28 ਜੁਲਾਈ ਸ਼ਹਾਦਤ ਦਿਵਸ
ਗੁਰਦਾਸਪੁਰ, 27 ਜੁਲਾਈ (ਸਰਬਜੀਤ ਸਿੰਘ)– ਸੀ.ਪੀ.ਆਈ. (ਐੱਮ.ਐੱਲ.) ਦੇ ਪਹਿਲੇ ਜਨਰਲ ਸਕੱਤਰ ਕਾਮਰੇਡ ਚਾਰੂ ਮਜੂਮਦਾਰ ਨੂੰ 28 ਜੁਲਾਈ 1972 ਨੂੰ ਕਲਕੱਤਾ ਦੇ ਲਾਲ ਬਾਜ਼ਾਰ ਪੁਲਿਸ ਹੈੱਡਕੁਆਟਰ ਵਿਚ ਤਸੀਹੇ ਦੇ-ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਯਾਦ ਕਮਿਊਨਿਸਟ ਇਨਕਲਾਬੀਆਂ ਦੇ ਹਿਰਦੇ ਵਿਚ ਹਮੇਸ਼ਾ ਬਣੀ ਰਹੇਗੀ। ਭਾਰਤ ਦੇ ਕਮਿਊਨਿਸਟ ਇਨਕਲਾਬੀ ਇਸ ਦਿਨ ਨੂੰ ‘ਸ਼ਹਾਦਤ ਦਿਵਸ’ ਦੇ ਤੌਰ ’ਤੇ ਮਨਾਉਂਦੇ ਆ ਰਹੇ ਹਨ। ਇਸ ਦਿਨ ਨਕਸਲਬਾੜੀ ਲਹਿਰ ਦੇ ਉਨ੍ਹਾਂ ਹਜ਼ਾਰਾਂ ਮਹਾਨ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਲਈ ਕੁਰਬਾਨ ਕਰ ਦਿੱਤੀ। ਇਨ੍ਹਾਂ ਸਾਰੇ ਮਹਾਨ ਸ਼ਹੀਦਾਂ ਨੇ ਭਾਰਤ ਨੂੰ ਸਾਮਰਾਜਵਾਦ ਦੇ ਖ਼ੂਨੀ ਪੰਜੇ ਤੋਂ ਮੁਕਤ ਕਰਵਾਉਣ ਲਈ ਜਮਹੂਰੀ ਇਨਕਲਾਬ ਲਈ ਲੰਬਾ ਸੰਘਰਸ਼ ਕੀਤਾ।
ਕਾਮਰੇਡ ਚਾਰੂ ਮਜੂਮਦਾਰ ਦੀ ਅਗਵਾਈ ਹੇਠ ਨਕਸਲਬਾੜੀ ਦੀ ‘ਇਤਿਹਾਸਕ ਗਰਜ਼’ ਨੇ ਦੇਸ਼ ਦੇ ਲੋਕ ਵਿਰੋਧੀ ਹਾਕਮਾਂ ਨੂੰ ਪਿੱਪਲ਼ ਦੇ ਪੱਤੇ ਦੀ ਤਰ੍ਹਾਂ ਕੰਬਾ ਦਿੱਤਾ ਸੀ ਅਤੇ ਇਨਕਲਾਬ ਦੇ ਕਾਰਜ ਨੂੰ ਮੁੜ ਦੇਸ਼ ਦੀ ਰਾਜਨੀਤਕ ਪਟੜੀ ਉੱਪਰ ਲਿਆ ਖੜ੍ਹਾ ਕੀਤਾ ਸੀ। ਉਨ੍ਹਾਂ ਨੇ ਇਸ ਮਹਾਨ ਕਾਰਜ ਤੋਂ ਜਨਤਾ ਨੂੰ ਜਾਣੂੰ ਕਰਵਾਇਆ ਕਿ ਜਮਹੂਰੀ ਇਨਕਲਾਬ ਹੀ ਜਨਤਾ ਦੀ ਮੁਕਤੀ ਦਾ ਇਕੋ-ਇਕ ਸੱਚਾ ਅਤੇ ਜਮਹੂਰੀ ਰਾਜਨੀਤਕ ਬਦਲ ਹੈ, ਜੋ ਦੇਸ਼ ਦੀ ਜਨਤਾ ਦੀ ਮ੍ਰਿਗ-ਤ੍ਰਿਸ਼ਨਾ ਨੂੰ ਨਾ ਸਿਰਫ਼ ਸੰਤੁਸ਼ਟ ਕਰ ਸਕਦਾ ਹੈ, ਬਲਕਿ ਜਮਹੂਰੀ ਵਿਕਾਸ ਦੇ ਬੰਦ ਪਏ ਦਰਵਾਜ਼ੇ ਨੂੰ ਵੀ ਖੋਲ੍ਹਦਾ ਹੈ।
ਕਿਸੇ ਨੇ ਸੱਚ ਕਿਹਾ ਸੀ….‘ਡਿਗਦੇ ਹਨ ਸਹਿਸਵਾਰ ਹੀ ਮੈਦਾਨੇ ਜੰਗ ਵਿਚ….।’ ਕਾਮਰੇਡ ਮਾਓ ਨੇ ਵੀ ਕਿਹਾ ਸੀ….‘ਜੋ ਹਜ਼ਾਰ ਜ਼ਖ਼ਮ ਖਾ ਕੇ ਵੀ ਹਿੰਮਤ ਨਹੀਂ ਹਾਰਦਾ, ਓਹੀ ਸਮਰਾਟ ਨੂੰ ਘੋੜੇ ਤੋਂ ਉਤਾਰ ਸਕਦਾ ਹੈ।’ ਭਾਵੇਂ ਨਕਸਲਬਾੜੀ ਲਹਿਰ ਦੇ ਸ਼ੁਰੂਆਤੀ ਦੌਰ ’ਚ ਹੀ ਖੱਬਾ ਸੰਕੀਰਣਤਾਵਾਦੀ ਰੁਝਾਨ ਪੈਦਾ ਹੋ ਗਿਆ ਸੀ ਅਤੇ ਬਹੁਤ ਸਾਰੀਆਂ ਗ਼ਲਤੀਆਂ ਸਾਹਮਣੇ ਆ ਗਈਆਂ ਸਨ। ਕਾਮਰੇਡ ਚਾਰੂ ਮਜੂਮਦਾਰ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਸੀ ਕਿ ਜੇਕਰ ਪਾਰਟੀ ਵਿਚ ਇਕਜੁਟਤਾ ਬਣਾਈ ਰੱਖਣੀ ਹੈ ਤਾਂ ਦਾਅ-ਪੇਚਕ ਲਾਈਨ ਨੂੰ ਠੀਕ ਕਰਨਾ ਪਵੇਗਾ। ਉਹ ਇਸ ਦੇ ਲਈ ਲਗਾਤਾਰ ਯਤਨ ਕਰ ਰਹੇ ਸਨ। 22 ਅਪ੍ਰੈਲ 1969 ਨੂੰ ਜਥੇਬੰਦ ਕੀਤੀ ਭਾਕਪਾ (ਮਾਲੇ) ਵਿਚ ਰਾਜਨੀਤਕ ਵਖਰੇਵੇਂ ਪੈਦਾ ਹੋ ਜਾਣ ਕਰਕੇ 1971 ਵਿਚ ਪਹਿਲੀ ਫੁੱਟ ਪੈ ਗਈ ਸੀ, ਜਿਸ ਨੂੰ ਬਚਾਉਣ ਲਈ ਅਤੇ ਏਕਤਾ ਬਣਾਈ ਰੱਖਣ ਲਈ ਉਨ੍ਹਾਂ ਨੇ ਅਨੇਕਾਂ ਯਤਨ ਕੀਤੇ। ਉਨ੍ਹਾਂ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਲਿਖੇ ਲੇਖ ‘ਅੰਤਿਮ ਪੱਤਰ’ ਵਿਚ ਵੀ ਇਸ ਦੀ ਝਲਕ ਦਿਖਾਈ ਦਿੰਦੀ ਹੈ, ਜਿਸ ਵਿਚ ਉਸ ਨੇ ਜਨਤਕ ਦਿਸ਼ਾ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਹੈ।
