ਬਰਨਾਲਾ, ਗੁਰਦਾਸਪੁਰ, 29 ਨਵੰਬਰ (ਸਰਬਜੀਤ ਸਿੰਘ)– ਜੇਕਰ ਨਵੀਂ ਹਲਕਾਬੰਦੀ ਦਾ ਸੋਧ ਬਿਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ਼ ਹੋ ਗਿਆ, ਤਾਂ ਇਹ ਭਾਰਤ ਦੇ ਇਤਿਹਾਸ ਵਿੱਚ ਇੱਕ ਹੋਰ ਕਾਲਾ ਦਿਨ ਜੁੜ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਡਾ ਗੁਰਤੇਜ ਖੀਵਾ ਨੇ ਬਿਆਨ ਜਾਰੀ ਕਰਦਿਆਂ ਕਿਹਾ, ਕਿ ਭਾਜਪਾ -ਆਰਐੱਸਐੱਸ ਦੇਸ਼ ਨੂੰ ਫ਼ਿਰਕੂ ਲੀਹਾਂ ‘ਤੇ ਵੰਡਣ ਲਈ ਇੱਕ ਤੋਂ ਬਾਅਦ ਇੱਕ ਲੋਕ ਵਿਰੋਧੀ ਅਤੇ ਸੰਘਾਤਮਕ ਢਾਂਚੇ ਦੇ ਵਿਰੋਧ ਵਿੱਚ ਕਾਨੂੰਨ ਪਾਸ ਕਰਦੀ ਆ ਰਹੀ ਹੈ। ਦੇਸ਼ ਵਿੱਚੋਂ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ, ਔਰਤਾਂ ਅਤੇ ਗ਼ਰੀਬ ਮਿਹਨਤਕਸ਼ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦਾ ਖ਼ਾਤਮਾ ਕਰਕੇ ‘ਹਿੰਦੂ ਰਾਸ਼ਟਰ’ ਸਥਾਪਤ ਕਰਨ ਵੱਲ ਅੱਗੇ ਵਧ ਰਹੀ ਹੈ। ਜਿਥੇ ਜੋ ਵੀ ਸੰਵਿਧਾਨਕ ਕਦਰਾਂ ਕੀਮਤਾਂ ਬਚੀਆਂ ਹਨ, ਉਹਨਾਂ ਨੂੰ ਵੀ ਖ਼ਤਮ ਕਰਕੇ ਦੇਸ਼ ਨੂੰ ਮਨੂੰਸਿਮ੍ਰਤੀ ਦੇ ਅਧਾਰਿਤ ਤੋਰਨਾ ਚਹੁੰਦੀ ਹੈ,ਜੋ ਦਲਿਤਾਂ, ਔਰਤਾਂ ਅਤੇ ਆਦਿਵਾਸੀਆਂ ਨੂੰ ਮਨੁੱਖਤਾ ਦਾ ਨਹੀਂ ਬਲਕਿ ਗ਼ੁਲਾਮਾਂ ਦਾ ਦਰਜ਼ਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ 2014 ਵਿੱਚ ਜਦੋਂ ਭਾਜਪਾ ਪਹਿਲੀ ਵਾਰ ਸੱਤਾ ਵਿੱਚ ਆਈ ਸੀ, ਉਸ ਸਮੇਂ ਹੀ ਭਾਜਪਾ ਦੇ ਆਗੂਆਂ ਨੇ ਕਿਹਾ ਸੀ, ਕਿ “ਭਾਜਪਾ ਹੁਣ 25 ਸਾਲ ਤੱਕ ਰਾਜ ਕਰੇਗੀ।” ਸੰਘ ਪ੍ਰੀਵਾਰ ਅਨੰਤ ਕਾਲ਼ ਤੱਕ ਸੱਤਾ ਦਾ ਸੁੱਖ ਭੋਗਣਾ ਚਹੁੰਦਾ ਹੈ। ਭਾਜਪਾ -ਆਰਐੱਸਐੱਸ ਵੱਲੋਂ ਸੰਵਿਧਾਨ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਧਾਰਾ 370 ਖ਼ਤਮ ਕਰਕੇ,ਐਸਆਈਆਰ ਲਾਗੂ ਕਰਕੇ, ਮੁਸਲਿਮ ਵਿਰੋਧੀ ਕਾਨੂੰਨ ਪਾਸ ਕਰਕੇ ਅਤੇ ਦੇਸ਼ ਵਿੱਚ ਮੁਸਲਿਮ ਫੋਬੀਆ ਪੈਦਾ ਕਰਕੇ ਵਿਰੋਧੀਆਂ ਨੂੰ ਆਪਣੇ ਰਸਤੇ ਵਿੱਚੋਂ ਪਾਸੇ ਹਟਾਇਆ ਜਾ ਰਿਹਾ ਹੈ। ਮੁਸਲਮਾਨਾਂ ਅਤੇ ਦਲਿਤਾਂ ਉੱਪਰ ਜਾਤੀ ਹਮਲੇ ਲਗਾਤਾਰ ਵਧ ਰਹੇ ਹਨ। ਹੁਣ ਦੇਸ਼ ਵਿੱਚ ਨਵੇਂ ਸਿਰੇ ਤੋਂ ‘ਹੱਦਬੰਦੀ ਕਾਨੂੰਨ’ ਪਾਸ ਕਰਵਾਕੇ 50 ਫ਼ੀਸਦੀ ਸੰਸਦਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਜਦੋਂ ਕਿ ਦੇਸ਼ ਵਿੱਚ ਕਰੋੜਾਂ ਬੇਰੁਜ਼ਗਾਰ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ।ਆਗੂਆਂ ਨੇ ਕਿਹਾ ਕਿ ਇਸਦਾ ਸਭ ਤੋਂ ਵੱਧ ਫਾਇਦਾ ਭਾਜਪਾ ਦੀ ਸੱਤਾ ਵਾਲੇ ਰਾਜਾਂ ਵਿੱਚ ਹੋਵੇਗਾ। ਸੰਸਦੀ ਸੀਟਾਂ ਵਿਧਾਉਣ ਨਾਲ ਐਸ ਸੀ/ ਐਸ ਟੀ ਸੀਟਾਂ ਨਹੀਂ ਵਧਣਗੀਆਂ। ਆਗੂਆਂ ਨੇ ਕਿਹਾ, ਕਿ ਮੋਦੀ ਸਰਕਾਰ ਨੇ ਅੱਜ ਤੱਕ ਜੋ ਵੀ ਕਾਨੂੰਨ ਬਣਾਏ ਗਏ ਹਨ, ਹੱਦਬੰਦੀ ਦਾ ਕਾਨੂੰਨ ਸਭ ਤੋਂ ਮਾੜਾ ਅਤੇ ਸਭ ਤੋਂ ਘਾਤਕ ਸਾਬਤ ਹੋਵੇਗਾ। ਇਸ ਲਈ ਦੇਸ਼ ਦੀਆਂ ਸਾਰੀਆਂ ਇਨਸਾਫ਼ ਪਸੰਦ ਜਮਹੂਰੀ ਤਾਕਤਾਂ, ਬੁੱਧੀਜੀਵੀਆਂ, ਖੱਬੇ ਪੱਖੀਆਂ ਅਤੇ ਤਮਾਮ ਫਾਸ਼ੀਵਾਦ ਵਿਰੋਧੀ ਤਾਕਤਾਂ ਨੂੰ ਇੱਕਜੁੱਟ ਹੋ ਕੇ ਇਸਦਾ ਸੜਕਾਂ ‘ਤੇ ਆਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਕੀਮਤ ‘ਤੇ ਇਹ ਕਾਨੂੰਨ ਪਾਸ ਹੋਣ ਤੋਂ ਰੋਕਣਾ ਚਾਹੀਦਾ ਹੈ।

