐਸਐਸਪੀ ਦਫ਼ਤਰ ਦਾ ਘਿਰਾਓ

ਪੰਜਾਬ

ਪੁਲਸ ਵਲੋਂ ਨਸ਼ਾ ਤਸਕਰਾਂ ਨੂੰ ਦਿੱਤੀ ਜਾ ਰਹੀ ਸਰਪ੍ਰਸਤੀ ਵਿਰੁਧ ਜ਼ਿਲਾ ਸਕੱਤਰੇਤ ਵਿਖੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ

ਜ਼ਿਲਾ ਪ੍ਰਸ਼ਾਸਨ ਨੇ ਜ਼ਿਲੇ ਦੇ ਪਿੰਡਾਂ ਨੂੰ ਹੜ੍ਹਾਂ ‘ਚ ਡੁੱਬਣੋ ਬਚਾਉਣ ਨਾਲੋਂ ਝੋਟੇ ਦੀ ਗ੍ਰਿਫਤਾਰੀ ਨੂੰ ਪਹਿਲ ਦਿੱਤੀ – ਬੁਲਾਰੇ

ਕਾਮਰੇਡ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਸੀਨੀਅਰ ਆਗੂ ਕਾਮਰੇਡ ਰਾਜਵਿੰਦਰ ਸਿੰਘ ਦੀ ਰਹਿਨੁਮਾਈ ਹੇਠ 21 ਜੁਲਾਈ ਨੂੰ ਹੋਵੇਗਾ ਪੁਲਸ ਖਿਲਾਫ ਧਰਨਾ ਦੇਣਗੇ

