ਡੇਂਗੂ ਤੋਂ ਬਚਣ ਲਈ ਆਪਣੇ ਘਰ ਤੇ ਕੰਮ ਵਾਲੇ ਥਾਵਾਂ ’ਤੇ ਕਿਤੇ ਵੀ ਪਾਣੀ ਖੜਾ ਨਾ ਹੋਣ ਦੇਵੋ – ਸਿਵਲ ਸਰਜਨ

ਗੁਰਦਾਸਪੁਰ

ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਟੈਸਟ ਅਤੇ ਇਲਾਜ ਉਪਲੱਬਧ

ਗੁਰਦਾਸਪੁਰ, 17 ਨਵੰਬਰ (ਸਰਬਜੀਤ ਸਿੰਘ) – ਡੇਂਗੂ ਬਿਮਾਰੀ ਤੋਂ ਬਚਣ ਲਈ ਆਪਣੇ ਘਰਾਂ ਅਤੇ ਕੰਮ ਵਾਲੇ ਥਾਵਾਂ ’ਤੇ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟ੍ਰੇਆਂ, ਛੱਤਾਂ ਤੇ ਪਏ ਕਬਾੜ ਦੇ ਸਮਾਨ, ਟਾਇਰਾਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਇਹ ਖੜਾ ਪਾਣੀ ਹੀ ਡੇਂਗੂ ਦੇ ਮੱਛਰ ਪੈਦਾ ਹੋਣ ਦਾ ਕਾਰਨ ਬਣਦਾ ਹੈ।

ਡੇਂਗੂ ਦੀ ਬਿਮਾਰੀ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਢੀ ਨੇ ਕਿਹਾ ਕਿ ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ ਕਰੋ। ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰਾਂ ਬੰਦ ਰੱਖੋ। ਟੁੱਟੇ ਬਰਤਨਾਂ, ਡਰੰਮਾਂ, ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ। ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਮੱਛਰ ਕੱਟ ਨਾ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ।

ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ ਤੇ ਚਿਕਨਗੁਨੀਆ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦੇ ਹਨ ਅਤੇ ਇਹ ਮੱਛਰ ਸਾਫ਼ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਕੱਟਦਾ ਹੈ। ਉਨਾਂ ਕਿਹਾ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿਚੋਂ ਖੂਨ ਦਾ ਵਗਣਾ ਡੇਂਗੂ ਦੇ ਲੱਛਣ ਹਨ। ਉਨਾਂ ਅੱਗੇ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਜੋੜਾਂ ਵਿੱਚ ਦਰਦ ਅਤੇ ਸੋਜ਼, ਚਮੜੀ ਦੇ ਦਾਣੇ ਅਤੇ ਖਾਰਸ਼ ਚਿਕਨਗੁਨੀਆ ਬਿਮਾਰੀ ਦੇ ਲੱਛਣ ਹਨ। ਉਨਾਂ ਕਿਹਾ ਕਿ ਬੁਖਾਰ ਹੋਣ ’ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਬੁਖਾਰ ਹੋਣ ’ਤੇ ਸਿਰਫ ਪੈਰਾਸੀਟਾਮੋਲ ਹੀ ਲਵੋ। ਪਾਣੀ ਜਾਂ ਤਰਲ ਚੀਜਾਂ ਜਿਆਦਾ ਪੀਓ ਅਤੇ ਅਰਾਮ ਕਰੋ। ਉਨਾਂ ਕਿਹਾ ਕਿ ਡੇਂਗੂ ਅਤੇ ਚਿਨਗੁਨੀਆ ਇਲਾਜ ਯੋਗ ਹਨ ਅਤੇ ਇਨਾਂ ਬਿਮਾਰੀਆਂ ਦੇ ਟੈਸਟ ਅਤੇ ਇਲਾਜ ਦੀ ਸਹੂਲਤ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ ਹੈ। ਜੇਕਰ ਕਿਸੇ ਨੂੰ ਬੁਖਾਰ ਹੈ ਤਾਂ ਉਹ ਤੁਰੰਤ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਪਹੁੰਚ ਕਰਕੇ ਆਪਣਾ ਇਲਾਜ ਕਰਵਾਏ।

Leave a Reply

Your email address will not be published. Required fields are marked *