ਜ਼ਿਲ੍ਹਾ ਗੁਰਦਾਸਪੁਰ ਵਿੱਚ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਜਾਰੀ, ਹਰ ਮਹੀਨੇ ਦੋ ਵਾਰ ਲੱਗਣਗੇ ਮੁਫ਼ਤ ਦੁੱਧ ਪਰਖ ਕੈਂਪ

ਗੁਰਦਾਸਪੁਰ

ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)– ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਵਰਿਆਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡੇਅਰੀ ਵਿਕਾਸ ਇੰਸਪੈਕਟਰ ਗੁਰਦਾਸਪੁਰ ਬਰਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਵਿਖੇ ਇੰਪਰੂਵਮੈਂਟ ਟਰੱਸਟ, ਨਬੀਪੁਰ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ।

ਕੈਂਪ ਦੌਰਾਨ ਘਰਾਂ ਵਿੱਚ ਵਰਤੇ ਜਾਂਦੇ ਦੁੱਧ ਦੀ ਕੁਆਲਟੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਫ਼ਤ ਦੁੱਧ ਪਰਖ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕੁੱਲ 27 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 16 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ, ਜਦਕਿ 11 ਸੈਂਪਲ ਨਿਰਧਾਰਤ ਮਿਆਰਾਂ ਅਨੁਸਾਰ ਪਾਏ ਗਏ।

ਜਾਂਚ ਦੌਰਾਨ ਕਿਸੇ ਵੀ ਸੈਂਪਲ ਵਿੱਚ ਕੋਈ ਹਾਨੀਕਾਰਕ ਪਦਾਰਥ ਨਹੀਂ ਪਾਇਆ ਗਿਆ। ਕੈਂਪ ਵਿੱਚ ਡੇਅਰੀ ਇੰਸਪੈਕਟਰ ਸ੍ਰੀ ਸ਼ੇਰ ਸਿੰਘ ਆਜ਼ਾਦ, ਸ੍ਰੀਮਤੀ ਅਨਾਮਿਕਾ ਸ਼ਰਮਾ ਅਤੇ ਡੇਅਰੀ ਇੰਸਪੈਕਟਰ ਮਿਸ ਅਨੂੰ ਵੱਲੋਂ ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਵਿਭਾਗੀ ਟੀਮ ਨੇ ਕਲੋਨੀ ਨਿਵਾਸੀਆਂ ਨੂੰ ਚੰਗੀ ਕੁਆਲਟੀ ਵਾਲਾ ਅਤੇ ਮਿਆਰੀ ਦੁੱਧ ਵਰਤਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਦੁੱਧ ਖਪਤਕਾਰਾਂ ਲਈ ਅਜਿਹੇ ਜਾਗਰੂਕਤਾ ਕੈਂਪ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹਰ ਮਹੀਨੇ ਦੋ ਵਾਰ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਘਰਾਂ ਵਿੱਚ ਵਰਤੇ ਜਾਂਦੇ ਦੁੱਧ ਦੀ ਗੁਣਵੱਤਾ ਬਾਰੇ ਜਾਣਕਾਰੀ ਮਿਲ ਸਕੇ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜਦੋਂ ਵੀ ਉਨ੍ਹਾਂ ਦੇ ਮੁਹੱਲੇ ਜਾਂ ਇਲਾਕੇ ਵਿੱਚ ਇਹ ਕੈਂਪ ਲੱਗਣ, ਤਾਂ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਦੁੱਧ ਦੀ ਮੁਫ਼ਤ ਜਾਂਚ ਕਰਵਾ ਕੇ ਸਿਹਤਮੰਦ ਜੀਵਨ ਵੱਲ ਕਦਮ ਵਧਾਉਣ।

Leave a Reply

Your email address will not be published. Required fields are marked *