ਇਹੀ ਵਜ੍ਹਾ ਸੀ ਕਿ ਜਦੋਂ ਉਨ੍ਹਾਂ ਨੂੰ 16 ਜੁਲਾਈ 1972 ਨੂੰ ਕਲਕੱਤਾ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਗਾਤਾਰ 13 ਦਿਨ ਪੁਲਿਸ ਹਿਰਾਸਤ ਵਿਚ ਰੱਖ ਕੇ ਭਿਆਨਕ ਬਿਮਾਰੀ ਦੀ ਹਾਲਤ ਦੇ ਬਾਵਜੂਦ ਅਣਮਨੁੱਖੀ ਤਸੀਹੇ ਦਿੱਤੇ ਗਏ। ਲੋਕ ਵਿਰੋਧੀ ਸ਼ਾਸ਼ਕ, ਇਨ੍ਹਾਂ ਤੱਥਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਜਮਹੂਰੀ ਇਨਕਲਾਬ ਦੇ ਲੋਹ-ਪੁਰਸ਼ ਬਣ ਗਏ ਹਨ। ਲੰਬੇ ਸਮੇਂ ਤੱਕ ਉਨ੍ਹਾਂ ਨੂੰ ਜੇਲ੍ਹ ਵਿਚ ਰੱਖ ਕੇ ਮੁਕੱਦਮਾ ਚਲਾਉਣਾ ਸੰਭਵ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਦੋ ਹਫ਼ਤੇ ਪੁਲਿਸ ਹਿਰਾਸਤ ’ਚ ਰੱਖ ਕੇ ਘਿਨੌਣੀਆਂ ਸਜ਼ਾਵਾਂ ਦਿੱਤੀਆਂ ਗਈਆਂ ਅਤੇ 28 ਜੁਲਾਈ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਸ ਦੀ ਸ਼ਹਾਦਤ ਦੇ ਲਈ ‘ਸਿਧਾਰਥ ਸ਼ੰਕਰ ਰਾਏ’ ਅਤੇ ਸੀ.ਪੀ.ਐੱਮ. ਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ। ਸੋਧਵਾਦੀਆਂ ਨੇ ਨਕਸਲਬਾੜੀ ਕਿਸਾਨ ਅੰਦੋਲਨ, ਭਾਕਪਾ (ਮਾਲੇ) ਅਤੇ ਕਾਮਰੇਡ ਚਾਰੂ ਮਜੂਮਦਾਰ ਦੇ ਖਿਲਾਫ਼ ਬੇਹੱਦ ਜ਼ਹਿਰੀਲਾ ਪ੍ਰਚਾਰ ਕੀਤਾ।
ਕਾਮਰੇਡ ਚਾਰੂ ਮਜੂਮਦਾਰ ਦੀ ਸ਼ਹਾਦਤ ਨੇ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਦੀ ਮੌਤ ਪਹਾੜ ਤੋਂ ਵੀ ਭਾਰੀ ਹੈ, ਜਿਸ ’ਤੇ ਲੋਕ ਵਿਰੋਧੀ ਹਾਕਮਾਂ ਅਤੇ ਸੋਧਵਾਦੀਆਂ ਨੂੰ ਵੀ ਮਗਰਮੱਛ ਦੇ ਹੰਝੂ ਵਹਾਉਣੇ ਪਏ ਸਨ। ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ‘‘ਇਹ ਦਿਲ ਦੀ ਗਤੀ ਰੁਕ ਜਾਣ ਦੇ ਸਮਾਨ ਹੈ, ਇਸ ਦੀ ਨਾਇਕ ਜਾਂਚ ਹੋਣੀ ਚਾਹੀਦੀ ਹੈ।’’ ਭਾਕਪਾ ਦੇ ਸੰਸਦ ‘ਹਿਰੇਨ ਮੁਖਰਜੀ’ ਅਤੇ ਮਾਕਪਾ ਦੇ ‘ਏ.ਕੇ. ਗੋਪਾਲਨ’ ਨੇ ਵੀ ਉਨ੍ਹਾਂ ਦੀ ਮੌਤ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਸੀ। ਲੇਕਿਨ ਸੋਧਵਾਦੀਆਂ ਵੱਲੋਂ ਕੀਤੀ ਜਾ ਰਹੀ ਸੰਵੇਦਨਾ ਕਿੰਨੀ ਥੋਥੀ ਸੀ, ਪੱਛਮੀ ਬੰਗਾਲ ਵਿਚ ਸੱਤਾ ’ਚ ਹੋਣ ਦੇ ਬਾਵਜੂਦ ਨਿਆਇਕ ਜਾਂਚ ਤਾਂ ਦੂਰ ਪ੍ਰਸ਼ਾਸਨਿਕ ਜਾਂਚ ਵੀ ਨਹੀਂ ਕਰਵਾਈ ਗਈ। ਇੰਨਾ ਹੀ ਨਹੀਂ, ਕਾਮਰੇਡ ਚਾਰੂ ਮਜੂਮਦਾਰ ਦੀ ਯਾਦ ’ਚ ਕਾਨ੍ਹਪੁਰ ਵਿਖੇ ਕਰਵਾਈ ਗਈ ਸ਼ਹਾਦਤ ਸਭਾ ਵਿਚ ਹਿੱਸਾ ਲੈਣ ਦੇ ਦੋਸ਼ ਹੇਠ ਮਾਕਪਾ ਨੇ ਆਪਣੇ ਪ੍ਰਮੁੱਖ ਨੇਤਾ ‘ਅਨੰਦ ਮਾਧਵ ਤ੍ਰਿਵੇਦੀ’ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਨਕਸਲਬਾੜੀ ਦੀ ਸਾਰਥਿਕਤਾ, ਵਿਆਪਕਤਾ ਅਤੇ ਜਮਹੂਰੀ ਇਨਕਲਾਬ ਦੇ ਮਹਾਨ ਨਾਇਕ ਸ਼ਹੀਦ ਕਾਮਰੇਡ ਚਾਰੂ ਮਜੂਮਦਾਰ ਦੀ ਜਨਤਕ ਲੋਕ-ਪ੍ਰਿਯਤਾ ਉਜਾਗਰ ਹੁੰਦੀ ਹੈ।
ਕਾ. ਚਾਰੂ ਮਜੂਮਦਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਬਨਾਰਸ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਬੰਗਾਲ ਦੇ ਦਾਰਜੀÇਲੰਗ ਜ਼ਿਲ੍ਹੇ ਦੇ ਪਿੰਡ ਮਹਾਂਨੰਦ ਪਾੜਾ ਦੇ ਮੂਲ ਨਿਵਾਸੀ ਸਨ। ਚਾਰੂ ਮਜੂਮਦਾਰ 7-8 ਸਾਲ ਦੀ ਉਮਰ ’ਚ ਆਪਣੇ ਪਰਿਵਾਰ ਸਮੇਤ ਬਨਾਰਸ ਛੱਡ ਕੇ ਮਹਾਂਨੰਦ ਪਾੜਾ ਵਾਪਿਸ ਆ ਗਏ ਸਨ। ਉਨ੍ਹਾਂ ਨੇ ਸਿਲੀਗੁੜ੍ਹੀ ਤੋਂ ਦਸਵੀਂ ਜਮਾਤ ਪਹਿਲੇ ਦਰਜੇ ’ਚ ਪਾਸ ਕੀਤੀ ਅਤੇ ਬਾਅਦ ਵਿਚ ਪਾਵਨਾ ਸ਼ਹਿਰ (ਹੁਣ ਬੰਗਲਾ ਦੇਸ਼ ’ਚ) ਦੇ ਏਡਵਰਡ ਕਾਲਜ ’ਚੋਂ ਗ੍ਰੈਜੂਏਸ਼ਨ ਪਾਸ ਕੀਤੀ ਸੀ।