ਮਾਨਸਾ, ਗੁਰਦਾਸਪੁਰ 16 ਜੁਲਾਈ (ਸਰਬਜੀਤ ਸਿੰਘ)– ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ ਨੇ ਪ੍ਰੈਸ ਨੂੰ ਇੱਕ ਲਿਖਤ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮਾਨਸਾ ਜਿਲ੍ਹੇ ਵਿਚ ਨਸ਼ਿਆਂ ਦੇ ਕਾਲੇ ਕਾਰੋਬਾਰ ਖ਼ਿਲਾਫ਼ ਅੰਦੋਲਨ ਦੀ ਅਗੁਵਾਈ ਕਰ ਰਹੇ ਨੌਜਵਾਨਾਂ ਖਿਲਾਫ ਇਕ ਨਸ਼ਾ ਤਸਕਰ ਦੀ ‘ਮਾਣਹਾਨੀ’ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰਨ ਅਤੇ ਇਸ ਮੁਹਿੰਮ ਦੇ ਮੋਹਰੀ ਨੌਜਵਾਨ ਪਰਵਿੰਦਰ ਸਿੰਘ ਉਰਫ ਝੋਟੇ ਨੂੰ ਅੱਜ ਸਵੇਰੇ ਪੁਲਸ ਵਲੋਂ ਉਸ ਦੇ ਘਰ ਵਿਚ ਜਬਰੀ ਦਾਖਲ ਹੋ ਕੇ ਗ੍ਰਿਫਤਾਰ ਕਰਨ ਖ਼ਿਲਾਫ਼, ਪ੍ਰਸ਼ਾਸਨ ਵਿਰੁੱਧ ਜਨਤਾ ਦਾ ਗੁੱਸਾ ਫੁੱਟ ਨਿਕਲਿਆ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰ ਲਿਆ।
ਇਸ ਮੌਕੇ ਬੋਲਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਗੁਆਂਢੀਆਂ ਦੀ ਛੱਤ ਉਤੇ ਦੀ ਜਬਰੀ ਪਰਵਿੰਦਰ ਦੇ ਘਰ ਵਿਚ ਘੁਸਣ ਵਾਲੇ ਮਾਨਸਾ ਦੇ ਥਾਣਾ ਸਿਟੀ – 2 ਦੇ ਐਸਐਚਓ ਨੂੰ ਸਵੇਰੇ 6 ਵਜੇ ਮੈਂ ਮੌਕੇ ‘ਤੇ ਪਹੁੰਚ ਕੇ ਰੋਕਿਆ ਸੀ ਕਿ ਝੋਟਾ ਕੋਈ ਭਗੌੜਾ ਮੁਜਰਿਮ ਨਹੀਂ ਹੈ , ਜੋ ਪੁਲਸ ਉਸ ਨੂੰ ਇੰਝ ਜ਼ਬਰਦਸਤੀ ਚੁੱਕੇ। ਅਸੀਂ ਇਸ ਨੂੰ ਅਤੇ ਤੁਹਾਡੇ ਵਲੋਂ ਝੂਠੇ ਪਰਚੇ ‘ਚ ਪਾਏ ਬਾਕੀ ਨੌਜਵਾਨਾਂ ਨੂੰ ਦੋ ਘੰਟਿਆਂ ਤੱਕ ਥਾਣੇ ਪੇਸ਼ ਕਰ ਦੇਵਾਂਗੇ। ਪਰ ਥਾਣੇਦਾਰ ਨੇ ਉਪਰੋਂ ਆਏ ਹੁਕਮਾਂ ਦਾ ਹਵਾਲਾ ਦਿੰਦਿਆਂ ਸਾਡੀ ਕੋਈ ਗੱਲ ਨਹੀਂ ਸੁਣੀ, ਉਲਟਾ ਜ਼ਬਰਦਸਤੀ ਕਰਦਿਆਂ ਜਿਥੇ ਝੋਟੇ ਦੇ ਪਟਕੇ ਤੇ ਕੇਸਾਂ ਦੀ ਬੇਅਦਬੀ ਕੀਤੀ ਉਸ ਦੇ ਸੱਟਾਂ ਮਾਰੀਆਂ, ਉਥੇ ਪੁਲਸੀਆਂ ਵਲੋਂ ਇੱਕ ਮਾਰ ਕੇ ਉਸ ਦੇ ਬਜ਼ੁਰਗ ਬਾਪੂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਜਨਤਕ ਘਿਰਾਓ ਨੂੰ ਐਂਟੀ ਡਰੱਗ ਫੋਰਸ ਦੇ ਵਰਕਰਾਂ – ਅਮਨ ਪਟਵਾਰੀ, ਸੁਰਿੰਦਰ ਪਾਲ, ਸੁੱਖੀ ਮਾਨ, ਸੰਦੀਪ, ਕੁਲਵਿੰਦਰ ਕਾਲੀ, ਬਲਜਿੰਦਰ, ਜਗਮੋਹਨ, ਪੰਮਾ ਖਾਲਸਾ, ਸੰਗਤ ਸਿੰਘ, ਪ੍ਰਦੀਪ ਖਾਲਸਾ, ਸਾਹਿਬ ਸਿੰਘ ਤੇ ਜੱਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਸ ਪ੍ਰਸ਼ਾਸਨ ਵਲੋਂ ਚਾਹੇ ਨਸ਼ਾ ਤਸਕਰਾਂ ਨੂੰ ਕਿੰਨੀ ਵੀ ਸਰਪ੍ਰਸਤੀ ਦਿੱਤੀ ਜਾਵੇ, ਅਸੀਂ ਨਸ਼ਿਆਂ ਖ਼ਿਲਾਫ਼ ਅਪਣੀ ਮੁਹਿੰਮ ਜਾਰੀ ਰੱਖਾਂਗੇ ਅਤੇ ਇਸ ਮੁੱਦੇ ‘ਤੇ 21 ਜੁਲਾਈ ਜ਼ਿਲਾ ਸਕੱਤਰੇਤ ਵਿਖੇ ਰੱਖੀ ਗਈ “ਨਸ਼ੇ ਨਹੀਂ – ਰੁਜ਼ਗਾਰ ਦਿਓ” ਰੈਲੀ ਲਈ ਪਿੰਡ ਪਿੰਡ ਪਹੁੰਚ ਕੇ ਵੱਡੀ ਜਨਤਕ ਲਾਮਬੰਦੀ ਕਰਾਂਗੇ।


