ਲਿਬਰੇਸ਼ਨ ਵੱਲੋਂ ਪਰਵਿੰਦਰ ਝੋਟੇ ਦੇ ਘਿਨਾਉਣੇ ਕਤਲ ਦੀ ਸਖ਼ਤ ਨਿੰਦਾ, ਇਸ ਕਤਲ ਪਿੱਛੇ ਨਸ਼ਾ ਤਸਕਰਾਂ, ਭ੍ਰਿਸ਼ਟ ਲੀਡਰਾਂ ਤੇ ਪੁਲਿਸ ਅਫਸਰਾਂ ਦਾ ਨਾਪਾਕ ਗੱਠਜੋੜ ਹੋਣ ਦਾ ਦਾਅਵਾ-ਸੁਰਿੰਦਰ ਪਾਲ ਸ਼ਰਮਾ

ਮਾਲਵਾ

ਪ੍ਰਸ਼ਾਸਨ ਕਿਸੇ ਪ੍ਰਕਾਰ ਦੀ ਧੱਕੇਸ਼ਾਹੀ ਕਰਨ ਦੀ ਗਲਤੀ ਕਰਨ ਦੀ ਬਜਾਏ, ਪੀੜਤ ਪਰਿਵਾਰ ਤੇ ਸੰਘਰਸ਼ੀ ਜਥੇਬੰਦੀਆਂ ਨਾਲ ਸਹਿਮਤੀ ਲਈ ਯਤਨ ਕਰੇ

