ਸੰਸਾਰ ਦੀ ਸਮੁੱਚੀ ਨਿਆਂ ਪਸੰਦ ਜਨਤਾ ਅਤੇ ਅਮਨ ਦੀਆਂ ਹਾਮੀ ਸਰਕਾਰਾਂ ਅਮਰੀਕਾ ਵਲੋਂ ਇਰਾਨ ਉਤੇ ਅਰੰਭੇ ਇਕ ਪਾਸੜ ਹਮਲੇ ਦਾ ਜ਼ੋਰਦਾਰ ਵਿਰੋਧ ਕਰਨ – ਲਿਬਰੇਸ਼ਨ

ਮਾਲਵਾ

ਮਾਨਸਾ, ਗੁਰਦਾਸਪੁਰ ,28 ਫਰਵਰੀ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਇਜ਼ਰਾਈਲ ਅਮਰੀਕੀ ਹਮਲਾਵਰ ਗਿਰੋਹ ਵਲੋਂ ਇਰਾਨ ਉਤੇ ਸੁਰੂ ਕੀਤੇ ਇਕਪਾਸੜ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਭਾਰਤ ਸਰਕਾਰ ਤੋਂ ਇਸ ਹਮਲੇ ਦਾ ਵਿਰੋਧ ਕਰਨ ਦੀ ਮੰਗ ਕੀਤੀ ਹੈ। ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਕਾਮਰੇਡ ਰਾਜਵਿੰਦਰ ਸਿੰਘ ਰਾਣਾ , ਰੁਲਦੂ ਸਿੰਘ ਮਾਨਸਾ ਅਤੇ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਕ ਪਾਸੇ ਇਹ ਹਮਲਾਵਰ ਟੋਲਾ ਓਮਾਨ ਦੀ ਵਿਚੋਲਗੀ ਨਾਲ ਇਰਾਨ ਨਾਲ ਕਿਸੇ ਸਮਝੌਤੇ ਲਈ ਗੱਲ ਚਲਾ ਰਹੇ ਸਨ, ਪਰ ਦੂਜੇ ਪਾਸੇ ਚੱਲ ਰਹੀ ਗੱਲਬਾਤ ਦੇ ਦੌਰਾਨ ਹੀ ਉਨ੍ਹਾਂ ਨੇ ਧੋਖੇ ਨਾਲ ਇਰਾਨ ਉਤੇ ਵੱਡਾ ਮਿਜ਼ਾਇਲ ਹਮਲਾ ਕਰ ਦਿੱਤਾ ਹੈ। ਕਿਉਂਕਿ ਇਹ ਹਮਲਾ ਪ੍ਰਧਾਨ ਮੰਤਰੀ ਮੋਦੀ ਦੇ ਇਜ਼ਰਾਈਲ ਦੌਰੇ ਤੋਂ ਤੁਰੰਤ ਬਾਅਦ ਸ਼ੁਰੂ ਹੋਇਆ ਹੈ, ਇਸ ਲਈ ਸੰਸਾਰ ਦੀਆਂ ਜੰਗ ਵਿਰੋਧੀ ਸ਼ਕਤੀਆਂ ਇਸ ਜੰਗ ਲਈ ਮੋਦੀ ਜੀ ਦੀ ਮੋਨ ਸਹਿਮਤੀ ਨੂੰ ਵੀ ਜ਼ਿੰਮੇਵਾਰ ਮੰਨ ਰਹੀਆਂ ਹਨ, ਜੋ ਭਾਰਤ ਦੀ ਗੁੱਟ ਨਿਰਲੇਪ ਪਛਾਣ ਨੂੰ ਮਿੱਟੀ ਵਿੱਚ ਮਿਲਾ ਦੇਣ ਦੇ ਤੁੱਲ ਹੈ। ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹਾਲੇ ਤੱਕ ਇਰਾਨ ਦਾ ਕੋਈ ਕਸੂਰ ਸਾਹਮਣੇ ਨਹੀਂ ਆਇਆ, ਬਲਕਿ ਇਸ ਦੇ ਲਈ ਦੁਨੀਆਂ ਭਰ ਦੇ ਤੇਲ ਅਤੇ ਹੋਰ ਕੁਦਰਤੀ ਸਰੋਤਾਂ ਉਤੇ ਕਬਜ਼ਾ ਕਰਨ ਦੀ ਟਰੰਪ ਸਰਕਾਰ ਸਾਮਰਾਜੀ ਹਾਬੜ੍ਹ ਜ਼ਿੰਮੇਵਾਰ ਹੈ। ਇਰਾਕ, ਲਿਬੀਆ, ਸੀਰੀਆ ਤੇ ਵੇਨੇਜ਼ੁਏਲਾ ਤੋਂ ਬਾਅਦ ਹੁਣ ਉਸ ਨੇ ਇਰਾਨ ਨੂੰ ਅਪਣੇ ਹਮਲੇ ਦਾ ਨਿਸ਼ਾਨਾ ਬਣਾਇਆ ਹੈ। ਅਮਰੀਕਾ ਦਾ ਵਿਦੇਸ਼ ਸਕੱਤਰ ਤਾਂ ਪੂਰੀ ਬੇਸ਼ਰਮੀ ਨਾਲ ਦੁਨੀਆਂ ਦੇ ਦੇਸ਼ਾਂ ਦੇ ਆਜ਼ਾਦੀ-ਪਸੰਦ ਅੰਦੋਲਨਾਂ ਵਲੋਂ ਹਰਾ ਕੇ ਸਮਾਪਤ ਕਰ ਦਿੱਤੇ ਗਏ ਸਿੱਧੀ ਗੁਲਾਮੀ ਦੇ ਨਮੂਨੇ – ਬਸਤੀਵਾਦੀ ਪ੍ਰਬੰਧ ਨੂੰ ਮੁੜ ਸਥਾਪਿਤ ਕਰਨ ਦੀ ਬਿਆਨ ਦੇ ਰਿਹਾ ਹੈ। ਇਸ ਲਈ ਸੰਸਾਰ ਦੀਆਂ ਤਮਾਮ ਅਮਨ ਪਸੰਦ ਸਰਕਾਰਾਂ ਅਤੇ ਲੋਕ ਸੰਗਠਨਾਂ ਨੂੰ ਇਸ ਜੰਗ ਨੂੰ ਰੁਕਵਾਉਣ ਲਈ ਹਮਲਾਵਰ ਇਜ਼ਰਾਈਲ ਅਮਰੀਕਾ ਗਿਰੋਹ ਦਾ ਹਰ ਸੰਭਵ ਢੰਗ ਨਾਲ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *