ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ 1553 ਪੋਲਿੰਗ ਬੂਥਾਂ ‘ਤੇ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐਸ.ਆਈ.ਆਰ.) ਅਧੀਨ ਲਗਾਏ ਗਏ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਵਿੱਚ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।ਇਹ ਵਿਸ਼ੇਸ਼ ਕੈਂਪ ਐਸ.ਆਈ.ਆਰ. ਤਹਿਤ ਗਿਣਨਾ ਫਾਰਮ ਇਕੱਤਰ ਕਰਨ ਅਤੇ ਉਨ੍ਹਾਂ ਦੀ ਡਿਜੀਟਾਈਜ਼ੇਸ਼ਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਲਗਾਏ ਗਏ ਹਨ। ਇਹ ਕੈਂਪ ਸ਼ਨੀਵਾਰ ਅਤੇ ਅੱਜ ਐਤਵਾਰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗੇ, ਜਿਸ ਦੌਰਾਨ ਯੋਗ ਵੋਟਰਾਂ ਵਲੋਂ ਆਪਣੇ ਗਿਣਨਾ ਫਾਰਮ ਜਮ੍ਹਾਂ ਕਰਵਾਏ ਗਏਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਗਿਣਨਾ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਸਮੇਂ ਸਿਰ ਮੁਕੰਮਲ ਕਰਨਾ ਹੈ।
ਜਿਨ੍ਹਾਂ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼.) ਨੇ 100 ਫੀਸਦੀ ਡਿਜੀਟਾਈਜ਼ੇਸ਼ਨ ਦਾ ਕੰਮ ਪੂਰਾ ਕਰ ਲਿਆ ਹੈ, ਉਹ ਜਮ੍ਹਾਂ ਹੋਏ ਫਾਰਮਾਂ ਵਿੱਚ ਰਹਿ ਗਈਆਂ ਕਮੀਆਂ ਅਤੇ ਤਰੁੱਟੀਆਂ ਨੂੰ ਦੂਰ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ।ਜਿਨ੍ਹਾਂ ਪੋਲਿੰਗ ਬੂਥਾਂ ‘ਤੇ ਵੱਡੀ ਗਿਣਤੀ ਵਿੱਚ ਗਿਣਨਾ ਫਾਰਮ ਇਕੱਤਰ ਹੋ ਚੁੱਕੇ ਹਨ ਪਰ ਡਿਜੀਟਾਈਜ਼ੇਸ਼ਨ ਦਾ ਕੰਮ ਬਾਕੀ ਹੈ, ਉੱਥੇ ਡਿਜੀਟਾਈਜ਼ੇਸ਼ਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਬਾਕੀ ਰਹਿੰਦੇ ਫਾਰਮ ਵੀ ਇਕੱਤਰ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਜਿਨ੍ਹਾਂ ਖੇਤਰਾਂ ਵਿੱਚ ਤੁਲਨਾਤਮਕ ਤੌਰ ‘ਤੇ ਘੱਟ ਫਾਰਮ ਪ੍ਰਾਪਤ ਹੋਏ ਹਨ, ਉੱਥੇ ਬੀ.ਐਲ.ਓਜ਼. ਵੱਲੋਂ ਫਾਰਮ ਇਕੱਤਰ ਕਰਨ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਇੱਕੋ ਸਮੇਂ ਕੀਤਾ ਜਾ ਰਿਹਾ ਹੈ ਤਾਂ ਜੋ ਪੂਰੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ।ਕੈਂਪਾਂ ਦੇ ਸੁਚਾਰੂ ਸੰਚਾਲਨ ਲਈ ਸਬੰਧਤ ਸਕੂਲਾਂ ਦੇ ਸਟਾਫ਼, ਮਾਲ ਪਟਵਾਰੀਆਂ, ਆਂਗਣਵਾੜੀ ਵਰਕਰਾਂ, ਸੁਪਰਵਾਈਜ਼ਰਾਂ ਅਤੇ ਸਮੂਹ ਏ.ਐਲ.ਐਮ.ਟੀ./ਡੀ.ਐਲ.ਐਮ.ਟੀ. ਕਰਮਚਾਰੀਆਂ ਨੂੰ ਬੀ.ਐਲ.ਓਜ਼. ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਇਹ ਕਰਮਚਾਰੀ ਵੋਟਰਾਂ ਨੂੰ ਗਿਣਨਾ ਫਾਰਮ ਸਹੀ ਢੰਗ ਨਾਲ ਭਰਨ ਅਤੇ ਉਨ੍ਹਾਂ ਦੀ ਤੁਰੰਤ ਡਿਜੀਟਾਈਜ਼ੇਸ਼ਨ ਵਿੱਚ ਸਹਾਇਤਾ ਪ੍ਰਦਾਨ ਕਰ ਰਹੇ ਹਨ।ਐਸ.ਡੀ.ਐਮ. ਗੁਰਦਾਸਪੁਰ ਅਸ਼ੋਕ ਕੁਮਾਰ, ਐੱਸ ਡੀ ਐਮ ਡੇਰਾ ਬਾਬਾ ਨਾਨਕ ਲਛਮਣ ਸਿੰਘ, ਨਾਇਬ ਤਹਿਸੀਲਦਾਰ ਦੀਨਾਨਗਰ ਸੁਖਵਿੰਦਰ ਸਮੇਤ ਵੱਖ-ਵੱਖ ਅਧਿਕਾਰੀਆਂ ਨੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਵਿਸ਼ੇਸ਼ ਕੈਂਪਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੋਵੇਂ ਦਿਨਾਂ ਵਿੱਚ ਵੋਟਰਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ‘ਤੇ ਤਸੱਲੀ ਪ੍ਰਗਟ ਕੀਤੀ। ਚੋਣ ਪ੍ਰਕਿਰਿਆ ਸਬੰਧੀ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਵੋਟਰ ਵੋਟਰ ਹੈਲਪਲਾਈਨ 1950 ਜਾਂ ਆਪਣੇ ਬੀ ਐੱਲ ਓਜ਼ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


