ਰਮਨ ਬਹਿਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਗੁਰਦਾਸਪੁਰ, ਪ੍ਰਾਇਮਰੀ ਸਕੂਲ ਕਚਹਿਰੀ ਰੋਡ ਅਤੇ ਬਹਿਰਾਮਪੁਰ ਰੋਡ ਅਤੇ ਮਿਡਲ ਸਕੂਲ ਸਾਧੂਚੱਕ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ
ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਮਾਪੇ -ਅਧਿਆਪਕ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਲਈ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਵਿਦਿਅਕ ਕਾਰਗੁਜਾਰੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਅੱਜ ਜ਼ਿਲ੍ਹੇ ਗੁਰਦਾਸਪੁਰ ਵਿੱਚ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।
ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਗੁਰਦਾਸਪੁਰ, ਪ੍ਰਾਇਮਰੀ ਸਕੂਲ ਕਚਹਿਰੀ ਰੋਡ ਅਤੇ ਬਹਿਰਾਮਪੁਰ ਰੋਡ ਅਤੇ ਮਿਡਲ ਸਕੂਲ ਸਾਧੂਚੱਕ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮਿਲਕੇ ਗੱਲਬਾਤ ਕੀਤੀ। ਇਸ ਮੌਕੇ ਪਿ੍ੰਸੀਪਲ ਬਲਜਿੰਦਰ ਕੌਰ ਸ.ਕੰ.ਸ.ਸ.ਸ ਗੁਰਦਾਸਪੁਰ, ਬੀ.ਪੀ.ਈ.ਉ ਰਾਕੇਸ਼ ਸ਼ਰਮਾ ਗੁਰਦਾਸਪੁਰ-2, ਹੈੱਡ ਟੀਚਰ ਸੁਖਬੀਰ ਕੌਰ ਬਹਿਰਾਮਪੁਰ ਰੋਡ ਗੁਰਦਾਸਪੁਰ, ਹੈੱਡ ਟੀਚਰ ਕੰਵਲਜੀਤ ਕੌਰ ਕਚਿਹਰੀ ਰੋਡ ਗੁਰਦਾਸਪੁਰ, ਹੈੱਡ ਮਾਸਟਰ ਦਵਿੰਦਰ ਸ਼ਰਮਾ ਸ.ਹ.ਸ ਸਾਧੂਚੱਕ, ਸੇਵਾ ਮੁਕਤ ਪਿ੍ੰਸੀਪਲ ਬਲਬੀਰ ਸਿੰਘ, ਹਲਕਾ ਕੋਆਰਡੀਨੇਟਰ ਐਜੂਕੇਸ਼ਨ ਗੁਰਦਾਸਪੁਰ, ਅਸ਼ਵਨੀ ਕੁਮਾਰ, ਸੰਜੀਵ ਸਰਪਾਲ, ਐਜੂਕੇਸ਼ਨਿਸਟ, ਸਰਪੰਚ ਰਜਤ ਗੰਜੂ, ਮੈਂਬਰ ਰਜਿੰਦਰ ਕੁਮਾਰ, ਚੇਅਰਮੈਨ ਸਕੂਲ ਮਨੇਜਮੈਂਟ ਕਮੇਟੀ ਨਿੰਮਾ ਅਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।
ਰਮਨ ਬਹਿਲ ਨੇ ਦੱਸਿਆ ਕਿ ਉਹ ਅੱਜ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਲੇ ਹਨ ਅਤੇ ਸਾਰੇ ਮਾਪੇ ਹੀ ਸਧਾਰਨ ਘਰਾਂ ਨਾਲ ਸਬੰਧ ਰੱਖਦੇ ਹਨ। ਮਾਪਿਆਂ ਵਲੋਂ ਸਰਕਾਰੀ ਸਕੂਲਾਂ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਦਿੱਤੇ ਸੁਖਾਵੇਂ ਮਾਹੋਲ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਗਿਆ ਹੈ।
ਰਮਨ ਬਹਿਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ
