ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ)—ਫਰੈਡਰਿਕ ਏਂਗਲਜ਼ ਸੰਸਾਰ ਇਤਿਹਾਸ ਦੇ ਦਿਸਹੱਦੇ ਉੱਤੇ ਅਜਿਹੀਆਂ ਦੁਰਲੱਭ ਸ਼ਖਸੀਅਤਾਂ ਵਿੱਚੋਂ ਹੈ ਜਿਸ ਨੂੰ ਪ੍ਰਤਿਭਾ ਦਾ ਦਰਜਾ ਦੇਣਾ ਕੋਈ ਅਤਕਥਨੀ ਨਹੀਂ ਹੋਵੇਗੀ। ਫਰੈਡਰਿਕ ਏਂਗਲਜ਼ ਸੰਸਾਰ ਦੀ ਮਜ਼ਦੂਰ ਜਮਾਤ ਦੇ ਉਹ ਆਗੂ ਤੇ ਅਧਿਆਪਕ ਹਨ ਜਿਹਨਾਂ ਨੇ ਕਾਰਲ ਮਾਰਕਸ ਨਾਲ਼ ਮਿਲ਼ਕੇ ਮਨੁੱਖੀ ਸਮਾਜ ਦੇ ਇਤਿਹਾਸਕ ਵਿਕਾਸ ਨੂੰ ਸਮਝਣ ਦਾ ਵਿਗਿਆਨਕ ਨਜ਼ਰੀਆ ਭਾਵ ਇਤਿਹਾਸਕ ਪਦਾਰਥਵਾਦ ਨੂੰ ਵਿਕਸਤ ਕੀਤਾ। ਉਹਨਾਂ ਦਿਖਾਇਆ ਕਿ ਇਸ ਇਤਿਹਾਸਕ ਵਿਕਾਸ ਵਿੱਚ ਨਿੱਜੀ ਜਾਇਦਾਦ ਦੇ ਪੈਦਾ ਹੋਣ ਨਾਲ਼ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ ਤੇ ਲੁੱਟ ਅਧਾਰਤ ਗੁਲਾਮਦਾਰੀ ਪ੍ਰਬੰਧ ਹੋਂਦ ’ਚ ਆਇਆ। ਗੁਲਾਮਦਾਰੀ ਸਮਾਜ ਨੂੰ ਵਿਕਾਸ ਦੇ ਅਗਲੇ ਪੜਾਅ ਵਿੱਚ ਜਗੀਰਦਾਰੀ ਦੁਆਰਾ ਉਲਟਾ ਦਿੱਤਾ ਗਿਆ। ਇਉਂ ਜਗੀਰਦਾਰੀ ਦੀ ਥਾਂ ਆਇਆ ਮੌਜੂਦਾ ਸਰਮਾਏਦਾਰਾ ਪ੍ਰਬੰਧ ਵੀ ਇਸੇ ਇਤਿਹਾਸਕ ਵਿਕਾਸ ਦੀ ਉਪਜ ਹੈ ਤੇ ਇਹ ਸਦੀਵੀ ਨਹੀਂ ਹੈ। ਉਹਨਾਂ ਨੇ ਸਰਮਾਏਦਾਰਾ ਪ੍ਰਬੰਧ ਦੀਆਂ ਵਿਰੋਧਤਾਈਆਂ ਨੂੰ ਉਜਾਗਰ ਕੀਤਾ ਤੇ ਸਮਾਜਿਕ ਵਿਕਾਸ ਦੇ ਨਿਯਮਾਂ ਦੀ ਵਿਆਖਿਆ ਕਰਦੇ ਹੋਏ ਇਹ ਸਿੱਧ ਕੀਤਾ ਕਿ ਮਜ਼ਦੂਰ ਜਮਾਤ ਨਾ ਸਿਰਫ ਸਰਮਾਏਦਾਰਾ ਪ੍ਰਬੰਧ ਨੂੰ ਕਬਰ ਵਿੱਚ ਦਫਨਾਏਗੀ ਸਗੋਂ ਇਹ ਜਮਾਤੀ ਪ੍ਰਬੰਧਾਂ ਦਾ ਮੁਕੰਮਲ ਖਾਤਮਾ ਕਰਕੇ ਸਮੁੱਚੀ ਮਨੁੱਖਤਾ ਨੂੰ ਲੁੱਟ, ਜਬਰ ਤੋਂ ਮੁਕਤ ਕਰੇਗੀ ਤੇ ਸਮਾਜਵਾਦੀ ਪ੍ਰਬੰਧ ਸਿਰਜੇਗੀ। ਇਉਂ ਉਹਨਾਂ ਨੇ ਵਿਗਿਆਨਕ ਸਮਾਜਵਾਦ ਦੀ ਨੀਂਹ ਰੱਖੀ। ਇਹਨਾਂ ਸਿਧਾਂਤਾਂ ਦੀ ਰੌਸ਼ਨੀ ਵਿੱਚ ਹੀ ਮਜ਼ਦੂਰ ਜਮਾਤ ਨੇ ਪਿਛਲੀ ਸਦੀ ਵਿੱਚ ਸਮਾਜਵਾਦੀ ਪ੍ਰਬੰਧਾਂ ਦੇ ਸ਼ਾਨ੍ਹਾਮੱਤੇ ਤਜ਼ਰਬੇ ਕੀਤੇ ਹਨ ਤੇ ਹੁਣ ਇਹਨਾਂ ਤਜ਼ਰਬਿਆਂ ਦੇ ਹੋਰ ਉੱਨਤ ਗੇੜ ਲਈ ਤਿਆਰੀ ਕਰ ਰਹੀ ਹੈ।
ਫਰੈਡਰਿਕ ਏਂਗਲਜ਼ ਦਾ ਜਨਮ 28 ਨਵੰਬਰ 1820 ਨੂੰ ਉਸ ਵੇਲ਼ੇ ਦੇ ਪਰੂਸ਼ੀਆ (ਹੁਣ ਜਰਮਨੀ) ਦੇ ਰਾਈਨ ਸੂਬੇ ਦੇ ਬਾਰਮੇਨ ਸ਼ਹਿਰ ਵਿੱਚ ਕੱਪੜੇ ਦੇ ਇੱਕ ਧਨੀ ਕਾਰਖਾਨੇਦਾਰ ਦੇ ਘਰ ਹੋਇਆ। ਰਾਈਨ ਸੂਬਾ ਪਰੂਸ਼ੀਆ ਦਾ ਆਰਥਕ ਤੇ ਸਿਆਸੀ ਤੌਰ ਉੱਤੇ ਸਭ ਤੋਂ ਅਗਾਂਹਵਧੂ ਇਲਾਕਾ ਸੀ ਜਿਸ ਦਾ ਕਾਰਨ 1795-1815 ਤੱਕ ਇਸ ਇਲਾਕੇ ਦਾ ਫਰਾਂਸੀਸੀ ਕਬਜ਼ੇ ਹੇਠ ਰਹਿਣਾ ਸੀ। ਜਿੱਥੇ 1840ਵਿਆਂ ਤੱਕ ਵੀ ਪਰੂਸ਼ੀਆ ਦੇ ਵੱਡੇ ਹਿੱਸੇ ਵਿੱਚ ਅਰਧ-ਜਗੀਰੂ ਰਿਸ਼ਤੇ ਭਾਰੂ ਸਨ, ਰਾਈਨ ਵਿੱਚ ਵੱਡੀਆਂ ਫੈਕਟਰੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਸਨ। ਬਚਪਨ ਵਿੱਚ ਹੀ ਏਂਗਲਜ਼ ਨੇ ਆਪਣੇ ਆਲ਼ੇ-ਦੁਆਲ਼ੇ ਮਜ਼ਦੂਰਾਂ ਦੀ ਭੈੜੀ ਹਾਲਤ ਵੇਖੀ ਜਿਸ ਨਾਲ਼ ਗਭਰੇਟ ਅਵਸਥਾ ਵਿੱਚ ਹੀ ਉਹਦੇ ਅੰਦਰ ਇੱਕ ਹੱਦ ਤੱਕ ਅਮੀਰਾਂ ਤੇ ਲੋਟੂਆਂ ਪ੍ਰਤੀ ਉਹ ਨਫ਼ਰਤ ਵਿਕਸਤ ਹੋਈ ਜੋ ਸਾਰੀ ਉਮਰ ਇਸ ਲੋਟੂ ਸਰਮਾਏਦਾਰਾ ਤੰਤਰ ਵਿਰੁੱਧ ਘੋਲ਼ ਕਰਨ ਲਈ ਉਸਨੂੰ ਪ੍ਰੇਰਦੀ ਰਹੀ। ਏਂਗਲਜ਼ ਦੀ ਮਾਂ ਕਲਾ ਤੇ ਕਿਤਾਬਾਂ ਬਹੁਤ ਪਸੰਦ ਕਰਦੀ ਸੀ ਤੇ ਚੰਗੇ ਸੁਭਾਅ ਦੀ, ਖੁਸ਼ ਰਹਿਣੀ ਔਰਤ ਸੀ। ਉਹਦੇ ਇਹਨਾਂ ਗੁਣਾਂ ਦੀ ਛਾਪ ਉਹਦੇ ਪਹਿਲੇ ਬੱਚੇ, ਫਰੈਡਰਿਕ ਉੱਪਰ ਸਾਫ ਦਿਖਦੀ ਸੀ। ਆਪਣੀ ਮਾਂ ਤੋਂ ਬਿਨਾਂ ਏਂਗਲਜ਼ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਉਹਦੇ ਨਾਨੇ ਦਾ ਸੀ ਜੋ ਇੱਕ ਭਾਸ਼ਾ ਵਿਗਿਆਨੀ ਸੀ। ਉਹਨੇ ਏਂਗਲਜ਼ ਦਾ ਛੋਟੇ ਹੁੰਦੇ ਪੁਰਾਤਨ ਯੂਨਾਨ ਦੀਆਂ ਕਹਾਣੀਆਂ, ਜਰਮਨ ਲੋਕ ਕਥਾਵਾਂ ਨਾਲ਼ ਵਾਹ ਪਾਇਆ। ਜਰਮਨ ਕਹਾਣੀਆਂ ਦੇ ਸਿਗਫ਼ਰੀਏਡ ਜਿਹੇ ਨਾਇਕਾਂ ਤੋਂ ਏਂਗਲਜ਼ ਨੇ ਜਰਮਨ ਖੂਹ-ਦੇ-ਡੱਡੂਪੁਣੇ, ਪਿਛਾਖੜ ਆਦਿ ਖ਼ਿਲਾਫ਼ ਬਹਾਦਰਾਨਾ ਤਰੀਕੇ ਨਾਲ਼ ਲੜਨ ਦੀ ਤਾਕਤ ਤੇ ਸਿੱਖਿਆ ਹਾਸਲ ਕੀਤੀ। ਖ਼ੁਦ ਏਂਗਲਜ਼ ਦਾ ਪਿਓ, ਘਰ ਦਾ ਤਾਨਾਸ਼ਾਹ, ਪਿਛਾਂਖਿੱਚੂ ਸਿਆਸੀ ਵਿਚਾਰਾਂ ਵਾਲ਼ਾ ਸੀ। ਨਾ ਸਿਰਫ ਘਰ ਵਿੱਚ ਸਗੋਂ ਸਕੂਲ ਵਿੱਚ ‘ਇਜ਼ੱਤਦਾਰ ਸਮਾਜ’ ਵਿੱਚ ਏਂਗਲਜ਼ ਦਾ ਨਿੱਤ ਅਜਿਹੇ ਪਿਛਾਂਹਖਿੱਚੂ ਵਿਚਾਰਾਂ ਨਾਲ਼ ਵਾਹ ਪੈਂਦਾ ਸੀ। ਏਂਗਲਜ਼ ਨੇ ਪਿੱਛੋਂ ਚੇਤੇ ਕੀਤਾ ਕਿ ਜਦ ਇੱਕ ਵਾਰ ਸ਼ਹਿਰ ਦੇ ਸਕੂਲ ਵਿੱਚ ਇੱਕ ਬੱਚੇ ਨੇ ਆਪਣੇ ਅਧਿਆਪਕ ਤੋਂ ਮਹਾਨ ਜਰਮਨ ਕਵੀ ਗੋਇਥੇ ਸਬੰਧੀ ਪੁੱਛਿਆ ਕਿ ਉਹ ਕੌਣ ਸੀ ਤਾਂ ਅਧਿਆਪਕ ਨੇ ਬਿਨਾਂ ਹਿਚਕਿਚਾਏ ਜਵਾਬ ਦਿੱਤਾ ,“ਇੱਕ ਰੱਬ ਵਿਹੂਣਾ ਮਨੁੱਖ।” ਏਂਗਲਜ਼ ਦੇ ਪਿਓ ਦਾ ਏਂਗਲਜ਼ ਦੀ ਜ਼ਿੰਦਗੀ ਸਬੰਧੀ ਇੱਕੋ ਮਕਸਦ ਸੀ, ਉਹਨੂੰ ਵੀ ਪਰਿਵਾਰਕ ਕੰਮ ਵਿੱਚ ਪਾਉਣਾ ਤੇ ਆਪਣੇ ਜਿੰਨਾਂ ਹੀ ਪਿਛਾਂਹਖਿੱਚੂ ਵਿਚਾਰਾਂ ਦਾ ਧਾਰਨੀ ਬਣਾਉਣਾ। ਏਂਗਲਜ਼ ਦੀ ਆਤਮਾ ਬਚਪਨ ਵਿੱਚ ਹੀ ਇਸ ਘੁਟਣ ਭਰੇ ਮਹੌਲ ਤੋਂ ਅਜ਼ਾਦੀ ਲੋਚਦੀ ਸੀ। ਆਪਣੇ ਪਿਤਾ ਤੋਂ ਉਲਟ ਉਹ ਖੁਸ਼ ਰਹਿਣਾ, ਕੋਮਲ ਦਿਲ ਤੇ ਬਹੁ-ਪੱਖੀ ਪ੍ਰਤਿਭਾ ਦਾ ਮਾਲਕ ਤੇ ਰੂੜੀਵਾਦੀ ਕਦਰਾਂ ਕੀਮਤਾਂ ਦਾ ਵਿਰੋਧੀ ਸੀ। ਬਚਪਨ ਵਿੱਚ ਹੀ ਆਪਣੇ ਸੁਭਾਅ ਤੇ ਵਿਚਾਰਾਂ ਕਰਕੇ ਏਂਗਲਜ਼ ਕਈ ਵਾਰ ਆਪਣੇ ਪਿਓ ਦੇ ਗੁੱਸੇ ਤੇ ਕੁੱਟਮਾਰ ਦਾ ਸ਼ਿਕਾਰ ਬਣਿਆ। ਬਚਪਨ ਵਿੱਚ ਹੀ ਏਂਗਲਜ਼ ਦੇ ਵਿਅਕਤੀਤਵ ਵਿੱਚ ਉਹ ਗੁਣ ਆ ਚੁੱਕੇ ਸਨ ਜਿਸਨੇ ਮੁੜਕੇ ਸਾਰੀ ਜ਼ਿੰਦਗੀ ਉਹਨੂੰ ਉਸ ਰਾਹ ਉੱਤੇ ਤੁਰਨ ਲਈ ਪ੍ਰੇਰਿਆ ਜਿਸਨੇ ਸਾਰੀ ਉਮਰ ਉਹਨੂੰ ਆਪਣੇ ਪਰਿਵਾਰ ਦੀ ‘ਕਾਲ਼ੀ ਭੇਡ’ ਬਣਾਈ ਰੱਖਿਆ।
1837 ਵਿੱਚ ਏਂਗਲਜ਼ ਦੇ ਪਿਓ ਨੇ ਉਹਨੂੰ ਸਕੂਲ ਵਿੱਚੋਂ ਕੱਢਕੇ ਆਪਣੇ ਦਫਤਰ ਵਿੱਚ ਕੰਮ ਉੱਤੇ ਲਾ ਲਿਆ ਤਾਂਕਿ ਉਹ ਪਰਿਵਾਰਕ ਕਾਰੋਬਾਰ ਨੂੰ ਸਾਂਭਣ ਜੋਗਾ ਬਣ ਸਕੇ। ਮੁੜਕੇ ਅਗਲੇ ਸਾਲ ਉਹਨੂੰ ਜਰਮਨੀ ਦੀ ਇੱਕ ਬੰਦਰਗਾਹ ਵਾਲ਼ੇ ਸ਼ਹਿਰ ਬ੍ਰੇਮੈਨ ਵਿੱਚ ਕੰਮ ਕਰਨ ਭੇਜ ਦਿੱਤਾ ਗਿਆ ਜਿੱਥੇ ਏਂਗਲਜ਼ ਨੂੰ ਭਾਸ਼ਾਵਾਂ, ਸੰਗੀਤ, ਸਾਹਿਤ ਆਦਿ ਕਈ ਵਿਸ਼ਿਆਂ ਸਬੰਧੀ ਆਪਣਾ ਗਿਆਨ ਵਿਸ਼ਾਲ ਕਰਨ ਦਾ ਮੌਕਾ ਮਿਲ਼ਿਆ। ਬੰਦਰਗਾਹ ਹੋਣ ਕਰਕੇ ਬ੍ਰੇਮੈਨ ਵਿਖੇ ਯੂਰਪ ਦੇ ਕਈ ਦੇਸ਼ਾਂ ਦੇ ਅਖ਼ਬਾਰ, ਰਸਾਲੇ ਉਪਲਬਧ ਹੁੰਦੇ ਸਨ ਤੇ ਇਸ ਸਮੇਂ ਹੀ ਏਂਗਲਜ਼ ਪਹਿਲੀ ਵਾਰ ਸਿਆਸਤ ਵਿੱਚ ਖਾਸ ਦਿਲਚਸਪੀ ਲੈਣ ਲੱਗਿਆ ਜੋ ਗੱਲ ਆਪਣੇ ਦੋਸਤਾਂ ਨੂੰ ਉਹਦੇ ਵੱਲੋਂ ਲਿਖੀਆਂ ਚਿੱਠੀਆਂ ਵਿੱਚ ਸਾਫ ਤੌਰ ’ਤੇ ਝਲਕਦੀ ਹੈ। ਇਸ ਸਮੇਂ ਵਿੱਚ ਏਂਗਲਜ਼ ਦੇ ਵਿਚਾਰ ਇੱਕ ਜਮਹੂਰੀ ਇਨਕਲਾਬੀ ਦੇ ਵਿਚਾਰ ਸਨ ਜੋ ਪਰੂਸ਼ੀਆ ਦੇ ਬਾਦਸ਼ਾਹ ਪ੍ਰਤੀ ਅਥਾਹ ਘਿਰਣਾ ਨਾਲ਼ ਭਰਿਆ ਹੋਇਆ ਸੀ। ਏਂਗਲਜ਼ ਦੇ ਇਹਨਾਂ ਵਿਚਾਰਾਂ ਪਿੱਛੇ ਵੱਡੀ ਭੂਮਿਕਾ ਉਸ ਸਮੇਂ ਦੇ ਯੂਰਪ ਦੇ ਹਲਾਤਾਂ ਦੀ ਸੀ ਜਿੱਥੇ ਜਮਹੂਰੀ ਇਨਕਲਾਬ ਦੇ ਹਾਲਤ ਦਿਨ-ਬ-ਦਿਨ ਪੱਕਦੇ ਜਾ ਰਹੇ ਸਨ। ਆਪਣੀ ਰਾਜਸੀ ਸਿੱਖਿਆ ਦੇ ਨਾਲ਼-ਨਾਲ਼ ਏਂਗਲਜ਼ ਨੇ ਆਪਣਾ ਧਿਆਨ ਫਲਸਫੇ ਦੀ ਪੜ੍ਹਾਈ ਵੱਲ ਕੇਂਦਰਿਤ ਕੀਤਾ ਤੇ 1839 ਸਮੇਂ ਹੀਗਲ ਦੇ ਫਲਸਫੇ ਦਾ ਅਧਿਐਨ ਸ਼ੁਰੂ ਕੀਤਾ। ਆਪਣੇ ਸਿਆਸੀ ਵਿਚਾਰਾਂ ਕਰਕੇ ਉਹ ‘ਜਵਾਨ ਜਰਮਨ’ ਗਰੁੱਪ ਤੇ ‘ਜਵਾਨ-ਹੀਗਲਵਾਦੀਆਂ’ ਵੱਲ ਖਿੱਚਿਆ ਗਿਆ ਜੋ ਹੀਗਲ ਤੇ ਫਲਸਫੇ ਤੋਂ ਜਮਹੂਰੀ ਇਨਕਲਾਬੀ ਸਿੱਟੇ ਕੱਢਦੇ ਸਨ। ਏਂਗਲਜ਼ ਦੇ 1840-41 ਦੇ ਸਮੇਂ ਤੇ ਉਸ ਤੋਂ ਬਾਅਦ ਵਾਲ਼ੇ ਸਮੇਂ ਵਿੱਚ ਲਿਖੇ ਲੇਖਾਂ ਵਿੱਚ ਦਿਖਦਾ ਕਿ ਕਿਵੇਂ ਜਵਾਨ ਏਂਗਲਜ਼ ਫਲਸਫੇ ਦੇ ਸਿੱਟਿਆਂ ਨੂੰ ਮਨੁੱਖ ਦੀ ਅਮਲੀ ਸਰਗਰਮੀ ਨਾਲ਼ ਜੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਆਪਣੇ ਸਿਆਸੀ ਵਿਚਾਰਾਂ ਦੇ ਵੱਧ ਤੋਂ ਵੱਧ ਇਨਕਲਾਬੀ ਹੋਣ ਦੇ ਨਾਲ਼ ਏਂਗਲਜ਼ ਨੇ 1842 ਵਿੱਚ ਅਖ਼ਬਾਰ ‘ਰਾਇਨਾਇਸ਼ ਜ਼ੇਟੁੰਗ’ ਲਈ ਲੇਖ ਲਿਖਣੇ ਸ਼ੁਰੂ ਕੀਤੇ। ਇਸ ਅਖ਼ਬਾਰ ਦਾ ਸੰਪਾਦਕ ਅਕਤੂਬਰ 1842 ਵਿੱਚ ਕਾਰਲ ਮਾਰਕਸ ਬਣਿਆ। ਵਿਚਾਰਾਂ ਵਿੱਚ ਸਾਂਝ ਹੋਣ ਕਾਰਨ ਦੋਵਾਂ ਵਿੱਚ ਆਪਸੀ ਚਿੱਠੀ-ਪੱਤਰ ਸ਼ੁਰੂ ਹੋਇਆ ਜੋ ਉਹਨਾਂ ਦੀ ਦੋਸਤੀ ਵਿੱਚ ਪਹਿਲਾ ਕਦਮ ਸੀ। ਏਂਗਲਜ਼ ਦੀ ਸਿਆਸਤ ਸਬੰਧੀ ਸੋਝੀ ਤੇ ਜਰਮਨੀ ਦੇ ਸਮਾਜਿਕ ਤੇ ਸਿਆਸੀ ਹਾਲਤਾਂ ਵਿਚਲੇ ਵਿਰੋਧ ਨੇ ਉਸਨੂੰ ਭਵਿੱਖੀ ਸਮਾਜ ਦੀ ਰੂਪ-ਰੇਖਾ ਸਬੰਧਿਤ ਸੋਚਣ ਵੱਲ ਮੋੜਿਆ ਤੇ ਉਹ ਇਸ ਗੱਲ ਦਾ ਮੁਰੀਦ ਬਣ ਚੁੱਕਿਆ ਸੀ ਕਿ ਕਮਿਊਨਿਜ਼ਮ ਹੀ ਜਰਮਨੀ ਦੇ ਸਾਰੇ ਦੁੱਖਾਂ ਦੀ ਦਾਰੂ ਹੈ।
ਅਜਿਹੇ ਵੇਲ਼ੇ ਉਹ ਘਟਨਾ ਵਾਪਰੀ ਜਿਸਨੇ ਏਂਗਲਜ਼ ਦੀ ਕਮਿਊਨਿਜ਼ਮ ਵੱਲ ਤਬਦੀਲੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਏਂਗਲਜ਼ ਦੇ ਵਿਚਾਰ ਉਸ ਦੇ ਪਰਿਵਾਰ ਤੋਂ ਛਿਪੇ ਨਹੀਂ ਸਨ ਰਹਿ ਗਏ। ਆਪਣੇ ਮੁੰਡੇ ਨੂੰ ਜਰਮਨੀ ਦੀਆਂ ਵਿਚਾਰਧਾਰਕ ਤੇ ਸਿਆਸੀ ਖਹਿਭੇੜਾਂ ਤੋਂ ਦੂਰ ਕਰਨ ਲਈ ਏਂਗਲਜ਼ ਦੇ ਪਿਓ ਨੇ ਓਹਨੂੰ ਇੰਗਲੈਂਡ ਦੇ ਸ਼ਹਿਰ ਮੈਨਚੇਸਟਰ ਵਿਖੇ ਐਰਮਨ ਤੇ ਏਂਗਲਜ਼ ਦੀ ਫੈਕਟਰੀ ਵਿੱਚ ਕੰਮ ਕਰਨ ਲਈ ਭੇਜਣ ਦਾ ਫੈਸਲਾ ਕੀਤਾ। ਇੰਗਲੈਂਡ ਉਸ ਸਮੇਂ ਸਰਮਾਏਦਾਰਾ ਪੈਦਾਵਾਰੀ ਰਿਸ਼ਤਿਆਂ ਪੱਖੋਂ ਦੁਨੀਆਂ ਦਾ ਸਭ ਤੋਂ ਉੱਨਤ ਦੇਸ਼ ਸੀ ਤੇ ਇੱਥੇ ਏਂਗਲਜ਼ ਦੋ ਸਾਲ ਰਿਹਾ। ਇੱਥੇ ਏਂਗਲਜ਼ ਸਿਰਫ ਆਪਣੇ ਦਫਤਰ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਉਹਨੇ ਮਜ਼ਦੂਰਾਂ ਤੇ ਉਹਨਾਂ ਦੀਆਂ ਲਹਿਰਾਂ ਨਾਲ਼ ਜੀਵੰਤ ਸੰਪਰਕ ਬਣਾਏ। ਆਪਣੀ ਹੋਣ ਵਾਲ਼ੀ ਜੀਵਨਸਾਥੀ ਮੈਰੀ ਬਰਨਸ ਦੀ ਮਦਦ ਨਾਲ਼ ਉਹਨੇ ਆਪਣੇ ਵਿਹਲੇ ਸਮੇਂ ਦਾ ਵੱਡਾ ਹਿੱਸਾ ਇੰਗਲੈਂਡ ਦੇ ਮਜ਼ਦੂਰ ਇਲਾਕਿਆਂ ਦੇ ਅਧਿਐਨ ਉੱਪਰ ਲਾਇਆ। ਉਹ ਸਿਰਫ ਕਿਤਾਬਾਂ ਤੇ ਰਿਪੋਰਟਾਂ ਵਿੱਚੋਂ ਹੀ ਨਹੀਂ ਸਗੋਂ ਮਜ਼ਦੂਰਾਂ ਦੀ ਅਸਲ ਜ਼ਿੰਦਗੀ ਦਾ, ਉਹਨਾਂ ਦੀਆਂ ਅਸਲ ਹਾਲਤਾਂ ਦਾ ਅਧਿਐਨ ਕਰਨਾ ਚਾਹੁੰਦਾ ਸੀ। ਇਸ ਦੇ ਨਾਲ਼ ਹੀ ਇੰਗਲੈਂਡ ਵਿੱਚ ਹੋਰ ਜਮਹੂਰੀ ਲਹਿਰਾਂ ਦੇ ਨਾਲ਼-ਨਾਲ਼, ਉਸਦਾ ਮਜ਼ਦੂਰਾਂ ਦੀ ਪਹਿਲੀ ਵਿਸ਼ਾਲ, ਸਹੀ ਮਾਇਨੇ ਵਿੱਚ ਜਨਤਕ ਤੇ ਸਿਆਸੀ ਤੌਰ ਉੱਤੇ ਜਥੇਬੰਦ ਲਹਿਰ, ਅਧਿਕਾਰਪਤਰਵਾਦੀ ਲਹਿਰ ਨਾਲ਼ ਸੰਪਰਕ ਹੋਇਆ ਤੇ ਉੱਥੇ ਰਹਿੰਦਾ ਏਂਗਲਜ਼ ਇਸ ਵਿੱਚ ਕਾਫੀ ਸਰਗਰਮ ਵੀ ਰਿਹਾ।
