ਝੋਨੇ ਦੀ ਫ਼ਸਲ ਵਿਚ ਵਰਤਣ ਲਈ ਜ਼ਰੂਰਤ ਅਨੁਸਾਰ ਹੀ ਯੂਰੀਆ ਖਰੀਦੀ ਜਾਵੇ : ਮੁੱਖ ਖੇਤੀਬਾੜੀ ਅਫਸਰ

ਗੁਰਦਾਸਪੁਰ

ਯੂਰੀਆ ਖਾਦ ਦੀ ਸੁਚੱਜੀ ਵੰਡ ਲਈ ਖੇਤੀ ਅਧਿਕਾਰੀਆਂ ਨੇ ਆਪਣੀ ਹਾਜ਼ਰੀ ਵਿੱਚ ਵੰਡ ਕਰਵਾਈ


ਬਟਾਲਾ, ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੇ ਹੁਕਮਾਂ ਤੇ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਖਾਸ ਕਰਕੇ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਖਾਸ ਕਰਕੇ ਯੂਰੀਆ ਖੜ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲ੍ਹਾ ਗੁਰਦਾਸਪੁਰ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹਾ ਪੱਧਰੀ ਟੀਮ ਵਲੋਂ ਬਟਾਲਾ ਅਤੇ ਗੁਰਦਾਸਪੁਰ ਵਿਖੇ ਆਈ ਖਾਦ ਦੀ ਵੰਡ ਕਰਵਾਈ ਗਈ ਤਾਂ ਜੋ ਯੂਰੀਆ ਖਾਦ ਦੀ ਕਾਲਾਬਜ਼ਾਰੀ ਜਾਂ ਜਮਾਂਖੋਰੀ ਨੂੰ ਰੋਕਿਆ ਜਾ ਸਕੇ।ਇਸ ਟੀਮ ਵਿਚ ਹੋਰਨਾਂ ਤੋਂ ਇਲਾਵਾ ਡਾਕਟਰ ਪਰਮਬੀਰ ਸਿੰਘ ਕਾਹਲੋ ਬਲਾਕ ਖੇਤੀਬਾੜੀ ਅਫ਼ਸਰ , ਡਾ. ਅੰਮ੍ਰਿਤਪਾਲ ਸਿੰਘ,ਡਾਕਟਰ ਸਿਮਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ। ਟੀਮ ਵਲੋਂ ਯੂਰੀਆ ਖਾਦ ਰੈਕ ਦੀ ਚੈਕਿੰਗ ਤੋਂ ਇਲਾਵਾ ਖਾਦ ਦੇ ਬਿੱਲ, ਵੰਡ ਦੀ ਬਿਲਟੀ ਚੈਕ ਕੀਤੇ ਗਏ।
ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿਚ ਝੋਨੇ ਦੀ ਲਵਾਈ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ ਜੋਂ ਅਗਲੇ ਕੁਝ ਦਿਨਾਂ ਦੌਰਾਨ ਮੁਕੰਮਲ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਕਿਸਾਨਾਂ ਨੁੰ ਸਰਕਾਰ ਵਲੋਂ ਨਿਰਧਾਰਿਤ ਮੁੱਲ ਤੇ ਖੇਤੀ ਸਮਗਰੀ ਖਾਸ ਕਰਕੇ ਖਾਦਾ ਉਪਲਬਧ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਖਾਦ ਵਿਕ੍ਰੇਤਾਵਾਂ ਦੇ ਕਾਰੋਬਾਰ ਨਾਲ ਸਬੰਧਤ ਦੁਕਾਨਾਂ ਅਤੇ ਗੁਦਾਮਾਂ ਦੀ ਚੈਕਿੰਗ ਤੋਂ ਇਲਾਵਾ ਕਾਗਜ਼ਾਤ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੰਪਲਿੰਗ ਕੀਤੀ ਜਾ ਰਹੀ ਹੈ । ਉਨ੍ਹਾਂ ਦਸਿਆ ਕਿ 30 ਜੂਨ ਤੱਕ ਖਾਦਾਂ ਦੇ ਨਮੂਨੇ ਭਰਨ ਦਾ ਟੀਚਾ 62 ਸੀ ਜਦ ਕਿ ਮਿਤੀ 28 ਜੂਨ ਤੱਕ 69 ਖਾਦਾਂ,2 ਜੈਵਿਕ ਖਾਦ ਅਤੇ 2 ਆਰਗੈਨਿਕ ਮੈਨਯੁਰ ਦੇ ਨਮੂਨੇ ਭਰੇ ਗਏ ਹਨ ਜਿਸ ਵਿਚੋਂ 4 ਨਮੂਨੇ ਗੈਰ ਮਿਆਰੀ ਪਏ ਗਏ ਹਨ ਅਤੇ ਸਬੰਧਤ ਖਾਦ ਵਿਕਰੇਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ।ਉਨਾਂ ਦੱਸਿਆ ਕਿ ਝੋਨੇ ਦੀ ਫ਼ਸਲ ਦੀ ਲਵਾਈ ਨੂੰ ਦੇਖਦਿਆਂ ਖਾਦਾਂ ਜਿਵੇਂ ਯੂਰੀਆ ਆਦਿ ਦੇ ਅਗਾਂਹ ਪ੍ਰਬੰਧ ਕੀਤੇ ਗਏ ਹਨ ਤਾਂ ਜੋਂ ਕਿਸੇ ਕਿਸਾਨ ਨੁੰ ਖਾਦ ਦੀ ਖਰੀਦ ਸਮੇਂ ਕੋਈ ਮੁਸ਼ਕਲ ਪੇਸ਼ ਨਾਂ ਆਵੇ ।ਉਨ੍ਹਾਂ ਦੱਸਿਆ ਕਿ ਜੂਨ 2025 ਤਕ ਕੁੱਲ 62 ਹਜ਼ਾਰ ਮੀਟ੍ਰਿਕ ਟਨ ਯੂਰੀਆ ਦੀ ਜ਼ਰੂਰਤ ਹੈ ਜਦ ਕਿ ਮਿਤੀ 29 ਜੂਨ ਤੱਕ ਜ਼ਿਲਾ ਗੁਰਦਾਸਪੁਰ ਵਿਚ ਤਕਰੀਬਨ 57 ਹਜ਼ਾਰ ਮੀਟ੍ਰਿਕ ਟਨ ਯੂਰੀਆ ਪਹੁੰਚ ਚੁੱਕੀ ਹੈ। ਉਨ੍ਹਾਂ ਦਸਿਆ ਕਿ ਅੱਜ ਉੱਤਮ ਫਰਟੀਲਾਈਜ਼ਰ ਕੰਪਨੀ ਵਲੋਂ ਸਹਿਕਾਰੀ ਖੇਤਰ ਨੂੰ 946 ਅਤੇ ਨਿੱਜੀ ਖਾਦ ਵਿਕ੍ਰੇਤਾਵਾਂ ਨੂੰ ਟਨ ਖਾਦ ਦਿੱਤੀ ਗਈ ਹੈ ਅਤੇ ਪੰਜ ਦਿਨਾਂ ਦੌਰਾਨ ਐਚ ਯੂ ਆਰ ਐਲ,ਐਨ ਐੱਫ ਐਲ ਅਤੇ ਚੰਬਲ ਫਰਟੀਲਾਈਜ਼ਰ ਵਲੋਂ ਤਕਰੀਬਨ 3500 ਮੀਟ੍ਰਿਕ ਟਨ ਯੂਰੀਆ ਖਾਦ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਜ਼ਿਲੇ ਅੰਦਰ ਯੂਰੀਆ ਖਾਦ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੌਸ ਮਸ਼ੀਨਾਂ ਵਿੱਚ ਮੌਜੂਦ ਵਿਕਰੀ ਕੀਤੀ ਖਾਦ ਦਾ ਸਟਾਕ ਨਿਲ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੌਸ ਮਸ਼ੀਨਾਂ ਅਤੇ ਦੁਕਾਨ ਤੇ ਅਣਵਿਕੀ ਖਾਦ ਦਾ ਸਟਾਕ ਇਕਸਾਰ ਹੋਵੇ ਤਾਂ ਜੋ ਜ਼ਰੂਰਤ ਅਨੁਸਾਰ ਭਾਰਤ ਸਰਕਾਰ ਤੋਂ ਯੂਰੀਆ ਖਾਦ ਮਿਲ ਸਕੇ।ਉਨਾਂ ਸਮੂਹ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੰਸ ਅਤੇ ਹੋਰ ਜਰੂਰੀ ਦਸਤਾਵੇਜ ਪੂਰੇ ਕਰਕੇ ਰੱਖਣ ਅਤੇ ਇਸ ਵਿੱਚ ਕਿਸੇ ਵੀ ਤਰ੍ਹਾ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਸਟਾਕ ਬੋਰਡ ਉੱਪਰ ਰੋਜਾਨਾਂ ਖਾਦ ਦਾ ਸਟਾਕ ਅਤੇ ਰੇਤ ਲਿਖਿਆ ਜਾਵੇ ।ਉਨਾਂ ਕਿਹਾ ਕਿ ਡੀਲਰਾਂ ਵੱਲੋਂ ਕਿਸਾਨਾਂ ਨੂੰ ਜੋ ਵੀ ਖੇਤੀ ਸਮੱਗਰੀ ਦੀ ਵਿਕਰੀ ਕੀਤੀ ਜਾਂਦੀ ਹੈ , ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਅਤੇ ਕੇਵਲ ਲੋੜੀਂਦੀ ਸਮੱਗਰੀ ਹੀ ਕਿਸਾਨਾਂ ਨੂੰ ਵਿਕਰੀ ਕੀਤੀ ਜਾਵੇ ਅਤੇ ਕੋਈ ਹੋਰ ਬੇਲੋੜੀਆਂ ਵਸਤਾਂ ਕਿਸਾਨਾਂ ਨੂੰ ਨਾ ਦਿੱਤੀਆਂ ਜਾਣ ।ਉਨਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ,ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ,ਕੀਟਨਾਸ਼ਕ ਰਸਾਇਣ ਜਾਂ ਬੀਜ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਯੂਰੀਆ ਖਾਦ ਦੇ ਨਾਲ ਜਬਰੀ ਹੋਰ ਖੇਤੀ ਸਮਗਰੀ ਦਿੰਦਾ ਹੈ ਤਾਂ ਉਸ ਦੀ ਲਿਖਤੀ ਤੌਰ ਤੇ ਸ਼ਿਕਾਇਤ ਸੰਬੰਧਤ ਖੇਤੀਬਾੜੀ ਅਧਿਕਾਰੀ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਕਰਨ।

Leave a Reply

Your email address will not be published. Required fields are marked *