ਬੀਤੀ ਸ਼ਾਮ ਤੱਕ ਕਿਸਾਨਾਂ ਨੂੰ 1369.14 ਕਰੋੜ ਰੁਪਏ ਦੀ ਰਾਸ਼ੀ ਦਾ ਕੀਤਾ ਭੁਗਤਾਨ
ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ ਹੈ ਅਤੇ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਅੰਕੜਾ 6 ਲੱਖ ਮੀਟਰਿਕ ਟਨ ਤੋਂ ਪਾਰ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 618450 ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿੱਚੋਂ 609526 ਮੀਟਰਿਕ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖ਼ਰੀਦੀ ਗਈ ਕਣਕ ਵਿੱਚ ਖ਼ਰੀਦ ਏਜੰਸੀ ਪਨਗਰੇਨ ਨੇ 174168 ਮੀਟਰਿਕ ਟਨ, ਮਾਰਕਫੈੱਡ ਨੇ 155984 ਮੀਟਰਿਕ ਟਨ, ਪਨਸਪ ਨੇ 136392 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 88985 ਮੀਟਰਿਕ ਟਨ ਅਤੇ ਐੱਫ਼.ਸੀ.ਆਈ. ਨੇ 24397 ਮੀਟਰਿਕ ਟਨ ਕਣਕ ਖ਼ਰੀਦੀ ਹੈ। ਇਸ ਤੋਂ ਇਲਾਵਾ 29600 ਮੀਟਰਿਕ ਟਨ ਵਪਾਰੀਆਂ ਵੱਲੋਂ ਖ਼ਰੀਦੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਖ਼ਰੀਦੀ ਗਈ ਕਣਕ ਦੀ ਅਦਾਇਗੀ ਵੀ ਨਾਲ ਦੀ ਨਾਲ ਕੀਤੀ ਜਾ ਰਹੀ ਹੈ ਅਤੇ ਬੀਤੀ ਸ਼ਾਮ ਤੱਕ 1369.14 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਤੋਂ ਬਾਅਦ ਕਣਕ ਦੀ ਲਿਫ਼ਟਿੰਗ ਵੀ ਤੇਜੀ ਨਾਲ ਜਾਰੀ ਹੈ ਅਤੇ ਬੀਤੀ ਸ਼ਾਮ ਤੱਕ 350675 ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ।


