ਚੰਡੀਗੜ੍ਹ, ਗੁਰਦਾਸਪੁਰ 25 ਮਈ 2026 (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਮਹੱਤਵਪੂਰਨ ਹਾਊਸ ਕਮੇਟੀਆਂ ਦੇ ਮੁਖੀ ਨਿਯੁਕਤ ਕਰਕੇ ਲੋਕਤੰਤਰੀ ਸੁਰੱਖਿਆ ਪ੍ਰਣਾਲੀਆਂ ਅਤੇ ਸੰਵਿਧਾਨਕ ਰਿਵਾਇਤਾਂ ਨੂੰ ਯੋਜਨਾਬੱਧ ਢੰਗ ਨਾਲ ਤਬਾਹ ਕੀਤਾ ਜਾ ਰਿਹਾ ਹੈ।
ਬਾਜਵਾ ਨੇ ਖਾਸ ਤੌਰ ‘ਤੇ ਇਸ ਗੱਲ ‘ਤੇ ਕੜਾ ਐਤਰਾਜ਼ ਜਤਾਇਆ ਕਿ ਲਗਾਤਾਰ ਦੂਜੇ ਸਾਲ ਵੀ ਪਬਲਿਕ ਅਕਾਊਂਟਸ ਕਮੇਟੀ (ਪੀਏਸੀ) ਦਾ ਚੇਅਰਮੈਨ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਸਦੀ ਲੋਕਤੰਤਰ ਦੀ ਜਵਾਬਦੇਹੀ ਪ੍ਰਣਾਲੀ ‘ਤੇ ਬੇਮਿਸਾਲ ਹਮਲਾ ਹੈ।
“ਪਬਲਿਕ ਅਕਾਊਂਟਸ ਕਮੇਟੀ ਸਰਕਾਰ ਦੇ ਖਰਚੇ ਅਤੇ ਕਾਰਜਪ੍ਰਣਾਲੀ ਦੀ ਜਾਂਚ ਕਰਨ ਲਈ ਬਣਾਈ ਗਈ ਹੈ। ਸੰਸਦੀ ਲੋਕਤੰਤਰਾਂ ਵਿੱਚ ਇਹ ਸਥਾਪਿਤ ਰਿਵਾਇਤ ਰਹੀ ਹੈ ਕਿ ਪੀਏਸੀ ਦਾ ਮੁਖੀ ਵਿਰੋਧੀ ਧਿਰ ਦਾ ਮੈਂਬਰ ਹੁੰਦਾ ਹੈ ਤਾਂ ਜੋ ਸਰਕਾਰ ‘ਤੇ ਸੁਤੰਤਰ ਨਿਗਰਾਨੀ ਬਣੀ ਰਹੇ। ਪਰ ਆਮ ਆਦਮੀ ਪਾਰਟੀ ਸਰਕਾਰ ਨੇ ਬੇਸ਼ਰਮੀ ਨਾਲ ਜਵਾਬਦੇਹੀ ਵਾਲੀਆਂ ਸੰਸਥਾਵਾਂ ਨੂੰ ਵੀ ਰਾਜਨੀਤਿਕ ਹਥਿਆਰਾਂ ਵਿੱਚ ਤਬਦੀਲ ਕਰ ਦਿੱਤਾ ਹੈ,” ਬਾਜਵਾ ਨੇ ਕਿਹਾ।
ਸੀਨੀਅਰ ਕਾਂਗਰਸੀ ਆਗੂ ਨੇ ਯਾਦ ਦਿਵਾਇਆ ਕਿ ਪਿਛਲੇ ਸਾਲ ਵਿਰੋਧੀ ਧਿਰ ਦੇ ਨੇਤਾ ਦੇ ਤੌਰ ‘ਤੇ ਉਨ੍ਹਾਂ ਨੇ ਪੀਏਸੀ ਦੇ ਚੇਅਰਮੈਨ ਲਈ ਕਾਂਗਰਸ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦਾ ਨਾਮ ਸਿਫਾਰਸ਼ ਕੀਤਾ ਸੀ। “ਲੋਕਤੰਤਰੀ ਰਿਵਾਇਤਾਂ ਅਤੇ ਵਿਧਾਨਿਕ ਮਰਯਾਦਾਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਨਮਾਨੇ ਢੰਗ ਨਾਲ ਆਮ ਆਦਮੀ ਪਾਰਟੀ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੂੰ ਪੀਏਸੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਇਸ ਸਾਲ ਵੀ ਉਹੀ ਗੈਰ-ਸੰਵਿਧਾਨਕ ਅਤੇ ਪੱਖਪਾਤੀ ਕਦਮ ਦੁਹਰਾਇਆ ਗਿਆ ਹੈ,” ਉਨ੍ਹਾਂ ਕਿਹਾ।
