ਗੁਰਦਾਸਪੁਰ, 17 ਨਵੰਬਰ (ਸਰਬਜੀਤ ਸਿੰਘ) – ਬੱਚਿਆਂ ਉੱਪਰ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਟੌਲ ਫਰੀ ਚਾਈਲਡ ਹੈਲਪ ਲਾਈਨ 1098 ਚਲਾਈ ਜਾ ਰਹੀ ਹੈ। ਜੇਕਰ ਛੋਟੇ ਬੱਚਿਆਂ ਨੂੰ ਕੋਈ ਪਰੇਸ਼ਨੀ ਜਾਂ ਮੁਸਕਲ ਦਰਪੇਸ਼ ਹੋਵੇ ਤਾਂ ਉਹ ਚਾਈਲਡ ਹੈਲਪ ਲਾਈਨ 1098 ਉੱਪਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਮੈਡਮ ਸੁਮਨਦੀਪ ਕੌਰ ਨੇ ਦੱਸਿਆ ਕਿ ਇਸ ਹੈਲਪ ਲਾਈਨ ਨੰਬਰ ’ਤੇ ਇਹ ਸਹੂਲਤ 24 ਘੰਟੇ ਉਪਲੱਬਧ ਹੈ ਅਤੇ ਹੈਲਪ ਲਾਈਨ ਵੱਲੋਂ ਇਹ ਸਹਾਇਤਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਵਾਂ ਵਿਚ ਦਿੱਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਇਹ ਹੈਲਪ ਲਾਈਨ ਬਾਲ ਮਜ਼ਦੂਰੀ ਕਰਦੇ ਬੱਚਿਆਂ, ਬੇਸਹਾਰਾ ਬੱਚਿਆਂ, ਘਰੋਂ ਕੱਢੇ ਬੱਚਿਆਂ, ਵੱਖ-ਵੱਖ ਜੁਲਮਾਂ ਦੇ ਸ਼ਿਕਾਰ ਬੱਚਿਆਂ, ਮਾਨਸਿਕ ਤੇ ਸਰੀਰਕ ਤੌਰ ’ਤੇ ਬਿਮਾਰ ਬੱਚਿਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਚਾਈਲਡ ਹੈਲਪ ਲਾਈਨ ਉੱਪਰ ਕਿਸੇ ਵੀ ਸਥਾਨ ਤੋਂ ਕਿਸੇ ਵੀ ਸਮੇਂ ਮੁਫਤ ਫੋਨ ਕੀਤਾ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਚਾਈਲਡ ਲਾਈਨ ਵੱਲੋਂ ਬੱਚਿਆਂ ਨਾਲ ਸਬੰਧਤ ਸਲਾਹ ਮਸ਼ਵਰਾ, ਬੱਚਿਆਂ ਦੇ ਰਹਿਣ ਦੀ ਸੁਵਿਧਾ, ਅੱਤਿਆਚਾਰਾਂ ਤੋਂ ਸੁਰੱਖਿਆ, ਡਾਕਟਰੀ ਸਹਾਇਤਾ, ਵਜ਼ੀਫਾ, ਕਾਨੂੰਨੀ ਸਹਾਇਤਾ, ਰਿਹਾਇਸ਼ ਦੀ ਸਹੂਲਤ ਅਤੇ ਗੁਆਚੇ ਬੱਚੇ ਨੂੰ ਲੱਭਣ ਤੇ ਉਸਨੂੰ ਘਰ ਵਾਪਸ ਪਹੁੰਚਾਉਣ ਦੀ ਸੇਵਾ ਵੀ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਅੱਗੇ ਦੱਸਿਆ ਕਿ ਇਹ ਚਾਈਲਡ ਹੈਲਪ ਲਾਈਨ ਰਾਸ਼ਟਰ ਪੱਧਰ ’ਤੇ ਚੱਲ ਰਹੀ ਹੈ ਅਤੇ ਬੱਚਿਆਂ ’ਤੇ ਜੁਲਮਾਂ ਨੂੰ ਰੋਕਣ ਲਈ ਇਹ ਹੈਲਪ ਲਾਈਨ ਬਹੁਤ ਸਹਾਈ ਸਿੱਧ ਹੋ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਆਲੇ-ਦੁਆਲੇ ਕਿਸੇ ਬੱਚੇ ਨਾਲ ਜੁਲਮ ਹੋ ਰਹੇ ਹੋਣ ਜਾਂ ਖੁਦ ਬੱਚੇ ਇਸ ਗੱਲ ਦੀ ਸਮਝ ਰੱਖਦੇ ਹੋਣ ਤਾਂ ਉਹ 1098 ਨੰਬਰ ਡਾਈਲ ਕਰਕੇ ਆਪਣੀ ਮੁਸ਼ਕਲ ਜਾਂ ਸ਼ਿਕਾਇਤ ਦਰਜ ਕਰਾ ਸਕਦੇ ਹਨ, ਜਿਸ ਉਪਰ ਫੌਰੀ ਤੌਰ ’ਤੇ ਕਾਰਵਾਈ ਕੀਤੀ ਜਾਵੇਗੀ।