ਆਲ ਇੰਡੀਆ ਕਿਸਾਨ ਡੈਲੀਗੇਟ ਕਾਨਫਰੰਸ – ਕਾਹਨ ਸਿੰਘ ਪੰਨੂੰ ਨੇ ਦਿੱਤਾ ਉਦਘਾਟਨੀ ਭਾਸ਼ਣ

ਦੋਆਬਾ

ਸਿਆਸੀ ਜਥੇਬੰਦਕ ਰਿਪੋਰਟ ਬਾਰੇ ਚਰਚਾ ਵਿੱਚ ਵੱਖ ਵੱਖ ਸੂਬਿਆਂ ਦੇ 61 ਡੈਲੀਗੇਟਾਂ ਨੇ ਹਿੱਸਾ ਲਿਆ

ਜਲੰਧਰ, ਗੁਰਦਾਸਪੁਰ, 21 ਸਤੰਬਰ (ਸਰਬਜੀਤ ਸਿੰਘ)– ਜਲੰਧਰ ਵਿਖੇ ਜਾਰੀ ਕੁਲ ਹਿੰਦ ਕਿਸਾਨ ਮਹਾਸਭਾ ਦੀ ਪੰਜਵੀਂ ਕਾਨਫਰੰਸ ਦਾ ਡੈਲੀਗੇਟ ਸੈਸ਼ਨ ਬੀਤੀ ਸ਼ਾਮ ਬਾਬਾ ਜੁਆਲਾ ਸਿੰਘ ਹਾਲ ਵਿੱਚ ਆਰੰਭ ਹੋਇਆ।


