ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਨੇ ਹਿੰਦ ਪਾਕਿ ਦਰਮਿਆਨ ਹੋਈ ਜੰਗਬੰਦੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਅਮਨ ਦੀ ਸਥਿਤੀ ਨੂੰ ਮਜਬੂਤ ਕਰਨ ਲਈ ਦੋਨਾਂ ਦੇਸ਼ਾਂ ਦਰਮਿਆਨ 22 ਅਪ੍ਰੈਲ ਤੋਂ ਪਹਿਲਾਂ ਵਾਲੀ ਰਾਜਨੀਤਿਕ ਸਥਿਤੀ ਬਹਾਲ ਕੀਤੀ ਜਾਵੇ ,ਦੀ ਮੰਗ ਅਧਾਰਿਤ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ 4 ਜੂਨ ਨੂੰ ਸੂਬਾ ਪਧਰੀ ਕਨਵੈਨਸ਼ਨ ਕਰਨ ਦਾ ਫੈਸਲਾ ਲਿਆ ਹੈ। ਜਿਸ ਕਨਵੈਨਸ਼ਨ ਦੇ ਮੁੱਖ ਬੁਲਾਰੇ ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦਪਿੰਕਰ ਭੱਟਾਚਾਰੀਆ ਹੋਣਗੇ।ਇਸ ਸਬੰਧੀ ਮਾਝਾ ਜੋਨ ਦੇ ਪਾਰਟੀ ਆਗੂਆਂ ਦੀ ਲਿਬਰੇਸ਼ਨ ਦੇ ਫੈਜਪੁਰਾ ਦਫਤਰ ਬਟਾਲਾ ਵਿਖੇ ਕੀਤੀ ਮੀਟਿੰਗ ਵਿੱਚ ਬੋਲਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਦੋਨੋਂ ਦੇਸਾਂ ਦਰਮਿਆਨ ਹੋਈ ਜੰਗ ਬੰਦੀ ਪਿੱਛੇ ਇੱਕ ਵੱਡਾ ਕਾਰਨ ਦੋਨਾ ਦੇਸਾ ਦੇ ਹਾਕਮਾ ਵਲੋ ਜੰਗੀ ਹਾਲਾਤ ਪੈਦਾ ਕਰਨ ਦੀਆ ਨੀਤੀਆ ਵਿਰੁੱਧ ਦੋਨਾ ਦੇਸਾ ਦੇ ਲੋਕਾਂ ਵੱਲੋਂ ਖੁੱਲਾ ਤੇ ਲੁਕਵਾ ਜੰਗ ਦਾ ਵਿਰੋਧ ਸੀ। ਪਰ ਮੌਜੂਦਾ ਜੰਗੀ ਤਣਾਉ ਦੇ ਮਾਹੌਲ ਨੂੰ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ ਜੇਕਰ 22 ਅਪ੍ਰੈਲ ਤੋਂ ਬਾਅਦ ਦੋਨਾਂ ਦੇਸ਼ਾਂ ਵੱਲੋਂ ਇਕ ਦੂਜੇ ਦੇਸ ਵਿਰੁੱਧ ਲਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕੀਤਾ ਜਾਵੇ, ਜਿਨਾਂ ਪਾਬੰਦੀਆਂ ਵਿੱਚ ਭਾਰਤ ਸਰਕਾਰ ਵੱਲੋਂ ਸਿੱਧੂ ਵਾਟਰ ਸੰਧੀ ਮੁਅਤਲ ਕਰਨ, ਕਰਤਾਰਪੁਰ ਲਾਂਘਾ ਬੰਦ ਕਰਨ,ਬਾਰਡਰ ਦੀ ਕੰਡਿਆਲੀ ਤਾਰ ਦੇ ਅੰਦਰ ਪੈਂਦੀ ਜਮੀਨ ਤੋਂ ਖੇਤੀ ਬੰਦ ਕਰਨ , ਪਾਕਿਸਤਾਨ ਵੱਲੋਂ ਸ਼ਿਮਲਾ ਸਮਝੌਤਾ ਰੱਦ ਕਰਨ ਅਤੇ ਦੋਨਾਂ ਦੇਸ਼ਾਂ ਵੱਲੋ ਹਵਾਈ ਖੇਤਰ, ਵਪਾਰ ਤੇ ਪਾਬੰਦੀ ਲਗਾਉਣ ,ਦੋਨਾਂ ਦੇਸ਼ਾਂ ਦੀਆਂ ਵਿਵਾਹਤਾ ਔਰਤਾਂ ਨੂੰ ਆਪਣੇ ਆਪਣੇ ਦੇਸ਼ ਭੇਜਣ ਅਤੇ ਵਾਘਾ ਬਾਰਡਰ ਸਮੇਤ ਹੋਰ ਬਾਰਡਰਾਂ ਨੂੰ ਬੰਦ ਕਰਨ ਵਰਗੇ ਫੈਸਲੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵਾਪਸ ਲੈਣੇ ਚਾਹੀਦੇ ਹਨ ਅਤੇ ਭਵਿੱਖ ਵਿਚ ਦੋਨਾ ਦੇਸ਼ਾ ਨੂੰ ਹਰ ਤਰਾਂ ਦੀਆ ਰਾਜਨੀਤਿਕ ਸਮੱਸਿਆਵਾਂ ਕਿਸੇ ਤੀਸਰੀ ਧਿਰ ਨੂੰ ਸਾਲਸੀ ਪਾਉਣ ਦੀ ਬਜਾਏ ਆਪਸੀ ਮਿਲ ਬੈਠ ਕੇ ਹਲ ਕਰਨੀਆਂ ਚਾਹੀਦੀਆਂ ਹਨ।ਬਖਤਪੁਰ ਨੇ ਕਿਹਾ ਕਿ ਭਾਰਤ ਸਰਕਾਰ ਵਲੋ ਜੰਗ ਬਾਬਤ ਦੁਨੀਆ ਨੂੰ ਆਪਣਾ ਪੱਖ ਦਸਣ ਲਈ ਵਖ ਵਖ ਦੇਸਾ ਵਿੱਚ ਭੇਜੇ ਜਾ ਰਹੇ 7 ਵਫਦ ਜੇਕਰ ਜੰਗ ਤੋ ਪਹਿਲਾ ਭੇਜੇ ਜਾਂਦੇ ਤਾਂ ਪਾਕਿਸਤਾਨ ਨੂੰ ਕਟਹਿਰੇ ਵਿਚ ਖੜਾ ਕਰਨ ਲਈ ਭਾਰਤ ਦੀ ਹੁਣ ਨਾਲੋ ਰਾਜਨੀਤਿਕ ਸਥਿਤੀ ਜਿ਼ਆਦਾ ਮਜਬੂਤ ਹੋਣੀ ਸੀ।ਉਨਾ ਦੋਨਾ ਦੇਸਾ ਦੀ ਜਨਤਾ ਨੂੰ ਅਪੀਲ ਕੀਤੀ ਕਿ ਦੋਨਾ ਦੇਸਾ ਵਿੱਚ ਅਮਨ ਲਈ ਅਵਾਜ ਬੁਲੰਦ ਕਰਦਿਆ ਜਮਾਤੀ ਸੰਘਰਸਾ ਨੂੰ ਤੇਜ ਕਰਨਾ ਲੋੜੀਂਦਾ ਹੈ।ਮੀਟਿੰਗ ਵਿੱਚ ਬਲਬੀਰ ਮੂਧਲ, ਸ਼ਮਸ਼ੇਰ ਹੇਰ, ਨਿਰਮਲ ਛਜਲਵੱਡੀ, ਮੰਗਲ ਧਰਮ ਕੋਟ,ਦਲਵਿੰਦਰ ਪੰਨੂ, ਦਲਬੀਰ ਮਲਕਵਾਲ ਅਤੇ ਬਚਨ ਸਿੰਘ ਤੇਜਾਕਲਾਂ ਸਾਮਲ ਸਨ


