ਚੰਡੀਗੜ੍ਹ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਜੀਐਮਏਡੀਏ) ਦੇ ਦਫ਼ਤਰ ਦੇ ਬਾਹਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਜਾਂਚ ਏਜੰਸੀਆਂ ਦੇ ਕੰਮਕਾਜ ਨੂੰ ਲੈ ਕੇ ‘ਆਪ’ ਦੇ ਦੋਹਰੇ ਮਾਪਦੰਡ ਦੀ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ।
ਬਾਜਵਾ ਨੇ ਕਿਹਾ ਕਿ ਈਡੀ ਵੱਲੋਂ ਜੀਐਮਏਡੀਏ ਅਤੇ ਇਸ ਨਾਲ ਜੁੜੇ ਹੋਰ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਕਾਰਵਾਈ ਨਿੱਜੀ ਬਿਲਡਰਾਂ ਅਤੇ ਜੀਐਮਏਡੀਏ ਦੀਆਂ ਜਾਇਦਾਦਾਂ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਇਸ ਮਾਮਲੇ ਵਿੱਚ ਸ਼ੱਕੀ ਵਿੱਤੀ ਪ੍ਰਭਾਵ 100 ਕਰੋੜ ਰੂਪਏ ਤੋਂ ਵੱਧ ਦਾ ਦੱਸਿਆ ਗਿਆ ਹੈ।
ਬਾਜਵਾ ਨੇ ਕਿਹਾ, “ਅੱਜ ‘ਆਪ’ ਆਗੂ ਇਸ ਲਈ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਇੱਕ ਕੇਂਦਰੀ ਏਜੰਸੀ ਉਨ੍ਹਾਂ ਦੀ ਸਰਕਾਰ ਅਤੇ ਇਸ ਨਾਲ ਜੁੜੇ ਅਦਾਰਿਆਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਪਰ ਇਹੀ ਲੀਡਰਸ਼ਿਪ ਉਸ ਸਮੇਂ ਪੂਰੀ ਤਰ੍ਹਾਂ ਚੁੱਪ ਰਹੀ, ਜਦੋਂ ਪੰਜਾਬ ਪੁਲਿਸ ਜਾਂ ਸੂਬੇ ਦੀਆਂ ਜਾਂਚ ਏਜੰਸੀਆਂ ਦੀ ਵਰਤੋਂ ਸਿਆਸੀ ਵਿਰੋਧੀਆਂ ਖ਼ਿਲਾਫ਼ ਕੀਤੀ ਗਈ।”
ਉਨ੍ਹਾਂ ਕਿਹਾ ਕਿ ‘ਆਪ’ ਦੀ ਪ੍ਰਤੀਕਿਰਿਆ ਤੋਂ ਸਪੱਸ਼ਟ ਹੈ ਕਿ ਪਾਰਟੀ ਹੁਣ “ਆਪਣੀ ਹੀ ਦਵਾਈ ਦਾ ਸਵਾਦ ਚੱਖ ਰਹੀ ਹੈ।” ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਦੀ ਵਰਤੋਂ ਨਾ ਤਾਂ ਸਿਆਸੀ ਵਿਰੋਧੀਆਂ ਨੂੰ ਡਰਾਉਣ-ਧਮਕਾਉਣ ਲਈ ਹੋਣੀ ਚਾਹੀਦੀ ਹੈ ਅਤੇ ਨਾ ਹੀ ਸੱਤਾ ਵਿੱਚ ਬੈਠੇ ਲੋਕਾਂ ਨੂੰ ਜਾਂਚ ਤੋਂ ਬਚਾਉਣ ਲਈ।
