ਕਿਸਾਨ 20 ਏਕੜ ਵਾਲੇ ਹੋਣ ਜਾਂ 2 ਏਕੜ ਵਾਲੇ ਜ਼ਮੀਨ ਨਿਲਾਮ ਨਹੀਂ ਹੋਣ ਦਿਆਂਗੇ
ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਪੰਜਾਬ ਚੈਪਟਰ ਦੇ ਆਗੂਆਂ ਦੀ ਆਨਲਾਈਨ ਮੀਟਿੰਗ ਮੋਰਚੇ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਬਲਦੇਵ ਸਿੰਘ ਸਿਰਸਾ,ਕਾਕਾ ਸਿੰਘ ਕੋਟੜਾ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ, ਸੁਖਦੇਵ ਸਿੰਘ ਭੋਜਰਾਜ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬਾਗੜੀਆਂ,ਸੁਖਪਾਲ ਸਿੰਘ ਡਫਰ,ਰਘਬੀਰ ਸਿੰਘ ਭੰਗਾਲਾ, ਸੋਨੂ ਔਲਖ, ਸ਼ਮਸ਼ੇਰ ਸਿੰਘ,ਰਜਿੰਦਰ ਸਿੰਘ ਜਫਰਵਾਲ ਅਤੇ ਨਸੀਬ ਸਿੰਘ ਸਾਂਘਣਾ ਸਮੇਤ ਮੋਰਚੇ ਦੇ ਸਾਰੇ ਆਗੂ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉੱਤੇ ਵਿਚਾਰ ਚਰਚਾ ਕਰਦਿਆਂ ਹੋਇਆਂ ਦੋ ਵੱਡੇ ਪ੍ਰੋਗਰਾਮ ਉਲੀਕੇ ਗਏ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਵਿਕਾਸ ਬੈਂਕਾਂ ਵੱਲੋਂ ਡਿਫਾਲਟਰ ਘੋਸ਼ਿਤ ਕਿਸਾਨਾਂ ਦੀਆਂ ਜ਼ਮੀਨਾਂ ਨਿਲਾਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਿਸ ਦੇ ਕਾਰਨ ਫਰੀਦਕੋਟ ਜਿਲੇ ਦੇ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੇ ਖੁਦਕੁਸ਼ੀ ਕਰ ਲਈ ਜਿਸ ਦੇ ਰੋਸ ਵਜੋਂ ਅਤੇ ਜਮੀਨਾਂ ਦੀ ਨਿਲਾਮੀ ਦਾ ਫੈਸਲਾ ਵਾਪਸ ਕਰਵਾਉਣ ਲਈ 30 ਮਾਰਚ ਨੂੰ ਸੂਬੇ ਦੇ ਸਾਰੇ ਪ੍ਰਾਈਮਰੀ ਐਗਰੀਕਲਚਰ ਡਿਵੈਲਪਮੈਂਟ ਬੈਂਕ (ਲੈਂਡ ਮੌਰਟਗੇਜ ਬੈਂਕਾਂ) ਦੇ ਸਾਹਮਣੇ ਧਰਨਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ। ਦੂਸਰਾ ਪ੍ਰੋਗਰਾਮ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਿਆਂ ਨੂੰ ਰੋਕਣ ਲਈ, ਬਿਜਲੀ ਸੋਧ ਬਿੱਲ, ਬੀਜ ਬਿੱਲ ਨੂੰ ਰੋਕਣ, ਐਮਐਸਪੀ ਦੇ ਗਰੰਟੀ ਕਾਨੂੰਨ, ਕਿਸਾਨ ਮਜ਼ਦੂਰ ਦੀ ਕਰਜ਼ ਮੁਕਤੀ, ਫਸਲਾਂ ਦੇ ਲਾਹੇਵੰਦ ਭਾਅ ਲੈਣ, ਸਬੰਧਿਤ ਹੋਰ ਅਤੇ ਜਿਲ੍ਹਿਆਂ ਦੀਆਂ ਸਥਾਨਕ ਮੰਗਾਂ ਲਈ 2 ਅਪ੍ਰੈਲ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਦਫਤਰਾਂ ਵਿੱਚ ਧਰਨਾ ਦੇ ਕੇ ਮੰਗ ਪੱਤਰ ਸੌਂਪੇ ਜਾਣਗੇ ਤੇ ਅਮਰੀਕਨ ਉਤਪਾਦ ਸਾੜੇ ਜਾਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਜਮੀਨ ਦੀ ਨਿਲਾਮੀ ਭਾਵੇਂ 20 ਏਕੜ ਵਾਲੇ ਕਿਸਾਨਾਂ ਦੀ ਹੋਵੇ ਜਾਂ 2 ਏਕੜ ਵਾਲੇ ਕਿਸਾਨਾਂ ਦੀ ਕਿਸੇ ਵੀ ਕਿਸਾਨ ਦੀ ਜਮੀਨ ਨਿਲਾਮ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਅਮਰੀਕਾ ਦੇ ਉਤਪਾਦ ਭਾਰਤ ਵਿੱਚ ਆਉਣੇ ਸ਼ੁਰੂ ਹੋ ਗਏ ਤਾਂ ਭਾਰਤ ਦੇ ਖੇਤੀ ਨਾਲ ਜੁੜੇ ਹੋਏ ਕਿਸਾਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਵੇਗਾ ਉਥੇ ਹੀ ਪੋਲਟਰੀ ਅਤੇ ਡੇਅਰੀ ਫਾਰਮਿੰਗ ਦੇ ਕਾਰੋਬਾਰ ਨੂੰ ਵੀ ਬੰਦ ਹੋ ਜਾਣਗੇ।ਅਮਰੀਕਾ ਤੋਂ ਆਉਣ ਵਾਲੇ ਬੀਜ ਜੀ ਐਮ ਹੋਣ ਕਾਰਨ ਲੋਕਾਂ ਦੀ ਸਿਹਤ ਦਾ ਵੀ ਬਹੁਤ ਵੱਡਾ ਨੁਕਸਾਨ ਕਰਨਗੇ। ਇਸ ਲਈ ਲੋਕ ਹਿੱਤ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ ਸੰਘਰਸ਼ ਜਾਰੀ ਹੈ ਅਤੇ ਲੋਕਾਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕਰਦੇ ਹਾਂ।