ਸ਼ੁਰੂਆਤ ਕਾਨਫਰੰਸ ਦੀ ਸੁਆਗਤੀ ਕਮੇਟੀ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ (ਰਿਟਾ ਆਈਏਐਸ) ਦੇ ਭਾਸ਼ਣ ਨਾਲ ਹੋਈ। ਦੇਸ਼ ਭਰ ਤੋਂ ਪੁੱਜੇ ਡੈਲੀਗੇਟਾਂ ਤੇ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਦੇ ਇਕ ਹੋਣ ਦਾ ਭਰਪੂਰ ਸੁਆਗਤ ਕਰਦਿਆਂ ਸ਼੍ਰੀ ਪੰਨੂੰ ਨੇ ਮੋਦੀ ਸਰਕਾਰ ਵਲੋਂ 1% ਵੱਡੇ ਧਨਾਢਾਂ ਦੇ ਮੁਨਾਫ਼ਿਆਂ ਲਈ ਅਪਣਾਏ ਅਖੌਤੀ ਵਿਕਾਸ ਮਾਡਲ ਦੀ ਬਾਖੂਬੀ ਚੀਰ-ਫਾੜ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਦਿਓਕੱਦ ਕਾਰਪੋਰੇਟ ਕੰਪਨੀਆਂ ਮਿਲ ਕੇ ਸੰਸਾਰ ‘ਤੇ ਕਾਬਜ਼ ਹੋਣ ਲਈ ਹਰ ਹਰਬਾ ਵਰਤ ਰਹੀਆਂ ਹਨ ਉਦੋਂ ਜਨਤਾ ਦੇ ਹੱਕਾ-ਹਿੱਤਾਂ ਦੀ ਰਾਖੀ ਲਈ ਲੜਨ ਵਾਲੇ ਸਮੂਹ ਸੰਘਰਸ਼ੀ ਸੰਗਠਨਾਂ ਲਈ ਵੀ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਲੁਟੇਰਿਆਂ ਦਾ ਟਾਕਰਾ ਕਰਨ ਲਈ ਇਕਜੁੱਟ ਹੋ ਕੇ ਲੋਕ ਹਿੱਤੂ ਤਾਕਤਾਂ ਅਪਣੀ ਤਾਕਤ ‘ਚ ਵੱਡਾ ਵਾਧਾ ਕਰਨ। ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਭਰਾਤਰੀ ਸ਼ੁਭ ਇੱਛਾਵਾਂ ਦਿੱਤੀਆਂ ਤੇ ‘ਪੰਜਾਬ ਕਿਸਾਨ ਯੂਨੀਅਨ’ ਤੇ ‘ਜਮਹੂਰੀ ਕਿਸਾਨ ਸਭਾ’ ਦੀ ਏਕਤਾ ਦਾ ਭਰਪੂਰ ਸੁਆਗਤ ਕੀਤਾ। ਉਨ੍ਹਾਂ ਸੱਦਾ ਦਿੱਤਾ ਕਿ ਫਿਰਕੂ-ਫਾਸ਼ੀ ਮੋਦੀ ਸਰਕਾਰ ਨੂੰ ਸਤਾ ਤੋਂ ਲਾਂਭੇ ਕਰਨ ਲਈ ਸਾਨੂੰ ਦੇਸ਼ ਭਰ ਦੀਆਂ ਸਮੂਹ ਸੰਘਰਸ਼ਸ਼ੀਲ ਇਨਕਲਾਬੀ ਤੇ ਜਮਹੂਰੀ ਤਾਕਤਾਂ ਦਾ ਵਿਸ਼ਾਲ ਮੋਰਚਾ ਉਸਾਰਨ ਨੂੰ ਅਪਣਾ ਮੁੱਖ ਅਜੰਡਾ ਬਣਾਉਣਾ ਚਾਹੀਦਾ ਹੈ।
ਸਵੇਰੇ ਦਾ ਸੈਸ਼ਨ ਬੀਤੇ ਕੱਲ੍ਹ ਸਦੀਵੀ ਵਿਛੋੜੇ ਦੇ ਗਏ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ ਨੂੰ ਮਿੰਟ ਖੜੋ ਕੇ ਸ਼ਰਧਾਂਜਲੀ ਦੇਣ ਨਾਲ ਹੋਇਆ। ਇਸ ਪਿੱਛੋਂ ਜਥੇਬੰਦੀ ਦੇ ਜਨਰਲ ਸਕੱਤਰ ਤੇ ਲੋਕ ਸਭਾ ਮੈਂਬਰ ਰਾਜਾ ਰਾਮ ਸਿੰਘ ਵਲੋਂ ਬੀਤੇ ਕੱਲ੍ਹ ਕਾਨਫਰੰਸ ਸਾਹਮਣੇ ਸਿਆਸੀ ਜਥੇਬੰਦਕ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਰਪੋਰੇਟ ਕੰਪਨੀਆਂ ਦੇ ਮੁਨਾਫ਼ੇ ਲਈ ਉਪਜਾਊ ਜ਼ਮੀਨਾਂ ਵੱਡੇ ਪੈਮਾਨੇ ‘ਤੇ ਹੜ੍ਹਪੀ ਜਾ ਰਹੀ ਹੈ ਅਤੇ ਮੱਕੀ, ਗੰਨੇ ਤੇ ਚੌਲਾਂ ਵਰਗੇ ਖੁਰਾਕੀ ਪਦਾਰਥਾਂ ਤੋਂ ਸ਼ਰਾਬ ਅਤੇ ਇਥਨੋਲ ਬਣਾਈ ਜਾ ਰਹੀ ਹੈ। ਜਿਸ ਨਾਲ ਚੀਨੀ, ਆਂਡੇ ਤੇ ਚਿਕਨ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਗਿਆ ਹੈ। ਦੇਸ਼ ਗੰਭੀਰ ਆਰਥਿਕ ਸੰਕਟ ਵਿੱਚ ਹੈ ਅਤੇ ਆਰਥਿਕ ਨਾਬਰਾਬਰੀ ਦੀ ਵਿੱਚ ਭਾਰੀ ਵਾਧਾ ਹੋਇਆ ਹੈ। ਨਤੀਜਾ ਮੱਧਵਰਗ ਵਲੋਂ ਲਿਆ ਜਾ ਰਿਹਾ ਗੋਲਡ ਲੋੜ ਜ਼ੋ 2023 ਵਿੱਚ 7.46 ਲੱਖ ਕਰੋੜ ਸੀ ਉਹ ਤਿੰਨ ਸਾਲ ਵਿੱਚ ਵੱਧ ਕੇ 2026 ਵਿੱਚ 18.6 ਲੱਖ ਕਰੋੜ ਉਤੇ ਪਹੁੰਚ ਗਿਆ ਹੈ। ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰਾਂ ਵਿੱਚ ਲਗਾਤਾਰ ਕਟੌਤੀ ਕਰਕੇ ਅਪਣੇ ਦਖਲ ਅਤੇ ਕੰਟਰੋਲ ਨੂੰ ਵਧਾਉਣ ਦੇ ਜ਼ਰੀਏ ਲੋਕਤੰਤਰ ਤੇ ਫੈਡਰਲ ਢਾਂਚੇ ਦਾ ਗਲ਼ ਘੋਟ ਰਹੀ ਹੈ। ਮਸਲਨ ਪੰਜਾਬ ਪੁਨਰਗਠਨ ਐਕਟ 1966 ਦੀਆਂ ਕੁਝ ਧਾਰਾਵਾਂ ਦੀ ਵਰਤੋਂ ਕਰਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਅਪਣੇ ਕਬਜ਼ੇ ਵਿੱਚ ਲੈ ਕੇ ਅਪਣੀ ਜ਼ਮੀਨ ਤੇ ਦਰਿਆਈ ਪਾਣੀਆਂ ਉਤੇ ਪੰਜਾਬ ਦੇ ਸੰਵਿਧਾਨਕ ਅਧਿਕਾਰਾਂ ਦਾ ਖਾਤਮਾ ਕਰ ਦਿੱਤਾ ਹੈ। ਜ਼ੋ ਕਿ ਦਰਿਆਈ ਪਾਣੀਆਂ ਦੀ ਵੰਡ ਅਤੇ ਵਰਤੋਂ ਦੇ ਸੰਸਾਰ ਭਰ ਵਿੱਚ ਪ੍ਰਵਾਨਤ ਰਿਪੇਰੀਅਨ ਸਿਧਾਂਤ ਦੇ ਉਲਟ ਹੈ ਆਦਿ।
ਇਸ ਰਿਪੋਰਟ ਬਾਰੇ ਚਰਚਾ ਵਿੱਚ ਵੱਖੋ-ਵੱਖ ਪ੍ਰਾਂਤਾਂ ਚੋਂ ਪੁੱਜੇ 61 ਕਿਸਾਨ ਪ੍ਰਤੀਨਿਧਾਂ ਨੇ ਅਪਣੇ ਵਿਚਾਰ ਇਤਰਾਜ਼ ਤੇ ਸੁਝਾਅ ਪੇਸ਼ ਕੀਤੇ।
ਇਸ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਇਹ ਸਫ਼ਲ ਕਾਨਫਰੰਸ ਇਕ ਅਹਿਮ ਸ਼ੁਰੂਆਤ ਹੈ। ਹੁਣ ਦੇਸ਼, ਖਾਸ ਕਰਕੇ ਪੰਜਾਬ-ਹਰਿਆਣਾ ਦੇ ਕਿਸਾਨ ਸਾਥੀਆਂ ਨੇ ਏਕਤਾ ਦੇ ਇਸ ਸੰਦੇਸ਼ ਨੂੰ ਦੋਹਾਂ ਸੂਬਿਆਂ ‘ਚ ਪਿੰਡ-ਪਿੰਡ ਲਿਜਾਣਾ ਹੈ ਅਤੇ ਭੱਵਿਖ ਦੇ ਕਿਸਾਨ ਘੋਲੂ ਨੂੰ ਜੇਤੂ ਬਣਾਉਣ ਲਈ ਵਿਸ਼ਾਲ ਤੇ ਮਜ਼ਬੂਤ ਸੰਗਠਨ ਖੜ੍ਹਾ ਕਰਨਾ ਹੈ। ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਖੱਬੇ-ਪੱਖੀ ਕਿਸਾਨ ਜਥੇਬੰਦੀਆਂ ਨੂੰ ਛੋਟੇ ਤੇ ਬੇਜ਼ਮੀਨੇ ਕਿਸਾਨਾਂ ਦੀਆਂ ਮੰਗਾਂ-ਮੁਸ਼ਕਿਲਾਂ ਉਠਾਉਣ ‘ਤੇ ਵਿਸ਼ੇਸ਼ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਦਲਿਤਾਂ, ਔਰਤਾਂ ਤੇ ਕਮਜ਼ੋਰ ਤਬਕਿਆਂ ਖਿਲਾਫ ਹੁੰਦੇ ਸਮਾਜਿਕ ਜਬਰ ਦਾ ਵੀ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ। ਇੰਝ ਕਰਕੇ ਹੀ ਉਹ ਮਹਿਜ਼ ਆਰਥਿਕ ਮੰਗਾਂ ਮਸਲਿਆਂ ਤੱਕ ਸੀਮਤ ਰਹਿਣ ਦੀ ਬਜਾਏ, ਅਪਣੇ ਆਪ ਨੂੰ ਸਮਾਜਿਕ ਤਬਦੀਲੀ ਲਈ ਪ੍ਰਤੀਬੱਧ ਕਿਸਾਨ ਜਥੇਬੰਦੀ ਕਹਾਉਣ ਦੇ ਸਮਰਥ ਬਣ ਸਕਣਗੇ।
ਇਸ ਸੈਸ਼ਨ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਇਕਬਾਲ ਕੌਰ ਉਦਾਸੀ ਤੇ ਕਮਲਦੀਪ ਜਲੂਰ ਸਮੇਤ ਵੱਖ ਵੱਖ ਸੂਬਿਆਂ ਦੇ ਗਾਇਕਾਂ ਨੇ ਅਪਣੇ ਇਨਕਲਾਬੀ ਗੀਤਾਂ ਕਵਿਤਾਵਾਂ ਨਾਲ ਰੰਗ ਬੰਨਿਆ।

Leave a Reply

Your email address will not be published. Required fields are marked *