ਇੰਗਲੈਂਡ ਵਿੱਚ ਰਹਿੰਦੇ ਹੋਏ ਮਜ਼ਦੂਰਾਂ ਦੀ ਅਸਲ ਹਾਲਤ ਦਾ ਅਧਿਐਨ, ਅਧਿਕਾਰਪਤਰਵਾਦੀ ਲਹਿਰ ਵਿੱਚ ਸਰਗਰਮੀ ਤੇ ਸਿਆਸੀ ਆਰਥਿਕਤਾ ਦੀ ਮੁੱਢਲੀ ਪੜ੍ਹਾਈ ਨੇ 1845 ਦੀ ਉਸ ਸ਼ਾਹਕਾਰ ਰਚਨਾ ਨੂੰ ਜਨਮ ਦਿੱਤਾ ਜੋ ਹਾਲੇ ਤੱਕ ਵੀ ਮਜ਼ਦੂਰਾਂ ਦੀ ਹਾਲਤ ਸਬੰਧੀ ਲਿਖੀ ਸਭ ਤੋਂ ਉੱਨਤ ਕਿਤਾਬ ਹੈ ‘ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ’। ਇਸ ਤੋਂ ਪਹਿਲਾਂ ਵੀ ਮਜ਼ਦੂਰਾਂ ਦੀਆਂ ਹਾਲਤਾਂ ਉੱਤੇ ਕਿੰਨੀਆਂ ਹੀ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਸਨ ਜੋ ਮਜ਼ਦੂਰਾਂ ਦੀ ਭੈੜੀ ਹਾਲਤ ਬਿਆਨ ਕਰਦੀਆਂ ਸਨ ਪਰ ਏਂਗਲਜ਼ ਦੀ ਕਿਤਾਬ ਇਸ ਗੱਲੋਂ ਵੱਖਰੀ ਸੀ ਕਿ ਮਜ਼ਦੂਰਾਂ ਦੀਆਂ ਭੈੜੀਆਂ ਤੋਂ ਭੈੜੀਆਂ ਹਾਲਤਾਂ ਬਿਆਨ ਕਰਨ ਦੇ ਬਾਵਜੂਦ ਉਹਨੇ ਮਜ਼ਦੂਰਾਂ ਨੂੰ ਤਰਸ ਦੇ ਪਾਤਰ ਵਾਂਗੂ ਪੇਸ਼ ਨਹੀਂ ਕੀਤਾ ਜਿਹਨਾਂ ਦੀ ਬੰਦ-ਖਲਾਸੀ ਕਿਸੇ ਨੇ ਬਾਹਰੋਂ ਕਰਨੀ ਹੋਵੇ। ਇਸ ਕਿਤਾਬ ਵਿੱਚ ਸੁਹਿਰਦਤਾ ਦੇ ਬਾਵਜੂਦ ਭਾਵੁਕਤਾਵਾਦ ਦਾ ਕਿਣਕਾ ਵੀ ਨਹੀਂ ਸੀ। ਏਂਗਲਜ਼ ਇਹ ਕਹਿਣ ਵਾਲ਼ਾ ਪਹਿਲਾ ਸੀ ਕਿ ਮਜ਼ਦੂਰ ਜਮਾਤ ਸਿਰਫ ਇੱਕ ਦੁੱਖਾਂ-ਤਕਲੀਫ਼ਾਂ ਸਹਿੰਦੀ ਜਮਾਤ ਹੀ ਨਹੀਂ ਸਗੋਂ ਇੱਕ ਲੜਾਕੂ ਜਮਾਤ ਵੀ ਹੈ ਤੇ ਇਹਨਾਂ ਭੈੜੀਆਂ ਹਾਲਤਾਂ ਤੋਂ ਅਜ਼ਾਦੀ ਮਜ਼ਦੂਰ ਜਮਾਤ ਖ਼ੁਦ ਲੜਕੇ ਹੀ ਹਾਸਲ ਕਰੇਗੀ। ਮਜ਼ਦੂਰ ਜਮਾਤ ਦੇ ਆਰਥਕ ਹਲਾਤ ਉਸਨੂੰ ਸਿਆਸੀ ਪਿੜ ਵਿੱਚ ਲਿਆ ਖੜ੍ਹਾ ਕਰਨਗੇ ਜਿਸ ਵਿੱਚ ਉਹ ਆਪਣੇ ਤਜ਼ਰਬੇ ਰਾਹੀਂ ਸਿੱਖੇਗੀ ਕਿ ਉਹਨੂੰ ਅਜ਼ਾਦੀ ਸਿਰਫ ਸਮਾਜਵਾਦ ਵਿੱਚ ਹੀ ਮਿਲ਼ ਸਕਦੀ ਹੈ। ਤੇ ਸਮਾਜਵਾਦ ਖ਼ੁਦ ਇੱਕ ਸਿਆਸੀ ਤਾਕਤ ਤਦ ਹੀ ਬਣ ਸਕੇਗੀ ਜਦ ਇਹ ਮਜ਼ਦੂਰ ਜਮਾਤ ਦੀ ਲਹਿਰ ਦਾ ਟੀਚਾ ਬਣ ਜਾਵੇਗੀ। ਅਜਿਹੇ ਸੀ ਵਿਚਾਰ ਜੋ 24 ਸਾਲ ਦੇ ਏਂਗਲਜ਼ ਨੇ ਆਪਣੀ ਕਿਤਾਬ ਵਿੱਚ ਪ੍ਰਗਟਾਏ।
ਅਗਸਤ 1844 ਵਿੱਚ ਏਂਗਲਜ਼ ਦੀ ਇੰਗਲੈਂਡ ਵਿਚਲੀ ਸ਼ਗਿਰਦੀ ਦਾ ਅੰਤ ਹੋਇਆ। ਵਾਪਸ ਘਰ ਮੁੜਦਾ ਹੋਇਆ ਉਹ ਪੈਰਿਸ ਮਾਰਕਸ ਨੂੰ ਮਿਲ਼ਣ ਲਈ ਰੁਕਿਆ। ਇਹ ਮੁਲਾਕਾਤ ਉਹਨਾਂ ਦੀਆਂ ਪਿਛਲੀਆਂ ਮੁਲਾਕਾਤਾਂ ਨਾਲ਼ੋਂ ਉੱਕੀ ਹੀ ਵੱਖਰੀ ਸੀ ਤੇ ਇਹਨੇ ਦੋਹਾਂ ਵਿਚਾਲੇ ਜ਼ਿੰਦਗੀ ਭਰ ਦੀ ਦੋਸਤੀ ਦਾ ਮੁੱਢ ਬੰਨਿਆ। ਇਸ ਗੂੜੀ ਦੋਸਤੀ ਦਾ ਅਧਾਰ ਉਹਨਾਂ ਦੋਹਾਂ ਦਾ ਲਗਭਗ ਇੱਕੋ ਜਹੇ ਵਿਗਿਆਨਕ ਸਿੱਟਿਆਂ ਉੱਤੇ ਪਹੁੰਚ ਜਾਣਾ ਸੀ। ਮਾਰਕਸ ਤੇ ਏਂਗਲਜ਼ ਦਾ ਨਵਾਂ ਸੰਸਾਰ ਨਜ਼ਰੀਆ ਠੋਸ ਰੂਪ ਧਾਰਨ ਲੱਗ ਚੁੱਕਾ ਸੀ ਤੇ ‘ਜਰਮਨ ਵਿਚਾਰਧਾਰਾ’ ਰਾਹੀਂ ਮਾਰਕਸ ਤੇ ਏਂਗਲਜ਼ ਨੇ ਵਿਗਿਆਨਕ ਸਮਾਜਵਾਦ ਦਾ ਨੀਂਹ ਪੱਥਰ ਰੱਖਿਆ। ਇਸ ਸਾਂਝੀ ਕਿਰਤ ਨਾਲ਼ ਮਨੁੱਖੀ ਇਤਿਹਾਸ ਦਾ ਅਧਿਐਨ ਫੈਸਲਾਕੁੰਨ ਤੌਰ ਉੱਤੇ ਅਟਕਲਪੱਚੂਆਂ ਤੋਂ ਵਿਗਿਆਨ ਵੱਲ ਤਬਦੀਲ ਹੋਇਆ। ਮਾਰਕਸ-ਏਂਗਲਜ਼ ਨੇ ਸੰਸਾਰ ਨੂੰ ਸਮਝਣ ਤੇ ਬਦਲਣ ਦੇ ਵਿਗਿਆਨ ਦੀ ਖੋਜ ਕੀਤੀ ਜਿਸ ਨੂੰ ਇਤਿਹਾਸਕ ਪਦਾਰਥਵਾਦ ਦਾ ਨਾਮ ਦਿੱਤਾ ਜਾਂਦਾ ਹੈ।
ਏਂਗਲਜ਼ – ਸਭ ਤੋਂ ਪਹਿਲਾਂ ਇੱਕ ਇਨਕਲਾਬੀ
ਏਂਗਲਜ਼ ਨੇ ਆਪਣੀ ਸਾਰੀ ਉਮਰ ਮਜ਼ਦੂਰ ਜਮਾਤ ਦੀ ਮੁਕਤੀ ਲਈ ਅਥਾਹ ਵਿਚਾਰਧਾਰਕ ਤੇ ਜਥੇਬੰਦਕ ਕੰਮ ਕੀਤਾ। ਮਾਰਕਸਵਾਦ ਦੀ ਵਿਆਖਿਆ ਤੇ ਹਿਫਾਜ਼ਤ ਕਰਦੇ ਹੋਏ ਸ਼ਾਨਦਾਰ ਪੁਸਤਕਾਂ ਲਿਖੀਆਂ ਜਿਵੇਂ ‘ਡੁਹਰਿੰਗ ਵਿਰੁੱਧ’ (ਜਿਸ ਨੂੰ ਮਾਰਕਸਵਾਦ ਦਾ ਵਿਸ਼ਵਕੋਸ਼ ਵੀ ਕਿਹਾ ਜਾਂਦਾ ਹੈ), ‘ਲੁਡਵਿਗ ਫਿਉਰਬਾਖ਼’, ‘ਪਰਿਵਾਰ, ਨਿੱਜੀ ਜਾਇਦਾਦ ਤੇ ਰਾਜ ਦਾ ਮੁੱਢ’, ‘ਫਰਾਂਸ ਤੇ ਜਰਮਨੀ ਵਿੱਚ ਕਿਸਾਨੀ ਦਾ ਸਵਾਲ’ ਆਦਿ-ਆਦਿ। ਪਰ ਇਹ ਬੌਧਿਕ ਕੰਮ ਕੋਈ ਲੋਕਾਂ ਤੋਂ ਟੁੱਟਕੇ ਸਿਰਫ ਬੰਦ ਕਮਰਿਆਂ ਦੀ ਬੌਧਿਕ ਜੁਗਾਲ਼ੀ ਦਾ ਸਿੱਟਾ ਨਹੀਂ ਸਗੋਂ ਮਾਰਕਸ ਤੇ ਏਂਗਲਜ਼ ਮਾਰਕਸਵਾਦ ਨੂੰ ਮਜ਼ਦੂਰ ਜਮਾਤ ਦੀ ਮੁਕਤੀ ਦਾ ਹਥਿਆਰ ਮੰਨਦੇ ਸਨ ਤੇ ਆਪਣੀ ਜ਼ਿੰਦਗੀ ਦਾ ਮਕਸਦ ਮਜ਼ਦੂਰ ਜਮਾਤ ਦੀ ਮੁਕਤੀ। ਇਹੋ ਉਦੇਸ਼ ਲਈ ਉਹ ਆਪਣੀ ਸਾਰੀ ਉਮਰ ਜੂਝੇ। ਮਾਰਕਸ ਨੇ ਖੁਸ਼ੀ ਦੇ ਸੰਕਲਪ ਬਾਰੇ ਪੁੱਛੇ ਜਾਣ ਉੱਤੇ ਇੱਕ ਸ਼ਬਦ ਦਾ ਉੱਤਰ ਦਿੱਤਾ ਸੀ “ਘੋਲ਼” ਜਾਣੀ ਮਜ਼ਦੂਰ ਜਮਾਤ ਦੀ ਮੁਕਤੀ ਲਈ ਘੋਲ਼। ਇਹੋ ਵਿਚਾਰਾਂ ਦਾ ਏਂਗਲਜ਼ ਵੀ ਧਾਰਨੀ ਸੀ। ਏਂਗਲਜ਼ ਦੀ ਪੂਰੀ ਜ਼ਿੰਦਗੀ ਦੀਆਂ ਸਰਗਰਮੀਆਂ ਦਾ ਜੇ ਨਿਚੋੜ ਕੱਢਣਾ ਹੋਵੇ ਤਾਂ ਸਾਨੂੰ ਏਂਗਲਜ਼ ਦੇ ਉਹ ਸ਼ਬਦ ਉਧਾਰੇ ਲੈਣੇ ਪੈਣਗੇ ਜੋ ਉਸਨੇ ਮਾਰਕਸ ਦੀ ਕਬਰ ਉੱਤੇ ਭਾਸ਼ਣ ਦੇਣ ਸਮੇਂ ਵਰਤੇ ਸੀ, “ਮਾਰਕਸ ਸਭ ਤੋਂ ਪਹਿਲਾਂ ਇੱਕ ਇਨਕਲਾਬੀ ਸੀ। ਜੀਵਨ ਵਿੱਚ ਉਹਦਾ ਅਸਲ ਮਨੋਰਥ, ਇਕ ਜਾਂ ਦੂਜੇ ਢੰਗ ਨਾਲ਼, ਸਰਮਾਏਦਾਰ ਸਮਾਜ ਅਤੇ ਇਹਨੇ ਜਿਹੜੀਆਂ ਰਾਜ ਸੰਸਥਾਵਾਂ ਹੋਂਦ ਵਿੱਚ ਲਿਆਂਦੀਆਂ ਹਨ, ਨੂੰ ਤਬਾਹ ਕਰਨਾ, ਨਵੀਨ ਪ੍ਰੋਲੇਤਾਰੀ ਦੀ ਮੁਕਤੀ ਵਿੱਚ ਹਿੱਸਾ ਪਾਉਣਾ, ਪ੍ਰੋਲਤਾਰੀ ਜਿਸਨੂੰ ਉਹਨੇ ਉਹਦੀ ਆਪਣੀ ਹਾਲਤ ਤੋਂ ਉਹਦੀਆਂ ਲੋੜਾਂ ਤੋਂ ਜਾਣੂ ਕਰਵਾਇਆ ਸੀ, ਉਹਦੀ ਮੁਕਤੀ ਲਈ ਲੋੜੀਂਦੀਆਂ ਸ਼ਰਤਾਂ ਤੋਂ ਜਾਣੂ ਕਰਵਾਇਆ ਸੀ। ਲੜਨਾ ਉਹਦਾ ਤੱਤ ਸੀ। ਅਤੇ ਉਹ ਅਜਿਹੇ ਜੋਸ਼, ਸਿਰੜ ਅਤੇ ਸਫਲਤਾ ਨਾਲ਼ ਲੜਦਾ, ਜਿਸਦੀ ਬਹੁਤ ਘੱਟ ਹੀ ਮਿਸਾਲ ਮਿਲ਼ਦੀ ਹੈ।” ਬਸ ਇੱਥੇ ਮਾਰਕਸ ਦੀ ਥਾਵੇਂ ਏਂਗਲਜ਼ ਲਿਖਣ ਦੀ ਲੋੜ ਹੈ ਤੇ ਮਾਰਕਸ ਨਾਲ਼ ਗੂੜੀ ਦੋਸਤੀ ਬੱਝਣ ਮਗਰੋਂ ਏਂਗਲਜ਼ ਦੀ ਸਾਰੀ ਜ਼ਿੰਦਗੀ ਦਾ ਨਿਚੋੜ ਸਾਡੇ ਸਾਹਮਣੇ ਹੈ।
ਮਾਰਕਸ ਨੂੰ ਪੈਰਿਸ ਵਿੱਚ ਮਿਲ਼ਣ ਮਗਰੋਂ ਏਂਗਲਜ਼ ਵਾਪਸ ਜਰਮਨੀ ਅਪੜਿਆ ਜਿੱਥੇ ਉਹ ਆਉਂਦੇ ਸਾਰ ਹੀ ਕਮਿਊਨਿਸਟ ਪ੍ਰਚਾਰ ਵਿੱਚ ਕੁੱਦ ਪਿਆ। ਐਲਬਰਫਲਡ ਵਿਖੇ ਦਿੱਤੇ ਭਾਸ਼ਣਾਂ ਮਗਰੋਂ ਉਹ ਪਰੂਸ਼ੀਆਈ ਰਾਜਸੱਤ੍ਹਾ ਦੀਆਂ ਅੱਖਾਂ ਵਿੱਚ ਰੜਕਣ ਲੱਗਾ ਤੇ ਉਸਦਾ ਅੱਗੇ ਕਮਿਊਨਿਸਟ ਪ੍ਰਚਾਰ ਦਾ ਕੰਮ ਬਹੁਤ ਔਖਾ ਹੋ ਗਿਆ। ਏਂਗਲਜ਼ ਦੇ ਆਪਦੇ ਪਿਓ ਨਾਲ਼ ਰਿਸ਼ਤਿਆਂ ਵਿੱਚ ਹੋਰ ਕੁੜੱਤਣ ਆ ਗਈ ਜੋ ਉਸਦੇ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਹੋਣ ਕਰਕੇ ਤੇ ਵਣਜ ਵਿੱਚ ਹਿੱਸਾ ਨਾ ਲੈਣ ਕਰਕੇ ਉਸਤੋਂ ਤੰਗ ਸੀ। ਅਜਿਹੇ ਵੇਲ਼ੇ ਏਂਗਲਜ਼ ਲਈ ਜਰਮਨੀ ਵਿੱਚ ਰਹਿਣਾ ਔਖਾ ਹੋ ਗਿਆ ਤੇ ਉਹਨੇ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਜਾਣ ਦਾ ਫੈਸਲਾ ਕੀਤਾ ਜਿੱਥੇ ਓਦੋਂ ਤੱਕ ਮਾਰਕਸ ਨੂੰ ਵੀ ਜਲਾਵਤਨ ਕਰ ਦਿੱਤਾ ਗਿਆ ਸੀ। 