ਇਸ ਸਬੰਧੀ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਲੋਕਾਂ ਵੱਲੋਂ ਵਿਰੋਧ ਕੀਤੇ ਜਾ ਰਹੇ ਝੋਟੇ ਦੇ ਸਬੰਧ ਵਿੱਚ ਐਸ.ਪੀ ਹੈਡ ਕੁਆਟਰ ਮਾਨਸਾ ਨੂੰ ਕੀਤੇ ਸਵਾਲ ਜਵਾਬ ਤੇ ਉਹ ਤਸੱਲੀਬਖਸ਼ ਜਵਾਬ ਨਹੀੰ ਦੇ ਸਕੇ। ਜਿਸਦੇ ਰੋਹ ਵਿੱਚ ਕਾਮਰੇਡ ਨੇ ਕਿਹਾ ਕਿ ਜਦੋਂ ਪੁਲਸ ਦਾ ਕਪਤਾਨ ਹੀ ਨਸ਼ਾ ਤਸਕਰਾਂ ਨਾਲ ਮਿਲਿਆ ਹੋਵੇ ਤਾ ਲੋਕਾਂ ਨੂੰ ਇਨਸਾਫ ਦੀ ਮੰਗ ਕਿੱਥੇ ਹੋ ਸਕਦੀ ਹੈ।

ਜ਼ਿਲਾ ਪ੍ਰਸ਼ਾਸਨ ਉਤੇ ਵਿਅੰਗ ਕਰਦਿਆਂ ਕਿਹਾ ਕਿ ਇਕ ਪਾਸੇ ਅੱਜ ਸਵੇਰੇ ਪੰਜ ਵਜੇ ਘੱਗਰ ਦਾ ਚਾਂਦਪੁਰਾ ਬੰਨ ਟੁੱਟਣ ਕਾਰਨ ਮਾਨਸਾ ਜਿਲੇ ਦੇ ਦਰਜਨਾਂ ਪਿੰਡਾਂ ਵਿਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ, ਪਰ ਹੜ੍ਹ ਤੋਂ ਪੀੜਤ ਲੋਕਾਂ ਦੀ ਮੱਦਦ ਕਰਨ ਦੀ ਬਜਾਏ, ਐਸਐਸਪੀ ਮਾਨਸਾ ਨੇ ਅੱਜ ਸਵੇਰੇ ਅਪਣੀ ਪੁਲਸ ਝੋਟੇ ਨੂੰ ਘੇਰਨ ਲਈ ਝੋਕ ਦਿੱਤੀ ਤੇ ਉਹ ਵੀ ਇਕ ਨਸ਼ਾ ਤਸਕਰ ਦੀ ਸ਼ਿਕਾਇਤ ‘ਤੇ ਦਰਜ ਕੀਤੇ ਇਕ ਮਾਮੂਲੀ ਜਹੇ ਕੇਸ ਵਿਚ। ਇਸ ਇੱਕਠ ਨੂੰ ਮਾਨਸਾ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਕਾਂਗਰਸ ਆਗੂ ਮਨਜੀਤ ਰਾਣਾ, ਅਕਾਲੀ ਦਲ ਮਾਨ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਐਡਵੋਕੇਟ ਲਖਵਿੰਦਰ ਲੱਖਣਪਾਲ ਤੇ ਬਲਵੰਤ ਸਿੰਘ ਭਾਟੀਆ, ਵਿਦਿਆਰਥੀ ਆਗੂ ਸੁਖਜੀਤ ਸਿੰਘ ਰਾਮਾਨੰਦੀ, ਕਥਾਕਾਰ ਧਰਮਵੀਰ ਸਿੰਘ ਘਰਾਂਗਣਾ, ਸਰਪੰਚ ਰਾਜੀਵ ਕੁਮਾਰ ਕੱਲੋ, ਰਣਧੀਰ ਸਿੰਘ ਨੰਗਲ ਕਲਾਂ, ਯੂ ਟਿਊਬਰ ਭਾਨਾ ਸਿੰਘ ਸਿੱਧੂ, ਡਕੌਂਦਾ ਯੂਨੀਅਨ ਦੇ ਜਗਦੇਵ ਸਿੰਘ ਕੋਟਲੀ ਕਲਾਂ, ਸਿੱਧੂਪੁਰ ਯੂਨੀਅਨ ਦੇ ਜਗਦੇਵ ਸਿੰਘ ਭੈਣੀਬਾਘਾ, ਟੇਕ ਸਿੰਘ ਭੰਮੇ, ਇੰਦਰਜੀਤ ਸਿੰਘ ਮੁਨਸ਼ੀ, ਮੀਹਾਂ ਸਿੰਘ, ਸਰਪੰਚ ਇਕਬਾਲ ਸਿੰਘ ਫਫੜੇ, ਡਾਕਟਰ ਸੀਰਾ ਜੋਗਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾ, ਲਿਬਰੇਸ਼ਨ ਆਗੂ ਕਾਮਰੇਡ ਸੁਰਿੰਦਰ ਪਾਲ ਸ਼ਰਮਾ, ਗੁਰਚਰਨ ਸਿੰਘ ਕੋਟਲੀ, ਮਾਸਟਰ ਅਰਸ਼ਦੀਪ ਧਾਲੀਵਾਲ ਅਤੇ ਕ੍ਰਿਸ਼ਨਾ ਕੌਰ ਨੇ ਵੀ ਸੰਬੋਧਨ ਕੀਤਾ।