ਬਾਜਵਾ ਨੇ ਕਿਹਾ, “ਚਾਹੇ ਈਡੀ ਹੋਵੇ, ਸੀਬੀਆਈ ਹੋਵੇ, ਇਨਕਮ ਟੈਕਸ ਵਿਭਾਗ ਹੋਵੇ, ਪੰਜਾਬ ਪੁਲਿਸ ਹੋਵੇ ਜਾਂ ਵਿਜੀਲੈਂਸ ਬਿਊਰੋ—ਸਿਧਾਂਤ ਇੱਕੋ ਹੋਣਾ ਚਾਹੀਦਾ ਹੈ। ਏਜੰਸੀਆਂ ਨੂੰ ਸੱਤਾਧਾਰੀ ਪਾਰਟੀ ਜਾਂ ਵਿਰੋਧੀ ਧਿਰ ਨਾਲ ਸਬੰਧਤ ਹੋਣ ਦੀ ਪਰਵਾਹ ਕੀਤੇ ਬਿਨਾਂ ਭਰੋਸੇਯੋਗ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਜਾਂਚ ਕਰਨੀ ਚਾਹੀਦੀ ਹੈ ਅਤੇ ਉਚਿਤ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨੀ ਚਾਹੀਦੀ ਹੈ।”
ਬਾਜਵਾ ਨੇ ਜਾਂਚ ਏਜੰਸੀਆਂ ਨੂੰ ਲੈ ਕੇ ‘ਆਪ’ ਅਤੇ ਭਾਜਪਾ ਵਿਚਕਾਰ ਚੱਲ ਰਹੀ ਸਿਆਸੀ ਖਿੱਚੋਤਾਣ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, “ਮੈਂ ਲਗਾਤਾਰ ਇਹ ਕਹਿੰਦਾ ਆਇਆ ਹਾਂ ਕਿ ਜਾਂਚ ਏਜੰਸੀਆਂ ਦੀ ਸਿਆਸੀ ਵਰਤੋਂ ਦੇ ਮਾਮਲੇ ਵਿੱਚ ਭਾਜਪਾ ਅਤੇ ‘ਆਪ’ ਇੱਕੋ ਸਿੱਕੇ ਦੇ ਦੋ ਪਾਸੇ ਹਨ। ਦੋਵਾਂ ਪਾਰਟੀਆਂ ਨੇ ਵੱਖ-ਵੱਖ ਸਮਿਆਂ ’ਤੇ ਜਾਂਚ ਏਜੰਸੀਆਂ ’ਤੇ ਸਿਆਸੀ ਦਖ਼ਲਅੰਦਾਜ਼ੀ ਦੇ ਦੋਸ਼ ਲਗਾਏ ਹਨ, ਜਦਕਿ ਆਪਣੇ-ਆਪਣੇ ਪੱਧਰ ’ਤੇ ਸੱਤਾ ਦੀ ਤਾਕਤ ਦੀ ਵਰਤੋਂ ਦਾ ਬਚਾਅ ਕੀਤਾ ਹੈ।”
ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਅਤੇ ‘ਆਪ’ ਦੋਵਾਂ ਨੂੰ ਜਾਂਚ ਏਜੰਸੀਆਂ ਨੂੰ ਸਿਆਸੀ ਦਬਾਅ ਬਣਾਉਣ ਜਾਂ ਚੋਣਾਂ ਵਿੱਚ ਲੈਣ-ਦੇਣ ਦੇ ਸਾਧਨ ਵਜੋਂ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
“ਪੰਜਾਬ ਦੇ ਲੋਕ ਅਜਿਹੇ ਸੰਸਥਾਨਾਂ ਦੇ ਹੱਕਦਾਰ ਹਨ ਜੋ ਸੁਤੰਤਰ, ਪਾਰਦਰਸ਼ੀ ਅਤੇ ਸਿਆਸੀ ਦਖ਼ਲਅੰਦਾਜ਼ੀ ਤੋਂ ਮੁਕਤ ਹੋ ਕੇ ਕੰਮ ਕਰਨ। ਜਵਾਬਦੇਹੀ ਚੋਣਵੀਂ ਨਹੀਂ ਹੋ ਸਕਦੀ ਅਤੇ ਕਾਨੂੰਨ ਦਾ ਇੱਕ ਮਾਪਦੰਡ ਸੱਤਾ ਵਿੱਚ ਬੈਠੇ ਲੋਕਾਂ ਲਈ ਤੇ ਦੂਜਾ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਲਈ ਨਹੀਂ ਹੋ ਸਕਦਾ,” ਬਾਜਵਾ ਨੇ ਕਿਹਾ।