ਕਾ. ਚਾਰੂ ਮਜੂਮਦਾਰ ਵਿਦਿਆਰਥੀ ਜੀਵਨ ਤੋਂ ਹੀ ਖੱਬੇਪੱਖੀ ਪ੍ਰਗਤੀਸ਼ੀਲ ਸਾਹਿਤ ਨਾਲ਼ ਜੁੜਿਆ ਹੋਇਆ ਸੀ। ਉਨ੍ਹਾਂ ਦੇ ਆਜ਼ਾਦੀ ਘੁਲਾਟੀਏ ਪਿਤਾ ਵਿਰੇਸ਼ਵਰ ਮਜੂਮਦਾਰ ਅਤੇ ਉਸ ਦੀ ਮਾਤਾ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਦੇਸ਼ ਅਤੇ ਜਨਤਾ ਪ੍ਰਤੀ ਲਗਾਓ ਰੱਖਣ ਸਬੰਧੀ ਸੰਸਕਾਰ ਦਿੱਤੇ ਹੋਏ ਸਨ। ਸਿੱਟੇ ਵਜੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਕੈਰੀਅਰ ਬਣਾਉਣ ਦੇ ਖੋਖਲ਼ੇ ਰਸਤੇ ਨੂੰ ਤਿਆਗ ਕੇ ਪੇਸ਼ੇਵਰ ਕ੍ਰਾਂਤੀਕਾਰੀ ਸਜੀਵ ਰਸਤੇ ਦੀ ਚੋਣ ਕਰ ਲਈ। ਬੰਗਾਲ ਦਾ ਇਤਿਹਾਸ ਨਿਮਨ (ਮੱਧ) ਪੂੰਜੀਵਾਦੀ ਅਤੇ ਵਿਅਕਤੀਗਤ ਹਿੰਸਾ ਦੀ ਲੋਕ-ਪ੍ਰਿਯਤਾ ਦਾ ਵੀ ਇਤਿਹਾਸ ਰਿਹਾ ਹੈ। ਖ਼ੁਦੀ ਰਾਮ ਬੋਸ ਦੀ ਸ਼ਹਾਦਤ ਤੋਂ ਬਾਅਦ ਨੌਜਵਾਨਾਂ ਵੱਲੋਂ ਰੋਮਾਂਚਕ ਹਥਿਆਰਬੰਦ ਕਾਰਵਾਈਆਂ ਦੇ ਨਾਲ਼-ਨਾਲ਼ ਬੰਗਾਲ ਦੇ ਨੌਜਵਾਨਾਂ ਦੇ ਦਿਲਾਂ ’ਚ ਦੇਸ਼ ਭਗਤੀ ਦੀ ਭਾਵਨਾ ਇਸ ਦੀ ਗਵਾਹ ਹੈ। ਇਸ ਦੇ ਬਾਵਜੂਦ ਕਾਮਰੇਡ ਚਾਰੂ ਮਜੂਮਦਾਰ ਨੇ ਭਰ ਜਵਾਨੀ ਸਮੇਂ ਹੋਰਨਾਂ ਕ੍ਰਾਂਤੀਕਾਰੀ ਨੌਜਵਾਨਾਂ ਨਾਲ਼ ਮਿਲ ਕੇ ਵਿਅਕਤੀਗਤ ਹਿੰਸਾ ਦੇ ਰਸਤੇ ਨੂੰ ਸਹੀ ਮੋੜਾ ਦੇ ਦਿੱਤਾ ਸੀ। ਯਤਿੰਦਰ ਨਾਥ ਦਾਸ, ਭਗਵਤੀ ਚਰਣ ਵੋਹਰਾ, ਸਰੀਖ਼ੇ ਕ੍ਰਾਂਤੀਕਾਰੀ ਅਤੇ ਅੰਡੇਮਾਨ ਦੀਆਂ ਜੇਲ੍ਹਾਂ ’ਚ ਬੰਦ ਤਮਾਮ ਕ੍ਰਾਂਤੀਕਾਰੀਆਂ ਨੇ ਵਿਅਕਤੀਗਤ ਹਿੰਸਾ ਦੇ ਰਸਤੇ ਦਾ ਤਿਆਗ ਕਰ ਕੇ ‘ਅੰਡੇਮਾਨ ਕਮਿਊਨਿਸਟ ਕਨਸੌਲੀਡੇਸ਼ਨ’ ਦੇ ਮਾਧਿਅਮ ਰਾਹੀਂ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਸੀ। ਕਾਮਰੇਡ ਚਾਰੂ ਮਜੂਮਦਾਰ ਨੇ ਵੀ ਜਵਾਨੀ ਸਮੇਂ ਤੋਂ ਹੀ ਮਾਰਕਸਵਾਦ-ਲੈਨਿਨਵਾਦ ਦਾ ਅਧਿਐਨ ਸ਼ੁਰੂ ਕਰ ਦਿੱਤਾ ਸੀ।
1938 ਵਿਚ ਕਮਿਊਨਿਸਟ ਪਾਰਟੀ ਗ਼ੈਰ-ਕਾਨੂੰਨੀ ਢੰਗ ਨਾਲ਼ ਕੰਮ ਕਰ ਰਹੀ ਸੀ। ਸਿੱਟੇ ਵਜੋਂ ਉਹ ਪਾਰਟੀ ਦੇ ਨਿਰਦੇਸ਼ ਅਨੁਸਾਰ ਕਾਂਗਰਸ ਸੋਸਲਿਸਟ ਪਾਰਟੀ ਦਾ ਮੈਂਬਰ ਬਣ ਕੇ ਕੰਮ ਕਰ ਰਹੇ ਸਨ। 1939 ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਕਮਿਊਨਿਸਟ ਪਾਰਟੀ ਵੱਲੋਂ ਇਸ ਨੂੰ ਸਾਮਰਾਜਵਾਦੀ ਲੁਟੇਰਿਆਂ ਦੀ ਲੜਾਈ ਕਹਿ ਕੇ ਯੁੱਧ ਦਾ ਵਿਰੋਧ ਕੀਤਾ ਗਿਆ। ਸਿੱਟੇ ਵਜੋਂ ਅੰਗਰੇਜ਼ਾਂ ਨੇ ਕਮਿਊਨਿਸਟਾਂ ਦਾ ਦਮਨ ਕਰਨਾ ਸ਼ੁਰੂ ਕਰ ਦਿੱਤਾ। ਕਾ. ਚਾਰੂ ਮਜੂਮਦਾਰ ਭੂਮੀਗਤ ਹੋ ਗਏ। ਉਨ੍ਹਾਂ ਨੇ 1939 ਤੋਂ 43 ਤੱਕ ਭੂਮੀਗਤ ਜੀਵਨ ਦੌਰਾਨ ਗ਼ਰੀਬ ਅਤੇ ਬੇ-ਜ਼ਮੀਨੇ ਕਿਸਾਨਾਂ, ਚਾਹ ਬਾਗਾਂ ਦੇ ਮਜ਼ਦੂਰਾਂ, ਰੇਲਵੇ ਮਜ਼ਦੂਰਾਂ ਵਿਚ ਜਾ ਕੇ ਉਨ੍ਹਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰ ’ਚ ਉਨ੍ਹਾਂ ਨੇ ‘ਤਿਭਾਗਾ’ ਅੰਦੋਲਨ ਨੂੰ ਵੀ ਪੈਦਾ ਹੁੰਦੇ ਦੇਖਿਆ।
1943 ’ਚ ਬੰਗਾਲ ਵਿਚ ਭਿਆਨਕ ਕਾਲ਼ ਪੈਣ ਦੇ ਸਮੇਂ ਜਿੱਥੇ ਗਾਂਧੀਵਾਦੀ ਲੀਡਰ ਖ਼ੁਦ ਸੇਵਾ ਦੇ ਰੂਪ ’ਚ ਆਦਰਸ਼ਵਾਦੀ ਨੈਤਿਕਾ ਦਾ ਪ੍ਰਦਰਸ਼ਨ ਕਰ ਕੇ ਨੌਕਰਸ਼ਾਹੀ ਦਾ ਸਮਰਥਨ ਕਰਨ ਦਾ ਉਪਦੇਸ਼ ਦੇ ਰਹੇ ਸਨ, ਉੱਥੇ ਕਮਿਊਨਿਸਟਾਂ ਨੇ ਕਿਹਾ ਕਿ, ‘‘ਭੁੱਖ ਨਾਲ਼ ਮਰਨ ਦੀ ਬਜਾਏ, ਹਕੂਮਤ ਦੀ ਗੋਲ਼ੀ ਖਾ ਕੇ ਮਰਨਾ ਕਿਤੇ ਚੰਗਾ ਹੈ।’’ ਇਸ ਨਾਅਰੇ ਤਹਿਤ ਉਨ੍ਹਾਂ ਵੱਡੇ ਜਗੀਰਦਾਰਾਂ ਅਤੇ ਸੂਦਖ਼ੋਰਾਂ ਦੇ ਗ਼ੁਦਾਮਾਂ ਉੱਪਰ ਹਮਲਾ ਕਰ ਕੇ ਅਨਾਜ ਆਪਣੇ ਕਬਜ਼ੇ ਵਿਚ ਲੈ ਕੇ ਭੁੱਖ ਦੇ ਸਤਾਏ ਲੋਕਾਂ ਵਿਚ ਵੰਡ ਦਿੱਤਾ ਗਿਆ। ਕਾਮਰੇਡ ਚਾਰੂ ਮਜੂਮਦਾਰ ਨੇ ਉਨ੍ਹਾਂ ਸਮਿਆਂ ਵਿਚ ਵੀ ਰਾਜਨੀਤਕ ਅਗਵਾਈ ਕੀਤੀ ਅਤੇ ਪਾਰਟੀ ਢਾਂਚਾ ਤਿਆਰ ਕੀਤਾ।
1948 ਤੋਂ 1951 ਤੱਕ ਕਾਮਰੇਡ ਚਾਰੂ ਮਜੂਮਦਾਰ ਗ੍ਰਿਫ਼ਤਾਰ ਰਹੇ। 1956 ’ਚ ਕੇਰਲਾ ਦੇ ਪਾਲਘਾਟ ਵਿਖੇ ਪਾਰਟੀ ਦੇ ਚੌਥੇ ਮਹਾਂ-ਸੰਮੇਲਨ ਸਮੇਂ ਪਾਰਟੀ ਡੈਲੀਗੇਟ ਦੇ ਤੌਰ ’ਤੇ ਸ਼ਾਮਿਲ ਹੋਏ। 1962 ਵਿਚ ਭਾਰਤ-ਚੀਨ ਯੁੱਧ ਸਮੇਂ ਵੀ ਉਨ੍ਹਾਂ ਅੰਧ ਰਾਸ਼ਟਰਵਾਦੀ ਵਿਚਾਰਾਂ ਦਾ ਤਿੱਖਾ ਵਿਰੋਧ ਕੀਤਾ। ਜੀਹਦੇ ਕਰ ਕੇ ਉਨ੍ਹਾਂ ਨੂੰ ਫੇਰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਜੇਲ੍ਹ ਦੇ ਦੌਰਾਨ ਹੀ 1964 ਦੀਆਂ ਚੋਣਾਂ ਦੌਰਾਨ ਵਿਧਾਨ ਸਭਾ ਦੀ ਚੋਣ ਲੜਨ ਲਈ ਜੇਲ੍ਹ ਦੇ ਅੰਦਰੋਂ ਹੀ ਸਿਲੀਗੁੜ੍ਹੀ ਵਿਧਾਨ ਸਭਾ ਹਲਕੇ ਤੋਂ ਪੇਪਰ ਦਾਖ਼ਲ ਕੀਤੇ। ਉਹ 1966 ’ਚ ਜੇਲ੍ਹ ਤੋਂ ਰਿਹਾਅ ਹੋਏ। ਉਨ੍ਹਾਂ ਨੇ ਇਸ ਸਮੇਂ ਦੌਰਾਨ ਅੱਠ ਮਹੱਤਵਪੂਰਨ ਲੇਖ ਲਿਖੇ, ਜੋ ਬਾਅਦ ਵਿਚ ‘ਅੱਠ ਦਸਤਾਵੇਜ਼’ ਦੇ ਤੌਰ ’ਤੇ ਜਾਣੇ ਜਾਣ ਲੱਗ ਪਏ।
