ਗੁਰਦਾਸਪੁਰ, 08 ਸਤੰਬਰ (ਸਰਬਜੀਤ ਸਿੰਘ) – ਬਾਰਡਰ ਸਕਿਉਰਿਟੀ ਫੋਰਸ (ਬੀ.ਐੱਸ.ਐੱਫ਼.) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਪਣੇ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਸਰਹੱਦੀ ਖੇਤਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਅੱਜ ਪ੍ਰਾਇਮਰੀ ਸਕੂਲ, ਆਧੀਆਂ ਅਤੇ ਸਰਕਾਰੀ ਸਕੂਲ ਚੰਦੂ ਵਡਾਲਾ ਵਿਖੇ ਮੁਫ਼ਤ ਮੈਡੀਕਲ ਅਤੇ ਵੈਟਰਨਰੀ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਸਥਾਨਕ ਰਹਿਣ ਵਾਲਿਆਂ ਨੂੰ ਸਿਹਤ ਸੇਵਾਵਾਂ ਅਤੇ ਪਸ਼ੂਆਂ ਲਈ ਵੈਟਰਨਰੀ ਸਹਾਇਤਾ ਪ੍ਰਦਾਨ ਕਰਨਾ ਸੀ, ਜੋ ਹਾਲ ਹੀ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ। ਮੈਡੀਕਲ ਕੈਂਪਾਂ ਦੀ ਦੇਖ-ਰੇਖ ਸ਼੍ਰੀ ਕਮਲ ਯਾਦਵ, ਕਮਾਡੈਂਟ, 58 ਬਟਾਲੀਅਨ ਬੀ.ਐੱਸ.ਐੱਫ. ਮਾਧੋਪੁਰ ਅਤੇ ਸ. ਮਾਨ ਸਿੰਘ ਕਮਾਂਡੈਂਟ 27 ਬਟਾਲੀਅਨ ਵੱਲੋਂ ਕੀਤੀ ਗਈ।
ਇਸ ਕੈਂਪ ਵਿੱਚ ਬੀ.ਐੱਸ.ਐੱਫ. ਦਾ ਮੈਡੀਕਲ ਸਟਾਫ਼ ਜਿਸ ਵਿੱਚ ਡਾ. ਵਾਨਲਾਲ ਫਾਕਾ ਵੱਲੋਂ ਬੀ.ਐੱਸ.ਐੱਫ਼ ਦੇ ਚਾਰ ਡਾਕਟਰਾਂ ਤੋਂ ਇਲਾਵਾ ਅਮਨਦੀਪ ਹਸਪਤਾਲ, ਪਠਾਨਕੋਟ ਤੋਂ ਡਾ. ਸੂਰਜ ਕੁਮਾਰ (ਮੈਡੀਸਨ ਮਾਹਿਰ), ਡਾ. ਅਜੇ ਨੇਗੀ (ਮੈਡੀਸਨ ਮਾਹਿਰ), ਡਾ. ਯੁਕਤਾ (ਗਾਇਨੇਕੋਲੋਜਿਸਟ) ਅਤੇ ਹੋਰ ਪੈਰਾ ਮੈਡੀਕਲ ਸਟਾਫ਼ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਡਾਕਟਰਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਬੀ.ਐੱਸ.ਐੱਫ. ਦੇ ਡਾ. ਵਿਕਾਸ ਕੁਮਾਰ, ਏ.ਸੀ./ ਵੈਟਰਨਰੀ ਅਫ਼ਸਰ ਅਤੇ ਤਿੰਨ ਹੋਰ ਵੈਟਰਨਰੀ ਸਟਾਫ਼ ਦੇ ਨਾਲ ਦੀਨਾਨਗਰ/ਬਹਿਰਾਮਪੁਰ ਦੇ ਵੈਟਰਨਰੀ ਅਧਿਕਾਰੀ ਡਾ. ਮਨਪ੍ਰੀਤ ਮੈਡੀਕਲ ਅਫ਼ਸਰ ਵੈਟਰਨਰੀ ਅਤੇ ਸਹਾਇਕਾਂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਦੇ ਪਸ਼ੂ ਪਾਲਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਦੇ ਪਸ਼ੂਆਂ ਦਾ ਇਲਾਜ ਕੀਤਾ ਗਿਆ ਅਤੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇੰਜੈੱਕਸ਼ਨ ਲਗਾਏ ਗਏ। ਇਸ ਪਹਿਲ ਦੀ ਸਥਾਨਕ ਲੋਕਾਂ ਵੱਲੋਂ ਬਹੁਤ ਸਰਾਹਨਾ ਕੀਤੀ ਗਈ, ਕਿਉਂਕਿ ਇਸ ਨਾਲ ਨਾ ਸਿਰਫ਼ ਤੁਰੰਤ ਸਿਹਤ ਅਤੇ ਵੈਟਰਨਰੀ ਸਮੱਸਿਆਵਾਂ ਦਾ ਹੱਲ ਮਿਲਿਆ, ਸਗੋਂ ਇਹ ਬੀ.ਐੱਸ.ਐੱਫ. ਦੀ ਸਰਹੱਦੀ ਇਲਾਕਿਆਂ ਦੇ ਨਿਵਾਸੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰਦਾ ਹੈ।


