ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਮੀਟਿੰਗ

ਗੁਰਦਾਸਪੁਰ

ਗੁਰਦਾਸਪੁਰ,‌15 ਨਵੰਬਰ ( ਸਰਬਜੀਤ ਸਿੰਘ)– ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਅਤੇ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕਰਵਾਉਣ ਦੇ ਸੰਬੰਧ ਵਿੱਚ ਸੂਬਾ ਪੰਜਾਬ ਦੇ ਲਗਭਗ 2500 ਕਮਿਊਨਿਟੀ ਹੈਲਥ ਅਫਸਰ, ਜੋ ਕਿ ਐਨ ਐਚ ਐਮ ਅਧੀਨ ਪੰਜਾਬ ਦੇ ਪੇਡੂ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਜੂਝ ਰਹੇ ਸਨ। ਪਿਛਲੇ ਦਿਨੀ ਮਾਣਯੋਗ ਐਮਡੀ ਐਨਐਚਐਮ ਸਾਹਿਬ ਨਾਲ ਹੋਈ ਇੱਕ ਮੀਟਿੰਗ ਵਿੱਚ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਉਹਨਾਂ ਦੇ ਮਸਲੇ ਜਲਦ ਹੱਲ ਕਰ ਦਿੱਤੇ ਜਾਣਗੇ ਜਿਸ ਸਬੰਧੀ, ਮਿਤੀ 14 ਨਵੰਬਰ 2024, ਨੂੰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਤੇ ਹੋਰ ਉੱਚ ਅਧਿਕਾਰੀਆਂ ਤੇ ਵਿਭਾਗੀ ਅਫਸਰਾਂ ਨਾਲ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦਾ ਇੱਕ ਵਫਦ ਮਿਲਿਆ ਅਤੇ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸੰਬੰਧ ਵਿੱਚ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਵਿਭਾਗੀ ਕਮੇਟੀ ਵੱਲੋਂ ਦਸੰਬਰ ਦੇ ਪਹਿਲੇ ਹਫਤੇ ਤੱਕ ਉਹਨਾਂ ਦੀਆਂ ਮੁਸ਼ਕਿਲਾਂ ਦੇ ਵਾਜਬ ਹੱਲ ਕਰਨ ਅਤੇ ਉਨਾਂ ਦੀਆਂ ਮੰਗਾਂ ਉੱਤੇ ਵਿਚਾਰ ਵਟਾਂਦਰਾ ਕਰਕੇ ਬਿਹਤਰ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਗਿਆ । ਇਸ ਸਮੇਂ ਸੀਐਚਓ ਐਸੋਸੀਏਸ਼ਨ ਪੰਜਾਬ ਦੇ ਆਗੂ ਡਾਕਟਰ ਸੁਨੀਲ ਤਰਗੋਤਰਾ ( ਗੁਰਦਾਸਪੁਰ) ਅਤੇ ਗੁਰਵਿੰਦਰ ਸਿੰਘ ( ਮੋਗਾ ) ਜੀ ਨੇ ਦੱਸਿਆ ਕਿ ਉਹਨਾਂ ਦੀਆਂ ਅਹਿਮ ਮੰਗਾਂ ਬਾਕੀ ਸੂਬਿਆਂ ਨਾਲੋਂ ਮਿਲ ਰਹੀ 5000 ਘੱਟ ਤਨਖਾਹ ,ਇਨਸੈਂਟਿਵ ਪਰਫੋਰਮਾ ਨੂੰ ਰਿਵਾਈਜ ਕਰਵਾਉਣਾ, ਲੋਇਲਟੀ ਬੋਨਸ ਸਬੰਧੀ ਅਤੇ ਇਨਸੈਂਟਿਵ ਤੇ ਤਨਖਾਹ ਨੂੰ ਮਰਜ ਕਰਵਾਉਣਾ ਹਨ। ਉਹਨਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਬਣਾਈ ਗਈ ਟੀਮ ਦੇ ਅਫਸਰਾਂ ਵੱਲੋਂ ਇਕ ਇਕ ਮੰਗ ਉੱਤੇ ਵਿਸਥਾਰ ਪੂਰਵਕ ਚਰਚਾ ਕੀਤੀ ਅਤੇ ਬਹੁਤੀਆਂ ਚੀਜ਼ਾਂ ਉੱਤੇ ਸਹਿਮਤੀ ਵੀ ਪ੍ਰਗਟਾਈ ਗਈ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਮੈਂਬਰ ਦੀਪ ਸ਼ਿਖਾ ( ਮੋਹਾਲੀ) ਅਤੇ ਸਿਮਰਨਜੀਤ ਕੌਰ ( ਫ਼ਤਹਿਗੜ੍ਹ ਸਾਹਿਬ)ਵੀ ਹਾਜਰ ਸਨ। ਉਹਨਾਂ ਕਿਹਾ ਕਿ ਵਿਭਾਗ ਨੇ ਤਿੰਨ ਸਾਲਾ ਤੇ ਪੰਜ ਸਾਲਾ ਲੋਇਲਟੀ ਬੋਨਸ ਦੇ ਸਬੰਧ ਵਿੱਚ ਜਲਦ ਹੀ ਜਵਾਬ ਦੇਣ ਅਤੇ ਇਨਸੈਂਟਿਵ ਪਰਫੋਰਮਾ ਨੂੰ ਜਲਦ ਹੀ ਉਹਨਾਂ ਵੱਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਵੱਧ ਤੋਂ ਵੱਧ ਬਦਲਾਅ ਕਰਕੇ ਲਾਗੂ ਕਰਨ ਅਤੇ ਹੋਰ ਇਸ ਤੋਂ ਇਲਾਵਾ ਹੋਰ ਮੁਸ਼ਕਲਾਂ ਜਿਵੇਂ ਸੈਂਟਰਾਂ ਉੱਤੇ ਦਵਾਈ ਦੀ ਸਪਲਾਈ ਸਬੰਧੀ, ਦਿੱਤੇ ਟਾਰਗੇਟ ਨੂੰ ਪੂਰਾ ਕਰਨ ਲਈ ਲੋੜੀਂਦੇ ਸਮਾਨ ਦੀ ਸਪਲਾਈ ਸਬੰਧੀ, ਟੀਮ ਵਿੱਚ ਕੰਮ ਦੀ ਵੰਡ ਸਬੰਧੀ , ਦਸੰਬਰ ਦੇ ਪਹਿਲੇ ਹਫਤੇ ਤੱਕ ਹੱਲ ਕਰ ਦਿੱਤੇ ਜਾਣ ਦਾ ਆਸ਼ਵਾਸਨ ਵੀ ਦਿੱਤਾ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਾਨੂੰ ਵਿਭਾਗ ਕੋਲੋਂ ਪੂਰੀ ਉਮੀਦ ਹੈ ਕਿ ਉਹ ਆਪਣੇ ਕਹੇ ਅਨੁਸਾਰ ਸਾਡੀਆਂ ਮੁਸ਼ਕਿਲਾਂ ਦੇ ਵਾਜਿਬ ਹੱਲ ਕਰ ਦੇਣਗੇ ਤਾਂ ਜੋ ਅਸੀਂ ਪੇਂਡੂ ਖੇਤਰਾਂ ਵਿੱਚ ਹੋਰ ਵਧੀਆ ਤਰੀਕੇ ਨਾਲ ਸਿਹਤ ਸੇਵਾਵਾਂ ਦੀ ਸਹੂਲਤ ਲੋਕਾਂ ਨੂੰ ਪ੍ਰਧਾਨ ਕਰ ਸਕੀਏ।

Leave a Reply

Your email address will not be published. Required fields are marked *