1845 ਤੋਂ 1847 ਤੱਕ ਏਂਗਲਜ਼ ਪੈਰਿਸ ਤੇ ਬਰੱਸਲਜ਼ ਵਿੱਚ ਰਿਹਾ ਜਿੱਥੇ ਉਸਨੇ ਵਿਗਿਆਨਕ ਤੇ ਅਮਲੀ ਕੰਮ ਦੋਹਾਂ ਵਿੱਚ ਵਧ-ਚੜਕੇ ਹਿੱਸਾ ਲਿਆ। ਬਰੱਸਲਜ਼ ਤੇ ਪੈਰਿਸ ਵਿੱਚ ਜਰਮਨ ਮਜ਼ਦੂਰਾਂ ਵਿੱਚ ਏਂਗਲਜ਼ ਨੇ ਨਿੱਠਕੇ ਕੰਮ ਕੀਤਾ ਤੇ ਇਹ ਕੋਸ਼ਿਸ਼ ਕੀਤੀ ਕਿ ਉਹ ਇੱਕ ਪ੍ਰੋਲੇਤਾਰੀ ਪਾਰਟੀ ਵਿੱਚ ਇਕਮੁੱਠ ਹੋਣ। ਮਾਰਕਸ ਤੇ ਏਂਗਲਜ਼ ਨੇ ਵੱਖੋ-ਵੱਖ ਦੇਸ਼ ਦੇ ਮਜ਼ਦੂਰਾਂ ਤੇ ਕਿਰਤੀਆਂ ਨਾਲ਼ ਸੰਪਰਕ ਬਣਾਉਣ ਲਈ ਕਮਿਊਨਿਸਟ ਪੱਤਰ-ਵਿਹਾਰ ਕਮੇਟੀਆਂ ਬਣਾਈਆਂ ਤੇ ਜਰਮਨ ਮਜ਼ਦੂਰਾਂ ਦੀ ਇੱਕ ਗੁਪਤ ਸਭਾ ‘ਲੀਗ ਆਫ ਦਿ ਜਸਟ’ ਦਾ ਹਿੱਸਾ ਬਣੇ। ਮੁੜਕੇ ਮਜ਼ਦੂਰ ਜਮਾਤ ਲਈ ਓਪਰੇ ਵਿਚਾਰਾਂ ਨੂੰ ਭਾਂਜ ਦਿੰਦੇ ਹੋਏ ਇਸ ਲੀਗ ਵਿੱਚ ਮਾਰਕਸ ਤੇ ਏਂਗਲਜ਼ ਨੇ ਆਪਣੇ ਵਿਚਾਰਾਂ ਦੀ ਸਰਦਾਰੀ ਸਥਾਪਤ ਕੀਤੀ ਜਿਸ ਵਿੱਚ ਏਂਗਲਜ਼ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਇਸ ਲੀਗ ਦਾ ਮੁੜਕੇ ਨਾਮ, ਮਾਰਕਸ ਤੇ ਏਂਗਲਜ਼ ਦੀ ਸਿਫਾਰਿਸ਼ ਉੱਤੇ, ‘ਕਮਿਊਨਿਸਟ ਲੀਗ’ ਰੱਖਿਆ ਗਿਆ ਜਿਸ ਦੇ ਪ੍ਰੋਗਰਾਮ ਤੇ ਟੀਚਿਆਂ ਦੀ ਵਿਆਖਿਆ ਕਰਨ ਲਈ ਏਂਗਲਜ਼ ਨੇ ਪਹਿਲਾਂ ‘ਕਮਿਊਨਿਜ਼ਮ ਦੇ ਸਿਧਾਂਤ’ ਤੇ ਮੁੜਕੇ ਮਾਰਕਸ ਤੇ ਏਂਗਲਜ਼ ਨੇ ਸਾਂਝੇ ਤੌਰ ਉੱਤੇ ‘ਕਮਿਊਨਿਸਟ ਮੈਨੀਫੈਸਟੋ’ ਲਿਖਿਆ ਜੋ 1848 ਵਿੱਚ ਛਪਿਆ। ਇਸ ਕਿਰਤ ਨੂੰ ਮਜ਼ਦੂਰ ਜਮਾਤ ਦੀ ਬਾਈਬਲ ਕਿਹਾ ਜਾਂਦਾ ਹੈ ਤੇ ਲੈਨਿਨ ਅਨੁਸਾਰ ਇਹ ਨਿੱਕਾ ਕਿਤਾਬਚਾ ਕਈ ਖੰਡਾਂ ਦੇ ਬਰਾਬਰ ਹੈ ਤੇ ਸੱਭਿਅਕ ਸੰਸਾਰ ਦੇ ਸਭ ਜਥੇਬੰਦ ਤੇ ਲੜਾਕੂ ਪ੍ਰੋਲੇਤਾਰੀਆਂ ਦੀ ਰਹਿਨੁਮਾਈ ਕਰਦਾ ਹੈ।
ਇਸ ਤੋਂ ਛੇਤੀ ਹੀ ਮਗਰੋਂ 1848 ਦਾ ਇਨਕਲਾਬ ਭੜਕ ਉੱਠਿਆ ਜਿਸ ਦੀ ਸ਼ੁਰੂਆਤ ਪੈਰਿਸ ਤੋਂ ਹੋਈ ਤੇ ਜੋ ਮੁੜਕੇ ਬਾਕੀ ਪੱਛਮੀ ਯੂਰਪੀ ਦੇਸ਼ਾਂ ਵਿੱਚ ਫੈਲ ਗਿਆ। ਇਹਨਾਂ ਇਨਕਲਾਬਾਂ ਦੇ ਟੀਚੇ ਉੱਤੇ ਬੁਰਜੂਆ ਜਮਹੂਰੀ ਕਾਰਜਾਂ ਦੀ ਪੂਰਤੀ ਸੀ। ਮਾਰਕਸ ਤੇ ਏਂਗਲਜ਼ ਨੇ, ਜੋ ਜਮਾਤੀ ਘੋਲ਼ਾਂ ਵਿੱਚ ਸਮਾਜ ਦੀ ਚਾਲਕ ਸ਼ਕਤੀ ਵੇਖਦੇ ਸਨ, ਇਹਨਾਂ ਘਟਨਾਵਾਂ ਦਾ ਸਵਾਗਤ ਕੀਤਾ ਤੇ ਆਪਣੇ ਕਥਨ “ਦਾਰਸ਼ਨਿਕਾਂ ਨੇ ਹੁਣ ਤੱਕ ਦੁਨੀਆਂ ਦੀ ਵੱਖ-ਵੱਖ ਢੰਗ ਨਾਲ਼ ਵਿਆਖਿਆ ਕੀਤੀ ਹੈ ਪਰ ਮੁੱਖ ਨੁਕਤਾ ਇਸ ਨੂੰ ਬਦਲਣ ਦਾ ਹੈ” ਪ੍ਰਤੀ ਵਫ਼ਾਦਾਰੀ ਨਿਭਾਉਂਦੇ ਹੋਏ ਜਰਮਨੀ ਨੂੰ ਪਰਤਕੇ ਇਨਕਲਾਬੀ ਸਰਗਰਮੀ ਵਿੱਚ ਕੁੱਦ ਪਏ। ਇੱਥੇ ਏਂਗਲਜ਼ ਦੇ ਹਿੱਸੇ ਹੋਰ ਕੰਮਾਂ ਦੇ ਨਾਲ਼-ਨਾਲ਼ ਜਮਹੂਰੀ ਇਨਕਲਾਬੀ ਅਖ਼ਬਾਰ ‘ਨਿਊ ਰਾਈਨਾਇਸ਼ ਜ਼ੇਤੁੰਗ’ ਨੂੰ ਚਲਾਉਣਾ ਆਇਆ। ਸੱਤ੍ਹਾ ਵੱਲੋਂ ‘ਨਿਊ ਰਾਈਨਾਇਸ਼ ਜ਼ੇਤੁੰਗ’ ਉੱਤੇ ਪਾਬੰਦੀ ਲਾ ਦਿੱਤੀ ਗਈ ਤੇ ਮਾਰਕਸ ਨੂੰ ਜਲਾਵਤਨ ਕਰ ਦਿੱਤਾ ਗਿਆ। ਏਂਗਲਜ਼ ਨੇ ਫੇਰ ਕਲਮ ਛੱਡਕੇ ਬੰਦੂਕ ਚੱਕ ਲਈ ਤੇ ਪਰੂਸ਼ੀਆਈ ਬਾਦਸ਼ਾਹੀ ਖ਼ਿਲਾਫ਼ ਲੜ ਰਹੇ ਮੋਰਚਿਆਂ ਵਿੱਚ ਸ਼ਾਮਲ ਹੋ ਗਿਆ। ਏਂਗਲਜ਼ ਤਿੰਨ ਲੜਾਈਆਂ ਵਿੱਚ ਮੂਹਰਲੇ ਦਸਤਿਆਂ ਵਿੱਚ ਲੜਿਆ ਤੇ ਆਖਰਕਾਰ ਬਾਗੀਆਂ ਨੂੰ ਹੋਈ ਹਾਰ ਸਦਕਾ ਉਸਨੂੰ ਸਵਿਟਜ਼ਰਲੈੰਡ ਰਾਹੀਂ ਭੱਜਕੇ ਲੰਡਨ ਜਾਣਾ ਪਿਆ।
ਕਮਿਊਨਿਸਟ ਦੋਸਤੀ ਇੰਝ ਨਿਭਾਉਂਦੇ ਹਨ