ਪਰਵਿੰਦਰ ਝੋਟੇ ਦੇ ਪਿਤਾ ਫੌਜੀ ਭੀਮ ਸਿੰਘ ਦਾ ਕਹਿਣਾ ਹੈ ਕਿ ਸਾਡਾ ਬੱਚਾ ਮਾਨ ਸਰਕਾਰ ਨੇ ਪੁਲਸ ਨੂੰ ਕਹਿ ਕੇ ਜੇਲ੍ਹ ਵਿੱਚ ਭੇਜ ਦਿਤਾ ਹੈ। ਅਸੀ ਉਸਦਾ ਖਾਣਾ ਕੋਈ ਜੇਲ੍ਹ ਵਿੱਚ ਨਹੀਂ ਭੇਜਾਗੇ। ਭਵਿੱਖ ਆਮ ਆਦਮੀ ਪਾਰਟੀ ਨੂੰ ਇੱਥੋ ਭਾਂਜ ਦੇੇਵਾਂਗੇ, ਜੋ ਕਿ ਲੋਕ ਨਸ਼ਾ ਤਸਕਰਾ ਦੇਖਿਲਾਫ ਹਨ, ਉਸ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਜਦੋਂ ਕਿ ਨਸ਼ਾ ਬੰਦ ਕਰਵਾਉਣ ਵਿੱਚ ਮੇਰਾ ਪੁੱਤਰ ਜਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਾ ਸਾਥ ਦੇ ਰਿਹਾ ਹੈ। ਫਿਰ ਸਾਡੇ ਨਾਲ ਅਜਿਹੀ ਬੇਇੰਸਾਫੀ ਕਿਉੰ।

ਸਮੂਹ ਸ਼ਾਮਲ ਪਾਰਟੀਆਂ, ਜਥੇਬੰਦੀਆਂ, ਇਨਸਾਫ਼ ਪਸੰਦ ਨੌਜਵਾਨਾਂ ਅਤੇ ਜ਼ਿਲਾ ਵਾਸੀਆਂ ਨੇ ਰਾਏ ਮਸ਼ਵਰੇ ਤੋਂ ਬਾਦ ਐਲਾਨ ਕੀਤਾ ਕਿ ਇਸ ਮੁੱਦੇ ‘ਤੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਨਸ਼ਾ ਤਸਕਰਾਂ ਨੂੰ ਖੁੱਲੇਆਮ ਦਿੱਤੀ ਜਾ ਰਹੀ ਸ਼ਹਿ ਤੇ ਸਰਪ੍ਰਸਤੀ ਦੇ ਖਿਲਾਫ ਹੁਣੇ ਤੋਂ ਹੀ ਜ਼ਿਲਾ ਕੰਪਲੈਕਸ ਵਿਚ ਦਿਨ ਰਾਤ ਦਾ ਸ਼ਾਂਤਮਈ ਧਰਨਾ ਆਰੰਭ ਕੀਤਾ ਜਾਵੇਗਾ। ਘਿਰਾਓ ਖਤਮ ਕਰਨ ਸਾਰ ਬਾਲ ਭਵਨ ਦੇ ਗੇਟ ਨੇੜੇ ਅਣਮਿਥੇ ਸਮੇਂ ਦਾ ਇਹ ਧਰਨਾ, ਕਾਮਰੇਡ ਰਾਣਾ ਦੀ ਅਗਵਾਈ ਵਿਚ ਸ਼ੁਰੂ ਕਰ ਦਿੱਤਾ ਗਿਆ।

Leave a Reply

Your email address will not be published. Required fields are marked *