ਪੰਜ ਸਾਲ ਪਹਿਲਾਂ ਲੋਕਾਂ ਨਾਲ ਨਾਲ ਇੱਕ ਵਾਅਦਾ ਕੀਤਾ ਸੀ। ਇਹ ਵਾਅਦਾ ਸੀ ਕਿ ਭਾਵੇਂ ਉਹ ਬੱਚਾ ਕਿਸੇ ਮਜ਼ਦੂਰ, ਡਰਾਈਵਰ ਜਾਂ ਕਿਸਾਨ ਦਾ ਹੋਵੇ ਉਹ ਉਸੇ ਪੱਧਰ ਦੀ ਸਿੱਖਿਆ ਹਾਸਲ ਕਰੇਗਾ, ਜੋ ਕਿਸੇ ਅਮੀਰ ਘਰ ਦੇ ਬੱਚੇ ਨੂੰ ਮਿਲਦੀ ਹੈ। ਵਾਅਦਾ ਕੀਤਾ ਸੀ ਕਿ ਸਾਡੇ ਸਰਕਾਰੀ ਸਕੂਲ ਦੇਸ਼ ਦੇ ਸਭ ਤੋਂ ਵਧੀਆ ਸਕੂਲ ਬਣਨਗੇ ਅਤੇ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਆਪਣਾ ਇਹ ਵਾਅਦਾ ਨਿਭਾਇਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ 786 ਵਿਦਿਆਰਥੀਆਂ ਨੇ ਜੇ ਈ ਈ ਅਤੇ 2,166 ਬੱਚਿਆਂ ਨੀਟ ਪਾਸ ਕੀਤਾ। ਜਿਨ੍ਹਾਂ ਬੱਚਿਆਂ ਨੂੰ ਕਦੇ ਮਾਰਗਦਰਸ਼ਨ ਦੇਣ ਵਾਲਾ ਕੋਈ ਨਹੀਂ ਸੀ, ਉਹ ਅੱਜ ਇੰਜੀਨੀਅਰ ਅਤੇ ਡਾਕਟਰ ਬਣਨ ਦੇ ਰਾਹ ‘ਤੇ ਹਨ। ਕੇਂਦਰ ਸਰਕਾਰ ਦੀ ਰਿਪੋਰਟ ਨੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਨੰਬਰ 1 ਦਰਜਾ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਉ, ਇਸ ਉਪਲਬਧੀ ਨੂੰ ਮਿਲ ਕੇ ਮਨਾਈਏ ਅਤੇ ਪੰਜਾਬ ਦੇ ਹਰ ਪਰਿਵਾਰ ਨੂੰ ਦੱਸੀਏ ਕਿ ਸਾਡੇ ਸਕੂਲ ਬਦਲ ਗਏ ਹਨ ਅਤੇ ਇਹ ਤਾਂ ਸਿਰਫ਼ ਸ਼ੁਰੂਆਤ ਹੈ।
ਰਮਨ ਬਹਿਲ ਨੇ ਦੱਸਿਆ ਕਿ ਮਾਪਿਆਂ ਦੀ ਵਰਕਸ਼ਾਪ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਦੇ ਐਸ. ਐਮ. ਸੀ. ਦੇ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਸਕੂਲ ਵਿਕਾਸ ਵਿੱਚ ਭਾਈਚਾਰਕ ਸ਼ਮੂਲੀਅਤ ਨੂੰ ਮਜ਼ਬੂਤ ਕਰਨਾ, ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਜਾਗਰੂਕ ਕਰਨਾ ਅਤੇ ਸਕੂਲ ਦੇ ਕਾਰਜ ਵਿੱਚ ਮਾਪਿਆਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ।
ਮੈਗਾ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਦਿਲਚਸਪ ਗਤੀਵਿਧੀਆਂ ਨਾਲ ਇਕ ਘੰਟੇ ਦੀ ਵਰਕਸ਼ਾਪ, ਵਿਦਿਆਰਥੀਆਂ ਦੇ ਹੁਣ ਤੱਕ ਦੀ ਸਮੁੱਚੀ ਕਾਰਗੁਜਾਰੀ, ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ, ਸਰਕਾਰੀ ਸਕੂਲਾਂ ਦੀ ਸਿੱਖਿਆ ਲਈ ਆਧੁਨਿਕ ਸਿੱਖਣ ਸਿਖਾਉਣ ਦੀਆਂ ਤਕਨੀਕਾਂ ਸੰਬੰਧੀ ਜਾਣਕਾਰੀ, ਅਧਿਆਪਕਾਂ ਤੇ ਮਾਪਿਆਂ ਵਿੱਚ ਸਿੱਧੇ ਆਪਸੀ ਸੰਪਰਕ ਰਾਹੀਂ ਗੱਲਬਾਤ ਦੌਰਾਨ ਵਿਦਿਆਰਥੀ ਦੀ ਫੀਡਬੈਕ, ਜ਼ੀਰੋ ਡਰਾਪਆਊਟ ਤੇ ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲੀ ਸਿੱਖਿਆ ਨਾਲ ਜੋੜਨ ਹਿੱਤ ਕੀਤੇ ਜਾਣ ਵਾਲੇ ਉਪਰਾਲਿਆਂ ਆਦਿ ਸੰਬੰਧੀ ਵਿਚਾਰ ਚਰਚਾ ਕੀਤੀ ਗਈ।

