ਰਮਨ ਬਹਿਲ ਵੱਲੋਂ ਉਦਘਾਟਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਦਿਲੋਂ ਧੰਨਵਾਦ
ਗੁਰਦਾਸਪੁਰ, 7 ਜੁਲਾਈ (ਸਰਬਜੀਤ ਸਿੰਘ)– ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਤੇ ਲੋਕ-ਪੱਖੀ ਅਗਵਾਈ ਹੇਠ ਹਲਕਾ ਗੁਰਦਾਸਪੁਰ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਇਸੇ ਲੜੀ ਤਹਿਤ ਪਿੰਡ ਜੌੜਾ ਛੱਤਰਾਂ ਦੇ ਮੇਨ ਬਜ਼ਾਰ ਵਿੱਚ ਲਗਭਗ 1000 ਫੁੱਟ ਲੰਬੀ ਅਤੇ 18 ਫੁੱਟ ਚੌੜੀ ਕੰਕਰੀਟ ਸੜਕ, ਸੀਵਰੇਜ ਪ੍ਰਣਾਲੀ ਅਤੇ ਇੰਟਰਲਾਕਿੰਗ ਟਾਇਲਾਂ ਦਾ ਕੰਮ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਇਸ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਅੱਜ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਇਹ ਸੜਕ ਪਿੰਡ ਜੌੜਾ ਛੱਤਰਾਂ ਦੇ ਮੇਨ ਬਜ਼ਾਰ ਵਿੱਚੋਂ ਹੋ ਕੇ ਧਾਰੀਵਾਲ ਮੇਨ ਰੋਡ ਨਾਲ ਜੁੜਦੀ ਹੈ, ਜਿਸ ਕਾਰਨ ਇਸ ਰਸਤੇ ’ਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਪਹਿਲਾਂ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਸ ਸੜਕ ਦੇ ਬਣਨ ਨਾਲ ਨਾ ਸਿਰਫ਼ ਪਿੰਡ ਦੇ ਮੇਨ ਬਜ਼ਾਰ ਨੂੰ ਵੱਡਾ ਲਾਭ ਮਿਲੇਗਾ, ਸਗੋਂ ਧਾਰੀਵਾਲ ਵੱਲ ਆਉਣ-ਜਾਣ ਵਾਲੇ ਹਜ਼ਾਰਾਂ ਰਾਹਗੀਰਾਂ ਨੂੰ ਵੀ ਸੁਚੱਜੀ, ਸੁਰੱਖਿਅਤ ਅਤੇ ਆਰਾਮਦਾਇਕ ਆਵਾਜਾਈ ਦੀ ਸਹੂਲਤ ਮਿਲੇਗੀ।
ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪਿੰਡ ਅਤੇ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਗੁਰਦਾਸਪੁਰ ਦੇ ਸਰਵਪੱਖੀ ਵਿਕਾਸ ਲਈ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ।
ਇਸ ਮੌਕੇ ਰਮਨ ਬਹਿਲ ਨੇ ਪਿੰਡ ਜੌੜਾ ਛੱਤਰਾਂ ਦੇ ਇਸ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਅਤੇ ਲੋਕ ਭਲਾਈ ਦੇ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਦੂਰਅੰਦੇਸ਼ੀ ਸੋਚ ਅਤੇ ਵਿਕਾਸ ਪੱਖੀ ਨੀਤੀਆਂ ਸਦਕਾ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਆਮ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ।
ਇਸ ਮੌਕੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਹਨੀ ਬਹਿਲ, ਅਜੇ ਬਹਿਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਚਾ ਸਿੰਘ ਮੁਲਤਾਨੀ, ਜੋਗਿੰਦਰ ਸਿੰਘ ਬਾਜਵਾ ਪਾਰਟੀ ਆਗੂ , ਨਿਸ਼ਾਨ ਸਿੰਘ ਸਰਪੰਚ ਜੋੜ੍ਹਾ ਛੱਤਰਾਂ, ਪ੍ਰਭਜੀਤ ਸਿੰਘ, ਜਤਿੰਦਰ ਸਿੰਘ, ਸਤਨਾਮ ਸਿੰਘ, ਸਾਜਨ ਮਹਾਜਨ ਅਤੇ ਪਿੰਡ ਦੀ ਪੰਚਾਇਤ, ਪਤਵੰਤੇ ਸੱਜਣ, ਪਾਰਟੀ ਆਗੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।


