ਸੀ ਪੀ ਆਈ (ਐਮ.ਐਲ) ਦੇ 11ਵੇਂ ਮਹਾਂ ਸੰਮੇਲਨ ਮੌਕੇ ‘ਸੰਵਿਧਾਨ ਬਚਾਓ- ਲੋਕਤੰਤਰ ਬਚਾਓ- ਦੇਸ਼ ਬਚਾਓ’ ਸਿਆਸੀ ਕਨਵੈਨਸ਼ਨ

ਪੰਜਾਬ

ਕਨਵੈਨਸ਼ਨ ਨੇ ਦਿੱਤਾ 2024 ਵਿੱਚ ਭਾਜਪਾ ਨੂੰ ਦੇਸ਼ ਦੀ ਗੱਦੀ ਤੋਂ ਬੇਦਖਲ ਕਰਨ ਲਈ ਵਿਆਪਕ ਏਕਤਾ ਦਾ ਸੱਦਾ

ਪਟਨਾ/ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)– ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ, ਸਾਬਕਾ ਵਿਦੇਸ਼ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ, ਤਾਮਿਲਨਾਡੂ ਤੋਂ ਥੋਲ ਤਿਰੂਮਾਲਵਨ ਸਮੇਤ ਕਈ ਨੇਤਾਵਾਂ ਨੇ ਕੀਤੀ ਸ਼ਮੂਲੀਅਤ। ਪਟਨਾ, 18 ਫਰਵਰੀ 2023 ਸੀ.ਪੀ.ਆਈ. (ਐੱਮ.ਐੱਲ.) ਦੇ 11ਵੇਂ ਮਹਾਂ ਸੰਮੇਲਨ ਦੇ ਮੌਕੇ ‘ਤੇ ਅੱਜ ਪਟਨਾ ਦੇ ਸ਼੍ਰੀ ਕ੍ਰਿਸ਼ਨਾ ਮੈਮੋਰੀਅਲ ਹਾਲ ‘ਚ ‘ਸੰਵਿਧਾਨ ਬਚਾਓ- ਲੋਕਤੰਤਰ ਬਚਾਓ- ਦੇਸ਼ ਬਚਾਓ’ ਵਿਸ਼ੇ ‘ਤੇ ਇਕ ਸਿਆਸੀ ਕਨਵੈਨਸ਼ਨ ਕਰਵਾਈ ਗਈ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ, ਸਾਬਕਾ ਵਿਦੇਸ਼ ਮੰਤਰੀ ਅਤੇ ਕਾਂਗਰਸ ਆਗੂ ਸਲਮਾਨ ਖੁਰਸ਼ੀਦ, ਸੰਸਦ ਮੈਂਬਰ ਅਤੇ ਵਿਦੁਥਲਾਈ ਚਿਰੂਥੈਗਲ ਕਾਚੀ (ਲਿਬਰੇਸ਼ਨ ਪੈਂਥਰਜ਼ ਪਾਰਟੀ, ਤਾਮਿਲਨਾਡੂ) ਦੇ ਆਗੂ ਥੋਲ ਤਿਰੁਮਾਲਵਨ ਸਮੇਤ ਕਈ ਆਗੂਆਂ ਨੇ ਸ਼ਿਰਕਤ ਕੀਤੀ। ਸੀਪੀਆਈ (ਐਮਐਲ) ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ‘ਤੇ ਬਿਹਾਰ ਦੇ ਸੂਬਾ ਸਕੱਤਰ ਕਾਮਰੇਡ ਕੁਨਾਲ, ਏਪਵਾ ਦੀ ਕੌਮੀ ਪ੍ਰਧਾਨ ਰਤੀ ਰਾਓ, ਅਸਾਮ ਦੀ ਉੱਘੀ ਮਹਿਲਾ ਆਗੂ ਪ੍ਰਤਿਮਾ ਇੰਗਪੀ, ਜੇਡੀ (ਯੂ) ਦੇ ਕੌਮੀ ਪ੍ਰਧਾਨ ਲਲਨ ਸਿੰਘ, ਕਾਂਗਰਸ ਵਿਧਾਇਕ ਸ਼ਕੀਲ ਅਹਿਮਦ, ਪਾਰਟੀ ਫੋਲਿਕ ਬਿਊਰੋ ਮੈਂਬਰ ਧੀਰੇਂਦਰ ਝਾਅ, ਸੀਪੀਆਈ (ਐਮ ਐਲ) ਬਿਹਾਰ ਵਿਧਾਇਕ ਦਲ ਦੇ ਆਗੂ ਮਹਿਬੂਬ ਆਲਮ, ਚੀਫ ਵਿੱਪ ਸਤਿਆਦੇਵ ਰਾਮ, ਨੌਜਵਾਨ ਵਿਧਾਇਕ ਸੰਦੀਪ ਸੌਰਭ ਅਤੇ ਝਾਰਖੰਡ ਦੇ ਪਾਰਟੀ ਵਿਧਾਇਕ ਵਿਨੋਦ ਸਿੰਘ ਆਦਿ ਹਾਜ਼ਰ ਸਨ। ਪਾਰਟੀ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਨਵੈਨਸ਼ਨ ਵਿੱਚ ਮੌਜੂਦ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸੰਵਿਧਾਨ ਅਤੇ ਜਮਹੂਰੀਅਤ ਦੀ ਨੀਂਹ ਖ਼ਤਰੇ ਵਿੱਚ ਹੈ, ਤਾਂ ਦੇਸ਼ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਬਹੁਤ ਹੀ ਫੈਸਲਾਕੁੰਨ ਲੜਾਈ ਲੜਨੀ ਪੈ ਰਹੀ ਹੈ। ਇਸ ਦੇ ਲਈ ਸਾਨੂੰ ਵਿਆਪਕ ਏਕਤਾ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਅਣ ਐਲਾਨੀ ਐਮਰਜੈਂਸੀ ਦੇ ਸਾਹਮਣੇ ਇੰਦਰਾ ਦੀ ਐਮਰਜੈਂਸੀ ਵੀ ਫਿੱਕੀ ਜਾਪਦੀ ਹੈ। ਅੱਜ ਦੀ ਸੰਘ- ਬੀਜੇਪੀ ਦੀ ਐਮਰਜੈਂਸੀ ਸਥਾਈ ਐਮਰਜੈਂਸੀ ਹੈ। ਆਜ਼ਾਦੀ ਦੇ ਸਮੇਂ ਹੀ ਆਰਐਸਐਸ ਨੇ ਕਿਹਾ ਸੀ ਕਿ ਭਾਰਤ ਦਾ ਸੰਵਿਧਾਨ ਮਨੁਸਮ੍ਰਿਤੀ ਹੀ ਹੈ। ਪਰ ਅੱਜ ਦੇਸ਼ ਦੇ ਸੰਵਿਧਾਨ ਨੂੰ ਅੱਗੇ ਰੱਖ ਕੇ ਹੀ ਪੂਰੇ ਦੇਸ਼ ਵਿਚ ਜਮਹੂਰੀਅਤ ਤੇ ਸੰਵਿਧਾਨਕ ਸੰਸਥਾਵਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਲੋਕਾਂ ਦੇ ਸਾਰੇ ਹੱਕ ਖੋਹੇ ਜਾ ਰਹੇ ਹਨ। ਇਥੋਂ ਤੱਕ ਕਿ ਨਾਗਰਿਕਾਂ ਦੀ ਪਰਿਭਾਸ਼ਾ ਨੂੰ ਹੀ ਬਦਲਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਰੇ ਆਪਣੇ ਤਰੀਕੇ ਨਾਲ ਫਾਸ਼ੀਵਾਦ ਨੂੰ ਹਰਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਇਸ ਪ੍ਰਸੰਗ ਵਿਚ ਉਨ੍ਹਾਂ ਨੇ ਨਾਗਰਿਕਤਾ ਅੰਦੋਲਨ, ਇਤਿਹਾਸਕ ਕਿਸਾਨ ਅੰਦੋਲਨ ਦਾ ਅਤੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕੀਤਾ। ਉਨਾਂ ਝੂਠੇ ਕੇਸਾਂ ਵਿਚ ਜੇਲਾਂ ਵਿਚ ਸੜ ਰਹੇ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਤਮਾਮ ਕੈਦੀਆਂ ਦੀ ਫੌਰੀ ਰਿਹਾਈ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਫਾਸੀਵਾਦੀ ਹਮਲਿਆਂ ਤੇ ਸਾਜ਼ਿਸ਼ਾਂ ਦਾ ਟਾਕਰਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਕਨਵੈਨਸ਼ਨ 2024 ਲਈ ਦੇਸ਼ ਨੂੰ ਵੱਡਾ ਸੰਦੇਸ਼ ਦੇਵੇਗੀ। ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਨੇ ਇਸ ਕਨਵੈਨਸ਼ਨ ਲਈ ਸੱਦਾ ਦੇਣ ਲਈ ਸੀਪੀਆਈ (ਐਮ ਐਲ) ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਜਾਰਜ ਫਰਨਾਂਡੇਜ਼ ਦੇ ਸਮੇਂ ਤੋਂ ਸੀਪੀਆਈ (ਐਮ ਐਲ) ਨਾਲ ਆਪਣੇ ਪੁਰਾਣੇ ਸਬੰਧਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਤੋਂ ਹੀ ਸਾਡੀ ਪਾਰਟੀ ਵਿੱਚ ਭਾਜਪਾ ਤੋਂ ਵੱਖ ਹੋਣ ਦੀ ਗੱਲ ਚੱਲ ਰਹੀ ਸੀ ਅਤੇ ਆਖਰਕਾਰ ਅਸੀਂ ਉਨ੍ਹਾਂ ਨਾਲੋਂ ਵੱਖ ਹੋ ਗਏ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ। ਸਾਡੇ ਭਾਜਪਾ ਤੋਂ ਵੱਖ ਹੋਣ ਦਾ ਦੇਸ਼ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਸਵਾਗਤ ਕੀਤਾ। ਹੁਣ ਅਸੀਂ ਵੱਧ ਤੋਂ ਵੱਧ ਪਾਰਟੀਆਂ ਨੂੰ ਇੱਕਜੁੱਟ ਕਰਕੇ ਲੋਕ ਸਭਾ ਚੋਣਾਂ ਲੜਾਂਗੇ, ਤਾਂ ਜੋ ਭਾਜਪਾ ਨੂੰ ਲੱਕ ਤੋੜਵੀਂ ਹਾਰ ਦਿੱਤੀ ਜਾ ਸਕੇ। ਭਾਜਪਾ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ‘ਚ ਇਨ੍ਹਾਂ ਲੋਕਾਂ ਦੀ ਕੋਈ ਭੂਮਿਕਾ ਨਹੀਂ ਸੀ, ਪਰ ਅੱਜ ਇਹ ਲੋਕ ਆਜ਼ਾਦੀ ਦੇ ਸੰਘਰਸ਼ ਦੀ ਪੂੰਜੀ ਲਾ ਕੇ ਨਵਾਂ ਜ਼ਾਹਲੀ ਇਤਿਹਾਸ ਘੜਣ ਦੀ ਕੋਸ਼ਿਸ਼ ਕਰ ਰਹੇ ਹਨ | ਅਜ਼ਾਦੀ ਤੋਂ ਬਾਅਦ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਪਰ ਲੰਬੇ ਸਮੇਂ ਤੋਂ ਦੇਸ਼ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਵਿੱਚ ਏਕਤਾ ਬਣੀ ਹੋਈ ਹੈ। ਸਾਨੂੰ ਸਾਰਿਆਂ ਨੂੰ ਫਿਰਕੂ ਨਫ਼ਰਤ ਦੀ ਸੰਘੀ ਮੁਹਿੰਮ ਨੂੰ ਮਾਤ ਦਿੰਦੇ ਹੋਏ ਇਸ ਏਕਤਾ ਨੂੰ ਹੋਰ ਮਜ਼ਬੂਤ ​​ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਵਿਆਪਕ ਅਪੋਜ਼ੀਸ਼ਨ ਏਕਤਾ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਮੰਚ ‘ਤੇ ਬੈਠੇ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੂੰ ਕਿਹਾ ਕਿ ਇਹ ਸੰਦੇਸ਼ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਤੱਕ ਪਹੁੰਚਾਇਆ ਜਾਵੇ। ਜੇਕਰ ਅਸੀਂ ਸਾਰੇ ਇਕੱਠੇ ਹੋਵਾਂਗੇ ਤਾਂ ਭਾਜਪਾ 100 ਤੋਂ ਵੀ ਹੇਠਾਂ ਆ ਜਾਵੇਗੀ। ਉਨ੍ਹਾਂ ਨੇ ਅਪਣੇ 11ਵੇਂ ਮਹਾਂ ਸੰਮੇਲਨ ਲਈ ਅੰਦੋਲਨਾਂ ਦੀ ਭੂਮੀ ਪਟਨਾ ਨੂੰ ਚੁਣਨ ਲਈ ਸੀਪੀਆਈ (ਐਮਐਲ) ਨੂੰ ਵਧਾਈ ਦਿੱਤੀ। ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਨੇ ਕਿਹਾ ਕਿ ਚਰਚਾ ਮੁੱਦਿਆਂ ‘ਤੇ ਹੋਣੀ ਚਾਹੀਦੀ ਹੈ ਨਾ ਕਿ ਮੋਦੀ ‘ਤੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਪਿਠੂ ਮੀਡੀਆ ਇਸ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਭਾਜਪਾ-ਆਰਐਸਐਸ ਸਿਰਫ਼ ਨਫ਼ਰਤ ਫੈਲਾਉਣ ਅਤੇ ਦੇਸ਼ ਨੂੰ ਵੰਡਣ ਦਾ ਕੰਮ ਕਰਦੇ ਹਨ। ਉਨਾਂ ਵਿਅੰਗ ਕਰਦਿਆਂ ਕਿਹਾ ਕਿ ਜੋ ਭਾਜਪਾ ਦੇ ਖਿਲਾਫ ਹੈ ਉਹ ਖਲਨਾਇਕ ਅਤੇ ਜ਼ੋ ਉਸ ‘ਚ ਸਾਮਲ ਹੋ ਜਾਵੇ ਉਹ ਹਰੀਸ਼ਚੰਦਰ ਬਣ ਜਾਂਦਾ ਹੈ। ਉਨ੍ਹਾਂ ਇਸ ਕਨਵੈਨਸ਼ਨ ਦੇ ਆਯੋਜਨ ਲਈ ਲਿਬਰੇਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਿਹਾਰ ਦੀ ਧਰਤੀ ਨੇ ਭਾਜਪਾ ਨਾਲ ਉਸੇ ਤਰ੍ਹਾਂ ਝਟਕਾ ਦਿੱਤਾ ਹੈ, ਜਿਵੇਂ ਉਹ ਦੂਜੇ ਰਾਜਾਂ ਵਿੱਚ ਹੋਰਨਾਂ ਧਿਰਾਂ ਨੂੰ ਦਿੰਦੀ ਹੈ। ਅਸੀਂ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ, ਪਰ ਸਾਡਾ ਰਸਤਾ ਭਾਜਪਾ ਵਾਲਾ ਨਹੀਂ ਸੀ। ਸਾਡੇ ਕੋਲ ਵਿਧਾਇਕਾਂ ਨੂੰ ਖਰੀਦਣ-ਵੇਚਣ ਲਈ ਅੰਬਾਨੀ-ਅਡਾਨੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਕਾਨਫਰੰਸ ਤੋਂ ਨਵੇਂ ਰਾਹ ਸਾਹਮਣੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਫਿਰਕੂ ਤਾਕਤਾਂ ਅੱਗੇ ਕਦੇ ਨਹੀਂ ਝੁਕੇ। ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ ਹੈ, ਕੋਈ ਵੀ ਮੁਸਲਮਾਨਾਂ ਤੋਂ ਉਨ੍ਹਾਂ ਦਾ ਹੱਕ ਨਹੀਂ ਖੋਹ ਸਕਦਾ। ‘ਲਾਲੀ ਦੇਖਣ ਮੈਂ ਗਿਆ
ਮੈਂ ਵੀ ਹੋ ਗਿਆ ਲਾਲ ..!’ ਸਾਬਕਾ ਵਿਦੇਸ਼ ਮੰਤਰੀ ਅਤੇ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨੇ ਆਪਣੇ ਬਿਆਨ ਦੀ ਸ਼ੁਰੂਆਤ ਇਕ ਲੋਕ ਗੀਤ ਦੀਆਂ ਇਨ੍ਹਾਂ ਸਤਰਾਂ ਨਾਲ ਕੀਤੀ। ਉਨ੍ਹਾਂ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਸੀ.ਪੀ.ਆਈ. (ਐਮ ਐਲ) ਵੱਲੋਂ ਆਰੰਭੀ ਇਸ ਮੁਹਿੰਮ ਦਾ ਸਵਾਗਤ ਕੀਤਾ। ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੂੰ ਇਕ ਮੰਚ ‘ਤੇ ਲਿਆਉਣ ਬਾਰੇ ਉਨਾਂ ਕਿਹਾ ਕਿ ਅਸੀਂ ਵੀ ਉਹੀ ਚਾਹੁੰਦੇ ਹਾਂ ਜੋ ਤੁਸੀਂ ਚਾਹੁੰਦੇ ਹੋ, ਗੱਲ ਸਿਰਫ਼ ਹੈ ਕਿ ਪਹਿਲਾਂ ‘ਆਈ ਲਵ ਯੂ’ ਕੌਣ ਕਹੇਗਾ। ਉਨ੍ਹਾਂ ਨੇ ਇਸ ਬਾਰੇ ਨਿਤੀਸ਼ ਕੁਮਾਰ ਦਾ ਸੰਦੇਸ਼ ਅਪਣੇ ਪਾਰਟੀ ਪ੍ਰਧਾਨ ਤੱਕ ਪਹੁੰਚਾਉਣ ਦੀ ਗੱਲ ਕਹੀ। ਉਨਾਂ ਕਿਹਾ ਕਿ ਫਾਸੀਵਾਦੀ ਤਾਕਤਾਂ ਸਿਰਫ ਕਾਗ਼ਜ਼ੀ ਸ਼ੇਰ ਹਨ, ਜਦੋ ਹੀ ਅਸਲੀ ਸ਼ੇਰ ਗਰਜਣਗੇ, ਤਾਂ ਇਹ ਬੁਜ਼ਦਿਲ ਖੁੱਡਾਂ ਵਿਚ ਵੜ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਏਕਤਾ ਦੇ ਸੰਦੇਸ਼ ਨੂੰ ਅੱਗੇ ਲੈ ਕੇ ਜਾਣਗੇ। ਕਾਂਗਰਸ ਵੀ ਵਿਰੋਧੀ ਪਾਰਟੀਆਂ ਦੀ ਏਕਤਾ ਉਸਾਰਨ ਲਈ ਤਿਆਰ ਹੈ। ਝਾਰਖੰਡ ਦੇ ਮੁੱਖ ਮੰਤਰੀ ਸ੍ਰੀ ਹੇਮੰਤ ਸੋਰੇਨ ਅਪਣੇ ਤਹਿਸ਼ੁਦਾ ਰੁਝੇਵਿਆਂ ਕਾਰਨ ਬੇਸ਼ਕ ਅੱਜ ਦੀ ਕਨਵੈਨਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਸੰਮੇਲਨ ਨੂੰ ਆਪਣਾ ਲਿਖਤੀ ਸੰਦੇਸ਼ ਭੇਜਿਆ, ਜਿਸ ਨੂੰ ਵਿਧਾਇਕ ਵਿਨੋਦ ਸਿੰਘ ਨੇ ਪੜ੍ਹ ਕੇ ਸੁਣਾਇਆ। ਕਨਵੈਨਸ਼ਨ ਵਿੱਚ ਸ਼ਾਮਲ ਨਾ ਹੋ ਸਕਣ ਲਈ ਮੁਆਫੀ ਮੰਗਦਿਆਂ ਉਨਾਂ ਲਿਖਿਆ ਕਿ ਕੇਂਦਰ ਸਰਕਾਰ ਦੇਸ਼ ਦੇ ਸੰਘੀ ਢਾਂਚੇ ਉਤੇ ਲਗਾਤਾਰ ਹਮਲੇ ਕਰ ਰਹੀ ਹੈ। ਆਰਐਸਐਸ ਹਿਟਲਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਭਾਰਤ ਵਿੱਚ ਲਾਗੂ ਕਰਨਾ ਚਾਹੁੰਦੀ ਹੈ ਅਤੇ ਦੇਸ਼ ਦੀ ਭਾਈਚਾਰਕ ਸਾਂਝ ਨੂੰ ਭੰਗ ਕਰਕੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅਡਾਨੀ ਨਾਲ ਮੋਦੀ ਸਰਕਾਰ ਦੇ ਗਠਜੋੜ ਬਾਰੇ ਵੀ ਚਰਚਾ ਕੀਤੀ। ਉਨਾਂ ਦਾ ਕਹਿਣਾ ਸੀ ਕਿ 2024 ਵਿਚ ਫਾਸੀਵਾਦੀ ਤਾਕਤਾਂ ਨੂੰ ਸੱਤਾ ਵਿਚ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ। ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ, ਤਾਮਿਲਨਾਡੂ ਦੇ ਵਿਦੁਥਲਾਈ ਚਿਰੂਥਾਈਗਲ ਕਾਚੀ ਦੇ ਲੋਕ ਸਭਾ ਮੈਂਬਰ ਤਿਰੁਮਾਲਵਨ ਨੇ ਕਿਹਾ ਕਿ ਸਾਨੂੰ ਕੱਟੜਪੰਥ ਦਾ ਸਮਝੌਤਾਹੀਣ ਵਿਰੋਧ ਕਰਨਾ ਹੋਵੇਗਾ। ਫਾਸ਼ੀਵਾਦ ਭਾਰਤੀ ਲੋਕਤੰਤਰ ਲਈ ਸੁਨਾਮੀ ਵਾਂਗ ਖਤਰਨਾਕ ਹੈ। ਪ੍ਰੋਗਰਾਮ ਦਾ ਸੰਚਾਲਨ ਸੀਪੀਆਈ (ਐਮਐਲ) ਦੇ ਪੋਲਿਟ ਬਿਊਰੋ ਮੈਂਬਰ ਰਾਜਾਰਾਮ ਸਿੰਘ ਵੱਲੋਂ ਕੀਤਾ ਗਿਆ।

  1. ਕਨਵੈਨਸ਼ਨ ਦੀ ਸ਼ੁਰੂਆਤ ਪਾਰਟੀ ਦੀ ਸੱਭਿਆਚਾਰਕ ਟੀਮ ਵੱਲੋਂ ਪ੍ਰਸਿੱਧ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਮਸ਼ਹੂਰ ਨਜ਼ਮ ‘ਹਮ ਦੇਖਾਂਗੇ’ ਦੀ ਪੇਸ਼ਕਾਰੀ ਨਾਲ ਹੋਈ। ਜਦੋਂ ਗੀਤ ਗਾਇਆ ਜਾ ਰਿਹਾ ਸੀ, ਉਸੇ ਸਮੇਂ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਹਾਲ ਵਿੱਚ ਦਾਖ਼ਲ ਹੋਏ। ਗੀਤ ਦੇ ਸਨਮਾਨ ਵਿਚ ਸਿੱਧੇ ਸਟੇਜ ‘ਤੇ ਜਾਣ ਦੀ ਬਜਾਏ ਉਹ ਗਲਿਆਰੇ ਵਿਚ ਖੜ੍ਹੇ ਹੋ ਗਏ। ਗੀਤ ਖਤਮ ਹੋਣ ਤੋਂ ਬਾਅਦ ਹੀ ਉਹ ਸਟੇਜ ‘ਤੇ ਗਏ।
  2. ਇਸ ਦਿਨ ਬਿਹਾਰ ਦੇ ਕਿਸਾਨ ਅੰਦੋਲਨ ਦੇ ਮਹਾਨ ਨੇਤਾ ਸਵਾਮੀ ਸਹਿਜਾਨੰਦ ਸਰਸਵਤੀ ਦਾ ਜਨਮ ਦਿਨ ਹੋਣ ਕਾਰਨ ਕਨਵੈਂਸ਼ਨ ‘ਚ ਉਨ੍ਹਾਂ ਨੂੰ ਵਿਸ਼ੇਸ਼ ਰੂਪ ਵਿਚ ਯਾਦ ਕੀਤਾ ਗਿਆ।
  3. ਤੇਜਸਵੀ ਯਾਦਵ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਡੈਲੀਗੇਟਾਂ ਨੂੰ ਲਾਲ ਸਲਾਮ ਪੇਸ਼ ਕਰਨ ਨਾਲ ਕੀਤੀ।
  4. ਪ੍ਰੋਗਰਾਮ ਦੌਰਾਨ ਗਰੈਂਡ ਅਲਾਇੰਸ ਜ਼ਿੰਦਾਬਾਦ, ਫਾਸ਼ੀਵਾਦ ਦਾ ਨਾਸ਼ ਹੋ, ਇਨਕਲਾਬ ਜ਼ਿੰਦਾਬਾਦ ਆਦਿ ਨਾਅਰੇ ਲਗਾਤਾਰ ਗੂੰਜਦੇ ਰਹੇ।
  5. ਸਾਰੇ ਮਹਿਮਾਨਾਂ ਨੂੰ ਪਾਰਟੀ ਵੱਲੋਂ ਪ੍ਰਕਾਸ਼ਿਤ ਮੋਮੈਂਟੋ, ਸਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *