ਤਪਾ ਮੰਡੀ, ਗੁਰਦਾਸਪੁਰ, 01 ਮਈ (ਸਰਬਜੀਤ ਸਿੰਘ)— ਅੱਜ ਇੱਥੇ ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ (ਟੂਸੀ) ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੱਦੇ ‘ਤੇ ਦਰਜਨਾਂ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਇਕੱਠੇ ਹੋਏ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ। ਬਾਅਦ ਵਿੱਚ ਮਜ਼ਦੂਰਾਂ ਵੱਲੋਂ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਪੁਰਾਣੇ ਬੱਸ ਅੱਡੇ ਪਹੁੰਚਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਮਜ਼ਦੂਰਾਂ ਵੱਲੋਂ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਝੂਠੇ ਵਾਅਦਿਆਂ ਦੇ ਖ਼ਿਲਾਫ਼ ਜੰਮਕੇ ਨਾਹਰੇਬਾਜੀ ਕੀਤੀ। ਰੈਲੀ ਵਿੱਚ ਦਰਜਨਾਂ ਪਿੰਡਾਂ ਤੋਂ ਮਨਰੇਗਾ ਮਜ਼ਦੂਰ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਰਾਜਿੰਦਰ ਸਿੰਘ ਭਦੌੜ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ ਰਾਜਿੰਦਰਪਾਲ ਵੱਲੋਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ ਅਤੇ ਮਜ਼ਦੂਰਾਂ ਦੇ 140 ਸਾਲ ਪੁਰਾਣੇ ਖਾੜਕੂ ਇਤਿਹਾਸ ਬਾਰੇ ਚਾਨਣਾ ਪਾਇਆ। ਆਗੂਆਂ ਨੇ ਕਿਹਾ ਕਿ ਸ਼ਿਕਾਗੋ ਦੇ ਮਜ਼ਦੂਰਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਅਤੇ ਫਾਂਸੀਆਂ ਤੇ ਚੜ੍ਹਕੇ ਸਮੇਂ ਦੀਆਂ ਸਰਕਾਰਾਂ ਨੂੰ ਅੱਠ ਘੰਟੇ ਦਿਹਾੜੀ ਦਾ ਕਾਨੂੰਨ ਬਣਾਉਣ ਲਈ ਮਜਬੂਰ ਕਰ ਦਿੱਤਾ ਸੀ। ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਅਤੇ ਅਜਾਇਬ ਸਿੰਘ ਖੋਖਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਵੱਲੋਂ ਵੱਖ ਵੱਖ ਸਮੇਂ ਜੋ ਤਿੱਖੇ ਸੰਘਰਸ਼ ਕਰਕੇ ਸਰਕਾਰਾਂ ਨੂੰ ਕਿਰਤ ਕਾਨੂੰਨ ਬਣਾਉਣ ਲਈ ਮਜਬੂਰ ਕਰ ਦਿੱਤਾ ਸੀ ਪਰ ਫਾਸ਼ੀਵਾਦੀ ਮੋਦੀ ਸਰਕਾਰ ਵੱਲੋਂ ਖ਼ਤਮ ਕਰਕੇ ਉਹਨਾਂ ਨੂੰ ਚਾਰ ਲੇਬਰ ਕੋਡ ਵਿੱਚ ਬਦਲ ਦਿੱਤਾ ਹੈ,ਜੋ ਪੂਰੀ ਤਰ੍ਹਾਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ। ਆਗੂਆਂ ਨੇ ਇਹ ਵੀ ਕਿਹਾ ਕਿ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਨੂੰ ਜੋ ਜਮਹੂਰੀ ਹੱਕ ਮਿਲੇ ਸਨ, ਮੋਦੀ ਸਰਕਾਰ ਵੱਲੋਂ ਉਹ ਖੋਹੇ ਜਾ ਰਹੇ ਹਨ। ਮਜ਼ਦੂਰ ਜਮਾਤ ਦੀ ਤਿੱਖੀ ਲੁੱਟ ਕਰਨ ਕਰਕੇ ਅੰਬਾਨੀ – ਆਡਾਨੀ ਵਰਗੇ ਮਹਾਂ ਭ੍ਰਿਸ਼ਟ ਅਮੀਰਾਂ ਨੂੰ ਹੋਰ ਮਾਲੋਮਾਲ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਵੱਲੋਂ ਵੀਹ ਸਾਲ ਪੁਰਾਣਾ ਮਨਰੇਗਾ ਦਾ ਕਾਨੂੰਨ ਖ਼ਤਮ ਕਰਕੇ ਕਰੋੜਾਂ ਮਜ਼ਦੂਰਾਂ ਨੂੰ ਭੁੱਖੇ ਮਰਨ ਲਈ ਮਜ਼ਬੂਰ ਕਰ ਦਿੱਤਾ ਹੈ। ਅੱਜ ਦੇ ਇਕੱਠ ਵਿੱਚ ਮੰਗ ਕੀਤੀ ਗਈ ਕਿ ਮਨਰੇਗਾ ਦਾ ਕਾਨੂੰਨ ਦੁਬਾਰਾ ਬਹਾਲ ਕੀਤਾ ਜਾਵੇ, ਮਜ਼ਦੂਰਾਂ ਨੂੰ 200 ਦਿਨ ਕੰਮ ਅਤੇ ਸੱਤ ਸੌ ਰੁਪਏ ਦਿਹਾੜੀ ਲਾਗੂ ਕੀਤੀ ਜਾਵੇ। ਚਾਰ ਲੇਬਰ ਕੋਡ ਤੁਰੰਤ ਰੱਦ ਕੀਤੇ ਜਾਣ, ਅੱਠ ਘੰਟੇ ਦਿਹਾੜੀ ਦਾ ਕਾਨੂੰਨ ਬਹਾਲ ਕੀਤਾ ਜਾਵੇ, ਠੇਕਾ ਪ੍ਰਥਾ ਬੰਦ ਕਰਕੇ ਮਜ਼ਦੂਰਾਂ ਦੀ ਸਥਾਈ ਭਰਤੀ ਕੀਤੀ ਜਾਵੇ ਅਤੇ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਇਕੱਠ ਨੂੰ ਹੋਰਨਾਂ ਤੋਂ ਇਲਾਵਾ ਅੰਤਰਜਾਮੀ ਸਿੰਘ ਬਰਨਾਲਾ, ਮਨਦੀਪ ਕੌਰ ਸੂਚ, ਕਰਮਜੀਤ ਕੌਰ ਕਰਾੜਵਾਲਾ, ਬਲਜੀਤ ਕੌਰ ਮੌੜ , ਗੁਰਮੇਲ ਸਿੰਘ ਪੱਖੋਕਲਾਂ, ਬੱਗੜ ਸਿੰਘ ਅਤੇ ਲਾਲ ਸਿੰਘ ਰੂੜੇਕੇ ਕਲਾਂ , ਗੁਰਮੇਲ ਸਿੰਘ ਢਿੱਲਵਾਂ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।


