ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)- ਬੇਮੌਸਮੀ ਬਾਰਿਸ਼ ਨਾਲ ਜ਼ਿਲੇ ਦੇ 127 ਪਿੰਡਾਂ ਵਿੱਚ ਖੇਤਾਂ ਵਿੱਚ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ। ਇਹ ਭਾਰੀ ਜਮੀਨਾਂ/ਕਰਲਾਠੀ ਥਾਵਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅਤੇ ਧਰਤੀ ਵਿੱਚ ਪਾਣੀ ਦਾ ਸ੍ਰੋਤ ਨਾ ਹੋਣ ਕਰਕੇ ਖੇਤਾਂ ਵਿੱਚ ਪਾਣੀ ਖੜਾ ਹੈ। ਜਿਸ ਕਰਕੇ ਝੋਨੇ ਦੀ ਫਸਲ ਪਾਣੀ ਵਿੱਚ ਡੁੱਬੀ ਨਜਰ ਆ ਰਹੀ ਹੈ। ਜਿਸ ਨਾਲ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ ਕਿ ਅਸੀ ਮਹਿੰਗੇ ਭਾਅ ਨਾਲ ਖਾਦਾ ਅਤੇ ਮਿਹਨਤ ਨਾਲ ਫਸਲ ਨੂੰ ਪਾਲਿਆ ਹੈ। ਪਰ ਹੁਣ ਫਸਲ ਸਾਡੀ ਨਸੀਬ ਨਹੀਂ ਹੈ।
ਪਿੰਡ ਉੱਚਾ ਧਕਾਲਾ ਦੇ ਇਕਬਾਲ ਸਿੰਘ, ਗੁਰਨਾਮ ਸਿੰਘ, ਪਿੰਡ ਦੋਸਤਪੁਰ ਦੇ ਪ੍ਰੇਮ ਪਾਲ, ਮਨਜੀਤ ਸਿੰਘ, ਦੇਸਰਾਜ,ਪਿੰਡ ਡੁੱਗਰੀ ਦੇ ਗੁਰਦੀਪ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਸਾਡੇ ਇਲਾਕੇ ਵਿੱਚ ਕਿਰਨ ਨਾਲੇ ਦੀ ਸਫਾਈ ਨਾ ਹੋਣ ਕਰਕੇ ਇਸ ਵਾਰ ਪਾਣੀ ਦਾ ਫਲੋਅ ਨਹੀਂ ਹੋ ਰਿਹਾ। ਜਿਸ ਕਰਕੇ ਓਵਰਫਲੋ ਹੋ ਕੇ ਕਿਰਨ ਨਾਲੇ ਦਾ ਪਾਣੀ ਖੇਤਾਂ ਵਿੱਚ ਜਾ ਰਿਹਾ ਹੈ। ਉਧਰ ਇਲਾਕਾ ਕਲਾਨੌਰ ਦੇ ਵਿੱਚੋਂ ਦੀ ਲੰਘਦਾ ਹੋਇਆ ਇਹ ਕਿਰਨ ਨਾਲਾ ਅਜਨਾਲਾ ਸੈਕਟਰ ਤੱਕ ਜਾਣ ਵਾਲਾ ਜਿਲਾ ਗੁਰਦਾਸਪੁਰ ਦੇ ਝੋਨੇ ਦੀ ਫਸਲ ਨੂੰ ਤਬਾਹ ਕਰ ਦੇਵੇਗਾ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸਦੀ ਵਿਸ਼ੇਸ਼ ਗਿਰਦੌਰੀ ਕਰਵਾ ਕੇ ਯੋਗ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹ ਅਗਲੀ ਫਸਲ ਬੀਜਣ ਦੇ ਕਾਬਲ ਹੋ ਜਾਣ ਅਤੇ ਆਪਣੇ ਘਰ ਦਾ ਗੁਜਾਰਾ ਕਰ ਸਕਣ।