ਬਗਾਵਤ ਕੁਚਲੇ ਜਾਣ ਮਗਰੋਂ ਇੱਕ ਲੰਬਾ ਪਿਛਾਖੜ ਦਾ ਸਮਾਂ ਸ਼ੁਰੂ ਹੋਇਆ। ਏਂਗਲਜ਼ ਦੀ ਜੀਵਨੀਕਾਰ ਸਤੇਪਾਨੋਵਾ ਦੇ ਸ਼ਬਦਾਂ ਵਿੱਚ “ਪਿੱਛੇਖਿਚੂਆਂ ਵੱਲੋਂ ਸ਼ੁਰੂ ਕੀਤੇ ਹਮਲੇ ਨੇ ਮਾਰਕਸ ਅਤੇ ਏਂਗਲਜ਼ ਲਈ ਆਪਣਾ ਸਿਧਾਂਤਕ ਅਧਿਐਨ ਤੇ ਰਾਜਸੀ ਕੰਮ ਜਾਰੀ ਰੱਖਣਾ ਅਤਿ-ਅੰਤ ਔਖਾ ਬਣਾ ਦਿੱਤਾ। ਉਹਨਾਂ ਨੂੰ ਹੁਣ ਜਲਾਵਤਨੀ ਅਤੇ ਗਰੀਬੀ ਦੇ ਸਾਰੇ ਜਫ਼ਰ ਜਾਲਣੇ ਪਏ। ਸਰਮਾਏਦਾਰਾ ਸਮਾਜ ਨੇ ਪ੍ਰੋਲੇਤਾਰੀ ਦੇ ਆਗੂਆਂ ਤੋਂ ਬਦਲਾ ਲਿਆ, ਉਹਨਾਂ ਨੂੰ ਗੁਜ਼ਾਰੇ ਦੇ ਬੁਨਿਆਦੀ ਸਾਧਨਾਂ ਤੋਂ ਵਿਰਵਾ ਕਰ ਦਿੱਤਾ। ਭਾਵੇਂ ਏਂਗਲਜ਼ ਅਜੇ ਵੀ ਪੱਤਰਕਾਰੀ ਦੇ ਕੰਮ ਤੋਂ ਕੁੱਝ ਕਮਾ ਸਕਦਾ ਸੀ, ਮਾਰਕਸ ਲਈ ਇਹ ਵੀ ਸੰਭਵ ਨਹੀਂ ਸੀ ਕਿਉਂਕਿ ਉਹਦੇ ਸਿਰ ਇੱਕ ਟੱਬਰ ਦਾ ਭਾਰ ਸੀ।” ਅਜਿਹੇ ਸਮੇਂ ਤਾਂਕਿ ਮਾਰਕਸ ਆਪਣਾ ਸਿਧਾਂਤਕ ਕੰਮ ਜਾਰੀ ਰੱਖ ਸਕੇ ਤੇ ਪ੍ਰੋਲੇਤਾਰੀ ਦੀ ਲਹਿਰ ਨੂੰ ਇੱਕ ਠੋਸ ਸਿਧਾਂਤਕ ਅਧਾਰ ਦਿੱਤਾ ਜਾ ਸਕੇ ਏਂਗਲਜ਼ ਉਸ ਕੰਮ, “ਸਰਾਪੇ ਵਣਜ”, ਵੱਲ ਮੁੜਿਆ ਜਿਸ ਕੰਮ ਤੋਂ ਉਹਦੇ ਸਰੀਰ ਦਾ ਪੋਟਾ-ਪੋਟਾ ਸਖ਼ਤ ਨਫ਼ਰਤ ਕਰਦਾ ਸੀ। 1870 ਤੱਕ ਏਂਗਲਜ਼ ਇਸ ਕੰਮ ਤੋਂ ਅਜ਼ਾਦ ਨਹੀਂ ਹੋ ਸਕਿਆ, ਭਾਵੇਂ ਉਹਨੇ ਆਪਣਾ ਸਿਧਾਂਤਕ ਕੰਮ, ਮਾਰਕਸ ਨਾਲ਼ ਚਿੱਠੀ-ਪੱਤਰ, ਨਿਊ ਯੌਰਕ ਟਿ੍ਰਬਿਊਨ ਤੇ ਹੋਰ ਅਖ਼ਬਾਰਾਂ ਲਈ ਲਿਖਣਾ ਜਾਰੀ ਰੱਖਿਆ। ਇਸ ਸਮੇਂ ਏਂਗਲਜ਼ ਲਈ ਸਭ ਤੋਂ ਜ਼ਰੂਰੀ ਮਾਰਕਸ ਤੇ ਉਹਦੇ ਟੱਬਰ ਦੀ ਲੋੜੀਂਦੀ ਸਹਾਇਤਾ ਕਰਨਾ ਸੀ ਤਾਂਕਿ ਉਹਦੇ ਮਿੱਤਰ ਨੂੰ ਕੋਈ ਔਖ ਨਾ ਝੱਲਣੀ ਪਵੇ ਤੇ ਉਹ ਆਪਣੀ ਸ਼ਾਹਕਾਰ ਰਚਨਾ ‘ਸਰਮਾਇਆ’ ਲਈ ਬੇਰੋਕ ਕੰਮ ਕਰ ਸਕੇ ਤੇ ਸੰਸਾਰ ਪੱਧਰ ਉੱਤੇ ਮਜ਼ਦੂਰ ਲਹਿਰ ਨੂੰ ਅਗਵਾਈ ਦੇ ਸਕੇ। 1864 ਵਿੱਚ ਮਾਰਕਸ ਵੱਲੋਂ ਕੌਮਾਂਤਰੀ ਮਜ਼ਦੂਰਾਂ ਦੀ ਸਭਾ ਸਥਾਪਤ ਕੀਤੀ ਗਈ ਜੋ ਮੁੜਕੇ ਪਹਿਲੀ ਕੌਮਾਂਤਰੀ ਦੇ ਨਾਮ ਨਾਲ਼ ਜਾਣੀ ਗਈ। ਏਂਗਲਜ਼ ਵੱਲੋਂ 1870 ਵਿੱਚ ਆਖਰਕਾਰ ਵਣਜ ਤੋਂ ਛੁਟਕਾਰਾ ਪਾਉਣ ਮਗਰੋਂ ਇਸ ਵਿੱਚ ਮੂਹਰੇਲ ਭੂਮਿਕਾ ਨਿਭਾਈ ਗਈ। 1870ਵਿਆਂ ਵਿੱਚ ਪਹਿਲੀ ਕੌਮਾਂਤਰੀ ਦੇ ਟੁੱਟਣ ਮਗਰੋਂ ਵੀ ਮਾਰਕਸ ਤੇ ਏਂਗਲਜ਼ ਨੇ ਦੁਨੀਆਂ ਭਰ ਦੇ ਮਜ਼ਦੂਰ ਆਗੂਆਂ ਨਾਲ਼ ਜੀਵੰਤ ਸੰਪਰਕ ਕਾਇਮ ਰੱਖਿਆ ਤੇ ਉਹਨਾਂ ਨੂੰ ਅਗਵਾਈ ਦਿੰਦੇ ਰਹੇ। 1870 ਮਗਰੋਂ ਏਂਗਲਜ਼ ਲੰਡਨ ਵਿੱਚ ਮਾਰਕਸ ਦੇ ਨੇੜੇ ਹੀ ਰਹਿਣ ਲੱਗਾ ਤੇ 1883 ਵਿੱਚ ਮਾਰਕਸ ਦੀ ਮੌਤ ਤੱਕ ਦੋਹੇਂ ਮਿੱਤਰ ਲਗਭਗ ਰੋਜ਼ ਵਿਚਾਰ ਵਟਾਂਦਰੇ ਲਈ ਇਕੱਠੇ ਹੁੰਦੇ। ਏਂਗਲਜ਼ ਦੀ ਵਣਜ ਵੱਲ ਮੁੜਨ ਤੇ ਲਗਭਗ 20 ਵਰ੍ਹੇ ਇੱਕ ਤਰ੍ਹਾਂ ਦੇ ਦੂਹਰਾ ਜੀਵਨ ਬਿਤਾਉਣ ਦੀ ਕੁਰਬਾਨੀ ਨੂੰ ਸਿਰਫ ਆਪਣੇ ਦੋਸਤ ਕਾਰਲ ਮਾਰਕਸ ਲਈ ਕੀਤੀ ਕੁਰਬਾਨੀ ਵਜੋਂ ਦੇਖਣਾ (ਭਾਵੇਂ ਓਹਨੂੰ ਆਪਣੇ ਮਿੱਤਰ ਦੀਆਂ ਲੋੜਾਂ ਦੀ ਬਹੁਤ ਫਿਕਰ ਰਹਿੰਦੀ ਸੀ) ਉਸਦੀ ਕੁਰਬਾਨੀ ਨੂੰ ਬਹੁਤ ਛੁਟਿਆ ਦੇਣਾ ਹੈ। ਏਂਗਲਜ਼ ਨੇ ਕੁਰਬਾਨੀ ਸਿਰਫ ਆਪਣੇ ਨਿੱਜੀ ਮਿੱਤਰ ਮਾਰਕਸ ਲਈ ਨਹੀਂ ਸਗੋਂ ਇਸ ਲਈ ਕੀਤੀ ਸੀ ਤਾਂਕਿ ਮਜ਼ਦੂਰ ਜਮਾਤ ਤੋਂ ਉਸਦਾ ਆਗੂ ਨਾ ਖੁੱਸ ਜਾਵੇ ਤਾਂਕਿ ਮਾਰਕਸ ਸਹੀ ਮਾਇਨੇ ਵਿੱਚ ਮਜ਼ਦੂਰ ਲਹਿਰ ਨੂੰ ਇੱਕ ਮਜ਼ਬੂਤ ਸਿਧਾਂਤਕ ਅਧਾਰ ਦੇ ਸਕੇ, ਜਿਸ ਦੀਆਂ ਦਲੀਲਾਂ ਅਕੱਟ ਹੋਣ ਤੇ ਸਰਮਾਏਦਾਰੀ ਦੇ ਢਹਿਢੇਰੀ ਹੋਣ ਤੱਕ ਜੋ ਵਿਗਿਆਨ ਸਭ ਦੇਸ਼ਾਂ ਵਿੱਚ ਮਜ਼ਦੂਰ ਲਹਿਰਾਂ ਨੂੰ ਅਗਵਾਈ ਦੇ ਸਕੇ। ਏਂਗਲਜ਼ ਦੀ ਕੁਰਬਾਨੀ ਇੱਕ ਮਨੁੱਖ ਲਈ ਨਹੀਂ, ਪੂਰੀ ਮਜ਼ਦੂਰ ਜਮਾਤ ਲਈ, ਮਨੁੱਖਤਾ ਦੇ ਰੌਸ਼ਨ ਭਵਿੱਖ ਲਈ ਕੁਰਬਾਨੀ ਸੀ। ਬਿਨਾਂ ਏਂਗਲਜ਼ ਦੀ ਮਦਦ ਦੇ ਨਾ ਸਿਰਫ ਮਾਰਕਸ ਕਦੇ ਵੀ ‘ਸਰਮਾਇਆ’ ਨਾ ਲਿਖ ਸਕਦਾ ਸਗੋਂ ਥੁੜਾਂ ਕਾਰਨ ਮਰ ਗਿਆ ਹੁੰਦਾ। ਲੈਨਿਨ ਦੇ ਸ਼ਬਦਾਂ ਵਿੱਚ, “ਪੁਰਾਣੀਆਂ ਕਥਾਵਾਂ ਵਿੱਚ ਦੋਸਤੀ ਦੀਆਂ ਕਈ ਉਦਾਹਰਣਾਂ ਹਨ ਜੋ ਭਾਵੁਕ ਕਰ ਦਿੰਦੀਆਂ ਹਨ। ਯੂਰਪੀ ਪ੍ਰੋਲੇਤਾਰੀ ਕਹਿ ਸਕਦਾ ਹੈ ਕਿ ਉਹਦਾ ਵਿਗਿਆਨ ਅਜਿਹੇ ਦੋ ਖੋਜਾਰਥੀਆਂ ਤੇ ਲੜਾਕੂਆਂ ਨੇ ਘੜਿਆ ਜਿਹਨਾਂ ਦਾ ਇੱਕ ਦੂਜੇ ਨਾਲ਼ ਰਿਸ਼ਤਾ ਮਨੁੱਖੀ ਦੋਸਤੀ ਦੀਆਂ ਸਭ ਤੋਂ ਵੱਧ ਭਾਵੁਕ ਕਰਨ ਵਾਲ਼ੀਆਂ ਪੁਰਾਤਨ ਕਥਾਵਾਂ ਤੋਂ ਵੀ ਵਧਕੇ ਸੀ।”
1883 ਵਿੱਚ ਮਾਰਕਸ ਦੀ ਮੌਤ ਮਗਰੋਂ ਏਂਗਲਜ਼ ਨੇ ਕੌਮਾਂਤਰੀ ਮਜ਼ਦੂਰ ਲਹਿਰ ਲਈ ਦੋਹਾਂ ਮਾਰਕਸ ਤੇ ਏਂਗਲਜ਼ ਦੇ ਹਿੱਸੇ ਦਾ ਕੰਮ ਖਿੜੇ ਮੱਥੇ ਕੀਤਾ। ਸੰਸਾਰ ਪੱਧਰ ਉੱਤੇ ਮਜ਼ਦੂਰ ਲਹਿਰਾਂ ਨੂੰ ਸਿਧਾਂਤਕ ਅਗਵਾਈਦੇਣ ਦਾ ਕੰਮ ਏਂਗਲਜ਼ ਨੇ ਬਹੁਤ ਚੰਗੀ ਤਰ੍ਹਾਂ ਨਿਭਾਇਆ। ਏਂਗਲਜ਼ ਨੇ ਇਸ ਸਮੇਂ ਵਿੱਚ ਭਾਵੇਂ ਆਪਣਾ ਸਿਧਾਂਤਕ ਕੰਮ ਵੀ ਜਾਰੀ ਰੱਖਿਆ ਪਰ ਉਹਨੇ ਆਪਣੀ ਮੁੱਖ ਊਰਜਾ ਮਾਰਕਸ ਦੇ ਨੋਟਸਾਂ ਦੇ ਪੁਲੰਦੇ ਨੂੰ ਤਰਤੀਬਬੱਧ ਕਰਕੇ, ਅਧੂਰੇ ਹਿੱਸਿਆਂ ਨੂੰ ਪੂਰਾ ਕਰਕੇ ਸਰਮਾਇਆ ਦੇ ਖੰਡ 2 ਤੇ 3 ਨੂੰ ਪ੍ਰਕਾਸ਼ਨ ਲਈ ਤਿਆਰ ਕਰਨ ਵਿੱਚ ਲਾਈ। ‘ਸਰਮਾਇਆ’ ਦੇ ਦੂਜੇ ਤੇ ਖ਼ਾਸਕਰ ਤੀਜੇ ਖੰਡ ਨੂੰ ਪ੍ਰਕਾਸ਼ਨ ਲਈ ਤਿਆਰ ਕਰਨ ਵਿੱਚ ਏਂਗਲਜ਼ ਦੀ ਏਨੀ ਅਹਿਮ ਭੂਮਿਕਾ ਹੈ ਕਿ ਇਹ ਠੀਕ ਹੀ ਕਿਹਾ ਗਿਆ ਹੈ ਕਿ ‘ਸਰਮਾਇਆ’ ਦਾ ਦੂਜਾ ਤੇ ਤੀਜਾ ਖੰਡ, ਦੋ ਜਾਣਿਆਂ, ਮਾਰਕਸ ਤੇ ਏਂਗਲਜ਼ ਦੀ ਸਾਂਝੀ ਕਿਰਤ ਹੈ। ਇਸ ਸਮੇਂ ਵਿੱਚ ਏਂਗਲਜ਼ ਨੇ ਦੂਜੀ ਕੌਮਾਂਤਰੀ ਸਥਾਪਤ ਕਰਨ ਵਿੱਚ ਵੀ ਆਗੂ ਭੂਮਿਕਾ ਨਿਭਾਈ ਤੇ ਰੂਸ ਦੀ ਆਉਣ ਵਾਲ਼ੀ ਇਨਕਲਾਬੀ ਭੂਮਿਕਾ ਨੂੰ ਹਾੜਦੇ ਹੋਏ ਉਸਨੇ ਵੇਰਾ ਜਾਸੁਲਿਸਚ, ਪਲੈਖਾਨੋਵ ਨਾਲ਼ ਸੰਪਰਕ ਕਾਇਮ ਰੱਖਿਆ ਤਾਂ ਜੋ ਰੂਸ ਵਿੱਚ ਮਾਰਕਸਵਾਦ ਦੀ ਰਸਾਈ ਸੰਭਵ ਬਣ ਸਕੇ। ਸਰਮਾਏਦਾਰੀ ਵਿੱਚ ਆਉਣ ਵਾਲ਼ੀਆਂ ਤਬਦੀਲੀਆਂ, ਜਿਸ ਨੂੰ ਬਾਅਦ ਵਿੱਚ ਲੈਨਿਨ ਨੇ ਸਾਮਰਾਜਵਾਦ ਦੇ ਪੜਾਅ ਦਾ ਨਾਮ ਦਿੱਤਾ, ਦੇ ਅੰਸ਼ਾਂ ਨੂੰ ਵੀ ਏਂਗਲਜ਼ ਨੇ ਪਛਾਣਨਾ ਸ਼ੁਰੂ ਕਰ ਦਿੱਤਾ ਸੀ। ਆਪਣੇ ਆਖਰੀ ਸਾਹ ਤੱਕ ਏਂਗਲਜ਼ ਬੁੱਢਾ ਨਹੀਂ ਹੋਇਆ, ਉਹ ਜਵਾਨਾਂ ਵਾਲ਼ੇ ਇਨਕਲਾਬੀ ਜੋਸ਼ ਨਾਲ਼ ਸਿਧਾਂਤਕ ਤੇ ਅਮਲੀ ਕੰਮਾਂ ਵਿੱਚ ਰੁੱਝਿਆ ਰਿਹਾ। ਮਜ਼ਦੂਰ ਜਮਾਤ ਦੇ ਹੱਕੀ ਸੰਘਰਸ਼ ਲਈ ਆਪਣੇ ਆਖਰੀ ਸਾਹ ਤੱਕ ਜੂਝਦਾ ਹੋਇਆ, ‘ਭਰ-ਜਵਾਨ’ ਏਂਗਲਜ਼ 5 ਅਗਸਤ 1895 ਨੂੰ ਖੁਰਾਕ ਦੀ ਨਾੜੀ ਦੇ ਕੈਂਸਰ ਕਾਰਨ ਪੂਰਾ ਹੋ ਗਿਆ। ਬਹੁਤ ਘੱਟ ਲੋਕ ਹੁੰਦੇ ਹਨ ਜਿਹਨਾਂ ਦੇ ਜੀਵਨ ਨੂੰ ਬਿਆਨ ਕਰਨਾ ਅਸਲ ਵਿੱਚ ਉਸ ਸਮੇਂ ਦੀਆਂ ਮਹਾਨ ਇਤਿਹਾਸਕ ਘਟਨਾਵਾਂ ਨੂੰ ਬਿਆਨ ਕਰਨ ਦੇ ਤੁੱਲ ਹੀ ਹੁੰਦਾ ਹੈ। ਏਂਗਲਜ਼ ਅਜਿਹੀ ਹੀ ਸ਼ਖਸੀਅਤ ਸੀ। ਆਪਣੇ ਮਿੱਤਰ ਮਾਰਕਸ ਵਾਂਗ ਹੀ ਉਸਦਾ ਜੀਵਨ ਤੇ ਕੰਮ ਯੁੱਗਾਂ-ਯੁੱਗਾਂ ਤੱਕ ਜਿਉਂਦਾ ਰਹੇਗਾ ਤੇ ਮਨੁੱਖਤਾ ਦੀ ਬਿਹਤਰੀ ਲਈ ਲੜਦੇ ਲੋਕਾਂ ਲਈ ਇੱਕ ਚਾਨਣਮੁਨਾਰਾ ਬਣਿਆ ਰਹੇਗਾ।