ਬਾਜਵਾ ਨੇ ਕਿਹਾ ਕਿ ਪੀਏਸੀ ਦੀ ਚੇਅਰਮੈਨਸ਼ਿਪ ਵਿਰੋਧੀ ਧਿਰ ਨੂੰ ਨਾ ਦੇਣ ਕਾਰਨ ਭਾਰਤ ਦੇ ਸੰਵਿਧਾਨ ਦੁਆਰਾ ਕਲਪਿਤ ਚੈਕਸ ਐਂਡ ਬੈਲੈਂਸ ਦੀ ਪੂਰੀ ਪ੍ਰਣਾਲੀ ਕਮਜ਼ੋਰ ਹੋ ਗਈ ਹੈ।
“ਸਪੀਕਰ ਦੀ ਕੁਰਸੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਿਰਪੱਖ ਰਹਿ ਕੇ ਲੋਕਤੰਤਰੀ ਸੰਸਥਾਵਾਂ ਦੀ ਮਰਯਾਦਾ ਦੀ ਰੱਖਿਆ ਕਰੇਗੀ। ਦੁੱਖ ਦੀ ਗੱਲ ਹੈ ਕਿ ਸਪੀਕਰ ਨੇ ਆਪਣੇ ਅਹੁਦੇ ਨੂੰ ਸੱਤਾਧਾਰੀ ਪਾਰਟੀ ਦੇ ਵਿਸਥਾਰ ਵਜੋਂ ਵਰਤਣਾ ਚੁਣਿਆ ਹੈ। ਮਾਨ ਸਰਕਾਰ ਸਪੱਸ਼ਟ ਰ ‘ਤੇ ਜਾਂਚ ਅਤੇ ਜਵਾਬਦੇਹੀ ਤੋਂ ਡਰੀ ਹੋਈ ਹੈ,” ਬਾਜਵਾ ਨੇ ਕਿਹਾ।
ਉਨ੍ਹਾਂ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਹੇਠ ਪੰਜਾਬ ਵਿੱਚ ਹਰ ਸੰਸਥਾਗਤ ਸੁਰੱਖਿਆ ਪ੍ਰਣਾਲੀ ਨੂੰ ਯੋਜਨਾਬੱਧ ਢੰਗ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ। “ਪੁਲਿਸ ਮਸ਼ੀਨਰੀ ਦੇ ਦੁਰਪਯੋਗ ਤੋਂ ਲੈ ਕੇ ਰਾਜਨੀਤਿਕ ਵਿਰੋਧੀਆਂ ਨੂੰ ਡਰਾਉਣ ਅਤੇ ਹੁਣ ਵਿਧਾਨਿਕ ਨਿਗਰਾਨੀ ਕਮੇਟੀਆਂ ‘ਤੇ ਕਬਜ਼ਾ ਕਰਨ ਤੱਕ, ਪੰਜਾਬ ਵਿੱਚ ਸੱਤਾ ਦਾ ਖਤਰਨਾਕ ਕੇਂਦਰੀਕਰਨ ਹੋ ਰਿਹਾ ਹੈ,” ਉਨ੍ਹਾਂ ਕਿਹਾ।
ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਪਾਰਦਰਸ਼ੀ ਅਤੇ ਸਾਫ਼-ਸੁਥਰੀ ਸਰਕਾਰ ਦੇ ਵਾਅਦੇ ਕੀਤੇ ਸਨ, ਪਰ ਹੁਣ ਲੋਕ ਲੋਕਤੰਤਰੀ ਰਿਵਾਇਤਾਂ ਅਤੇ ਸੰਵਿਧਾਨਕ ਨੈਤਿਕਤਾ ਦੀ ਘਾਟ ਦੇਖ ਰਹੇ ਹਨ।
“ਆਮ ਆਦਮੀ ਪਾਰਟੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਮਜ਼ਬੂਤ ਵਿਰੋਧੀ ਧਿਰ ਅਤੇ ਸੁਤੰਤਰ ਨਿਗਰਾਨੀ ਸੰਸਥਾਵਾਂ ਤੋਂ ਬਿਨਾਂ ਲੋਕਤੰਤਰ ਜਿਊਂਦਾ ਨਹੀਂ ਰਹਿ ਸਕਦਾ। ਪੰਜਾਬ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਜਵਾਬਦੇਹੀ ਨੂੰ ਖਤਮ ਕਰਨ ਅਤੇ ਲੋਕਤੰਤਰੀ ਚੈਕਸ ਐਂਡ ਬੈਲੈਂਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਹੈ,” ਬਾਜਵਾ ਨੇ ਕਿਹਾ।


