ਰਾਮਪੁਰਾ, ਚਾਉਕੇ, ਗੁਰਦਾਸਪੁਰ, 15 ਅਗਸਤ (ਸਰਬਜੀਤ ਸਿੰਘ)– ਅੱਜ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਰਾੜਵਾਲਾ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਅਤੇ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੀ ਅਗਵਾਈ ਹੇਠ 15 ਅਗਸਤ ਦੇ ਦਿਹਾੜੇ ਨੂੰ ‘ਫਾਸ਼ੀਵਾਦ ਵਿਰੋਧੀ’, ‘ਸਾਮਰਾਜਵਾਦ ਅਤੇ ਕਾਰਪੋਰੇਟ ਵਿਰੋਧੀ’ ਦਿਵਸ ਵਜੋਂ ਮਨਾਇਆ ਗਿਆ ਅਤੇ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ।

ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ 78 ਸਾਲ ਦੀ ਅਖੌਤੀ ਆਜ਼ਾਦੀ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਾਬਰ ਅਤੇ ਲੁਟੇਰੇ ਰਾਜ ਪ੍ਰਬੰਧ ਦੀ ਵਜ੍ਹਾ ਨਾਲ ਦੇਸ਼ ਦੇ ਗ਼ਰੀਬ ਲੋਕਾਂ ਅਤੇ ਮਜ਼ਦੂਰਾਂ ਦੀ ਹਾਲਤ ਲਗਾਤਾਰ ਤਰਸਯੋਗ ਬਣ ਗਈ ਹੈ। ਇਸ ਦੌਰ ਵਿੱਚ ਗ਼ਰੀਬਾਂ ਅਤੇ ਅਮੀਰਾਂ ਵਿੱਚ ਪਾੜੇ ਦੀ ਲਕੀਰ ਲਗਾਤਾਰ ਚੌੜੀ ਹੁੰਦੀ ਜਾ ਰਹੀ ਹੈ, ਅਮੀਰ ਹੋਰ ਅਮੀਰ ਹੋ ਗਏ ਅਤੇ ਗ਼ਰੀਬ ਹੋਰ ਗ਼ਰੀਬ ਹੋ ਗਏ ਹਨ।ਇੱਕ ਪਾਸੇ ਗ਼ਰੀਬੀ,ਮਹਿੰਗਾਈ, ਅਤੇ ਬੇਰੁਜ਼ਗਾਰੀ ਦੇ ਕਾਰਣ ਆਮ ਜਨਤਾ ਦੀ ਜ਼ਿੰਦਗੀ ਬਦ ਤੋਂ ਬਦਤਰ ਬਣ ਗਈ ਹੈ। ਮਸ਼ੀਨ ਦੀ ਬੇਲੋੜੀ ਵਰਤੋਂ ਦੇ ਕਾਰਣ ਗ਼ਰੀਬ ਲੋਕਾਂ ਨੂੰ ਕਿਧਰੇ ਕੰਮ ਨਹੀਂ ਮਿਲ ਰਿਹਾ, ਉਹਨਾਂ ਦਾ ਜੀਣਾ ਦੁੱਭਰ ਹੋ ਗਿਆ ਹੈ। ਲੱਖਾਂ ਮਜ਼ਦੂਰ – ਕਿਸਾਨ ਕਰਜ਼ੇ ਦੇ ਬੋਝ ਕਾਰਨ ਆਤਮਹੱਤਿਆ ਕਰ ਗਏ ਹਨ। ਦੂਜੇ ਪਾਸੇ ਅੰਬਾਨੀ – ਅਡਾਨੀ ਵਰਗੇ ਵੱਡੇ ਕਾਰਪੋਰੇਟ ਘਰਾਣੇ ਸਾਰੀ ਦੁਨੀਆਂ ਦੀ ਧਨ ਦੌਲਤ ਇਕੱਠੀ ਕਰਨ ਲੱਗੇ ਹੋਏ ਹਨ। ਆਗੂ ਨੇ ਕਿਹਾ ਕਿ ਦੇਸ਼ ਦੇ ਇੱਕ ਫ਼ੀਸਦੀ ਅਮੀਰਾਂ ਕੋਲ ਦੇਸ਼ ਦੀ 47 ਫ਼ੀਸਦੀ ਸੰਮਤੀ ਇਕੱਠੀ ਹੋ ਗਈ ਹੈ। ਉੱਪਰਲੇ 10 ਫ਼ੀਸਦੀ ਅਮੀਰ ਲੋਕ ਦੇਸ਼ ਦੀ 77 ਫ਼ੀਸਦੀ ਸੰਪਤੀ ਦੇ ਮਾਲਕ ਬਣ ਗਏ ਹਨ। ਦੂਜੇ ਪਾਸੇ ਲੱਖਾਂ ਕਰੋੜਾਂ ਪੜ੍ਹੇ ਲਿਖੇ ਨੌਜਵਾਨ ਡਿਗਰੀਆਂ ਲੈਕੇ ਸੜਕਾਂ ਤੇ ਧੱਕੇ ਖਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਲੋਕਾਂ ਨੂੰ ਮਿਲ਼ਣ ਵਾਲੀਆਂ ਸਹੂਲਤਾਂ ਲਗਾਤਾਰ ਖ਼ਤਮ ਕਰਦੀ ਜਾ ਰਹੀ ਹੈ। ਸਿੱਖਿਆ ਅਤੇ ਸਿਹਤ ਸਹੂਲਤਾਂ ਆਮ ਜਨਤਾ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਆਗੂ ਨੇ ਇਹ ਵੀ ਕਿਹਾ ਕਿ ਅਸਲ ਵਿੱਚ 78 ਸਾਲ ਆਮ ਜਨਤਾ ਨੂੰ ਆਜ਼ਾਦੀ ਨਹੀਂ, ਬਲਕਿ ਬਰਬਾਦੀ ਪੱਲੇ ਪਈ ਹੈ। ਮੀਟਿੰਗ ਨੂੰ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਦਾ ਕਾਨੂੰਨ ਵੀ ਖ਼ਤਮ ਹੋਣ ਦੀ ਕਗਾਰ ਤੇ ਹੈ। ਮਨਰੇਗਾ ਦੇ ਕੰਮਾਂ ਵਿੱਚ ਸਿਆਸੀ ਦਖਲ ਅੰਦਾਜ਼ੀ ਜ਼ੋਰਾਂ ਤੇ ਹੈ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬੁੱਗਰ, ਗੁਰਮੇਲ ਸਿੰਘ ਪੱਖੋਕਲਾਂ, ਜਗਦੀਪ ਸਿੰਘ ਰਾਮਗੜ੍ਹ,ਰੂਪ ਸਿੰਘ ਬੁਰਜ ਮਾਨਸਾਹੀਆ, ਜਸਵਿੰਦਰ ਕੌਰ ਅਤੇ ਸੁਖਪ੍ਰੀਤ ਕੌਰ ਕਰਾੜਵਾਲਾ ਨੇ ਵੀ ਸੰਬੋਧਨ ਕੀਤਾ।