ਮਾਨਸਾ, ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਨਿਰਸੁਆਰਥ ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਦਿਨ ਦਿਹਾੜੇ ਬਾਜ਼ਾਰ ਵਿੱਚ ਹੋਏ ਕਤਲ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਕਤਲ ਪਿੱਛੇ ਸਿਰਫ ਇਕ ਨਸ਼ਾ ਤਸਕਰ ਕੈਮਿਸਟ ਨਹੀਂ ਹੈ, ਬਲਕਿ ਇਸ ਕਤਲ ਲਈ ਨਸ਼ਾ ਤਸਕਰ, ਭ੍ਰਿਸ਼ਟ ਪੁਲਿਸ ਅਫਸਰਾਂ ਤੇ ਸਿਆਸਤਦਾਨਾਂ ਦਾ ਨਾਪਾਕ ਗੱਠਜੋੜ ਜ਼ਿੰਮੇਵਾਰ ਹੈ।
ਲਿਬਰੇਸ਼ਨ ਦੀ ਸੂਬਾ ਕਮੇਟੀ ਮੈਂਬਰ ਕਾਮਰੇਡ ਜਸਬੀਰ ਕੌਰ ਨੱਤ, ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ, ਗੁਰਸੇਵਕ ਮਾਨ ਅਤੇ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਪਰਵਿੰਦਰ ਝੋਟੇ ਨਸ਼ਿਆਂ ਦੇ ਕਾਰਨ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਖਿਲਾਫ ਲੰਬੇ ਅਰਸੇ ਤੋਂ ਜਦੋਜਹਿਦ ਕਰਦਾ ਆ ਰਿਹਾ ਸੀ। ਉਸ ਨੇ ਅਪਣੇ ਸਹਿਯੋਗੀ ਨੌਜਵਾਨ ਨੂੰ ਲੈ ਕੇ ਐਂਟੀ ਡਰੱਗ ਟਾਸਕ ਫੋਰਸ ਨਾਂ ਦੀ ਜਥੇਬੰਦੀ ਵੀ ਬਣਾਈ ਹੋਈ ਸੀ। ਪਰ ਨਸ਼ਾ ਤਸਕਰਾਂ ਸਿਰੋਂ ਮੋਟੀ ਕਮਾਈ ਕਰਨ ਵਾਲੇ ਭ੍ਰਿਸ਼ਟ ਪੁਲਿਸ ਅਫਸਰ ਉਸ ਨੂੰ ਸਹਿਯੋਗ ਦੇਣ ਦੀ ਬਜਾਏ, ਪਰਵਿੰਦਰ ਤੇ ਉਸ ਦੇ ਸਾਥੀਆਂ ਨੂੰ ਵਾਰ ਵਾਰ ਝੂਠੇ ਪੁਲਿਸ ਕੇਸਾਂ ਵਿੱਚ ਫਸਾਉਂਦੇ ਅਤੇ ਜੇਲ੍ਹ ਭੇਜਦੇ ਰਹੇ ਹਨ। ਦੋ ਸਾਲ ਪਹਿਲਾਂ ਤਾਂ ਮਾਨਸਾ ਦੇ ਇਨਕਲਾਬੀ ਜਮਹੂਰੀ ਸੰਗਠਨਾਂ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਪਰਵਿੰਦਰ ਨੂੰ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਕਰਨ ਖਿਲਾਫ ਇਕ ਲੰਬਾ ਤੇ ਜ਼ਬਰਦਸਤ ਅੰਦੋਲਨ ਚਲਾ ਕੇ ਉਸ ਨੂੰ ਰਿਹਾਅ ਕਰਵਾਇਆ ਸੀ ਅਤੇ ਇਕ ਸਿਰੇ ਦੇ ਭ੍ਰਿਸ਼ਟ ਡੀਐਸਪੀ ਦਾ ਮਾਨਸਾ ਤੋਂ ਤਬਾਦਲਾ ਵੀ ਕਰਵਾਇਆ ਸੀ। ਪਾਰਟੀ ਦਾ ਕਹਿਣਾ ਹੈ ਕਿ ਮਾਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨਿਰੋਲ ਇਕ ਚੋਣ ਪ੍ਰਾਪੇਗੰਡਾ ਹੈ। ਨਸ਼ੇ ਦਾ ਸ਼ਿਕਾਰ ਹੋ ਕੇ ਵੀ ਲਗਾਤਾਰ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਹਨ ਅਤੇ ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਝੋਟੇ ਵਰਗੇ ਜੁਝਾਰੂਆਂ ਨੂੰ ਤਸਕਰਾਂ ਵਲੋਂ ਚਿੱਟੇ ਦਿਨ ਕਤਲ ਵੀ ਕੀਤਾ ਜਾ ਰਿਹਾ ਹੈ।
ਬਿਆਨ ਵਿੱਚ ਪਾਰਟੀ ਵਲੋਂ ਪੰਜਾਬ ਸਰਕਾਰ ਤੋਂ ਕੁਝ ਮੰਗਾਂ ਵੀ ਕੀਤੀਆਂ ਗਈਆਂ ਹਨ। ਜਿਵੇਂ ਇਸ ਘਿਨਾਉਣੇ ਕਤਲ ਪਿਛਲੀ ਸਾਜ਼ਿਸ਼ ਦੀ ਨਿਰਪੱਖ ਉੱਚ ਪੱਧਰੀ ਜਾਂਚ ਕਰਕੇ ਇਸ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਕਾਤਲ ਅਤੇ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੀ ਸਮੁੱਚੀ ਚੱਲ ਅਚੱਲ ਜਾਇਦਾਦ ਦੀ ਮੁਕੰਮਲ ਪੜਤਾਲ ਕਰਕੇ ਡਰੱਗ ਮਨੀ ਨਾਲ ਬਣਾਈ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇ।ਸ਼ਹੀਦ ਪਰਵਿੰਦਰ ਸਿੰਘ ਝੋਟੇ ਦੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਅਤੇ
ਪਰਿਵਾਰ ਦੇ ਗੁਜ਼ਾਰੇ ਅਤੇ
ਪਰਵਿੰਦਰ ਸਿੰਘ ਦੀ ਪਤਨੀ ਨੂੰ ਟੀਚਰ ਦੀ ਰੈਗੂਲਰ ਜਾਬ ਅਤੇ ਘੱਟੋ ਘੱਟ ਦੋ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਨਸ਼ੀਲੇ ਕੈਪਸੂਲਾਂ ਦਾ ਜਾਣਿਆ ਪਛਾਣਿਆਂ ਵਿਕਰੇਤਾ ਹੋਣ ਦੇ ਬਾਵਜੂਦ ਕਾਤਲ ਦਾ ਪਿਸਤੌਲ ਦਾ ਲਾਈਸੈਂਸ ਜਾਰੀ ਕਰਨ ਵਿੱਚ ਸ਼ਾਮਲ ਸਾਰੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਖ਼ਿਲਾਫ਼ ਇਸ ਕੁਤਾਹੀ ਬਦਲੇ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।
ਕਾਤਲ ਦੀ ਦੁਕਾਨ ਵਿਚੋਂ ਬਰਾਮਦ ਅਤੇ ਵੇਚੇ ਗਏ ਕੈਪਸੂਲਾਂ ਦੀ ਪੂਰੀ ਪੈੜ੍ਹ ਕੱਢੀ ਜਾਵੇ ਕਿ ਕਿਥੇ ਤਿਆਰ ਹੁੰਦੇ ਹਨ ਅਤੇ ਕਿੰਨੇ ਥੋਕ ਡੀਲਰਾਂ ਰਾਹੀਂ ਵੇਚਣ ਲਈ ਕੈਮਿਸਟਾਂ ਤੱਕ ਪਹੁੰਚਾਏ ਜਾਂਦੇ ਹਨ। ਉਨ੍ਹਾਂ ਸਾਰੇ ਭਾਈਵਾਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਪਰਵਿੰਦਰ ਸਿੰਘ ਝੋਟੇ ਵਲੋਂ ਨਸ਼ਿਆਂ ਦੀ ਖੁੱਲੇਆਮ ਵਿਕਰੀ ਦਾ ਸਰਗਰਮ ਵਿਰੋਧ ਕਰਨ ਤੋਂ ਰੋਕਣ ਲਈ ਸਮੇਂ ਸਮੇਂ ਪੁਲਿਸ ਅਫਸਰਾਂ ਵਲੋਂ ਉਸ ਖਿਲਾਫ ਦਰਜ ਕੀਤੇ ਝੂਠੇ ਪੁਲਿਸ ਕੇਸਾਂ ਦੀ ਹਾਈਕੋਰਟ ਦੇ ਕਿਸੇ ਰਿਟਾਇਰ ਜਸਟਿਸ ਤੋਂ ਜਾਂਚ ਕਰਵਾਈ ਜਾਵੇ। ਤਸਕਰਾਂ ਦੀ ਪੁਸ਼ਤ ਪਨਾਹੀ ਕਰਨ ਲਈ ਇਹ ਝੂਠੇ ਕੇਸ ਬਣਾਉਣ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਮੁਕੱਦਮੇ ਚਲਾਏ ਜਾਣ।
ਲਿਬਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਤੂਰ ਬਣਜਾਰੇ ਜਾਂ ਕਨੋਈ ਵਾਂਗ ਇਥੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਹਾਲਤ ਨੂੰ ਵਿਗਾੜਨ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਲਈ ਸਰਕਾਰ ਅਕਲ ਤੋਂ ਕੰਮ ਲਵੇ ਅਤੇ ਪੀੜਤ ਪਰਿਵਾਰ ਅਤੇ ਇਨਸਾਫ਼ ਲਈ ਲੜ ਰਹੀਆਂ ਜਥੇਬੰਦੀਆਂ ਨਾਲ ਸਹਿਮਤੀ ਬਣਾਵੇ।

Leave a Reply

Your email address will not be published. Required fields are marked *