ਕਾ. ਚਾਰੂ ਮਜੂਮਦਾਰ ਸਾਰੀ ਜ਼ਿੰਦਗੀ ਜਮਹੂਰੀ ਇਨਕਲਾਬ ਦੀ ਦਿਸ਼ਾ ਵਿਚ ਆਮ ਜਨਤਾ ਨੂੰ ਲਾਮਬੰਦ ਕਰਨ ਲਈ ਡਟੇ ਰਹੇ। ਉਨ੍ਹਾਂ ਨੇ ਆਪਣੇ ਅਨੇਕਾਂ ਸੀਨੀਅਰ ਕਾਮਰੇਡਾਂ ਦੇ ਸਹਿਯੋਗ ਨਾਲ਼ 1967 ਵਿਚ ਨਕਸਲਬਾੜੀ, ਫਾਸ਼ੀਦੇਵਾ ਅਤੇ ਖ਼ਾਰੀਬਾੜੀ ਦੇ ਇਲਾਕੇ ਵਿਚਲੇ 50 ਤੋਂ ਵੱਧ ਪਿੰਡਾਂ ਵਿਚ ਕਿਸਾਨਾਂ ਦਾ ਜਬਰਦਸਤ ਸੰਗਠਨ ਖੜ੍ਹਾ ਕਰਨ ਵਿਚ ਸਫ਼ਲਤਾ ਹਾਸਿਲ ਕਰ ਲਈ। ਗ਼ਰੀਬ ਤੇ ਬੇ-ਜ਼ਮੀਨੇ ਕਿਸਾਨਾਂ ਨੇ ਜਾਗੀਰਦਾਰਾਂ ਦੀ ਜ਼ਮੀਨ ਉੱਪਰ ਕਬਜ਼ਾ ਕਰਨ ਦਾ ਫ਼ੈਸਲਾ ਕਰ ਲਿਆ। ਇਨਕਲਾਬੀ ਕਿਸਾਨ ਕਮੇਟੀਆਂ ਬਣਾਈਆਂ ਗਈਆਂ ਅਤੇ ਵੱਖ-ਵੱਖ ਥਾਵਾਂ ’ਤੇ ਸੂਦਖੋਰਾਂ ਦੀਆਂ ਬਹੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹੀ ਸੰਘਰਸ਼ ਨਕਸਲਬਾੜੀ ਲਹਿਰ ਦੇ ਰੂਪ ’ਚ ਅਮਰ ਹੋ ਗਿਆ। ਮਾਕਪਾ ਤੋਂ ਵੱਖ ਹੋਏ ਕਮਿਊਨਿਸਟ ਕ੍ਰਾਂਤੀਕਾਰੀਆਂ ਨੇ ਮਾਰਕਸਵਾਦ-ਲੈਨਿਨਵਾਦ ਅਤੇ ਸੋਧਵਾਦ ਦਰਮਿਆਨ ਸਪੱਸ਼ਟ ਨਿਖੇੜੇ ਦੀ ਲਕੀਰ ਖਿੱਚ ਦਿੱਤੀ। ਨਕਸਲਬਾੜੀ ਦੀ ਗਰਜ਼ਨਾ ਨੇ ਦੇਸ਼-ਵਿਆਪੀ ਪ੍ਰਭਾਵ ਪਾਇਆ ਅਤੇ ਸੋਧਵਾਦ ਦਾ ਡਟ ਕੇ ਵਿਰੋਧ ਕਰ ਰਹੇ ਦੇਸ਼ ਭਰ ਦੇ ਕ੍ਰਾਂਤੀਕਾਰੀਆਂ ਨੇ ਆਪਣੇ ਆਪ ਨੂੰ (ਏ.ਆਈ.ਸੀ.ਸੀ.ਸੀ.ਆਰ. ਦੇ ਰੂਪ ’ਚ) ਇਕਜੁਟ ਕਰ ਲਿਆ। ਲੈਨਿਨ ਦੇ ਜਨਮ ਦਿਨ ’ਤੇ 22 ਅਪ੍ਰੈਲ 1969 ਨੂੰ ਸੀ.ਪੀ.ਆਈ. (ਐੱਮ.ਐੱਲ.) ਦੀ ਸਥਾਪਨਾ ਕੀਤੀ ਗਈ, ਜਿਸ ਦੇ 1970 ਵਿਚ ਹੋਏ ਪਹਿਲੇ ਮਹਾਂ-ਸੰਮੇਲਨ ਵਿਚ ਕਾਮਰੇਡ ਚਾਰੂ ਮਜੂਮਦਾਰ ਨੂੰ ਪਾਰਟੀ ਦਾ ਜਨਰਲ ਸਕੱਤਰ ਚੁਣ ਲਿਆ ਗਿਆ।
ਕਾਮਰੇਡ ਚਾਰੂ ਮਜੂਮਦਾਰ ਦੀ ਸ਼ਹਾਦਤ ਤੋਂ ਲੈ ਕੇ ਹੁਣ ਤੱਕ ਗੰਗਾ-ਜਮਨਾ ਵਿਚ ਢੇਰ ਸਾਰਾ ਪਾਣੀ ਵਹਿ ਚੁੱਕਾ ਹੈ, ਕਮਿਊਨਿਸਟ ਕ੍ਰਾਂਤੀਕਾਰੀ ਅੰਦੋਲਨ ਦੀਆਂ ਅਨੇਕਾਂ ਭੁੱਲਾਂ-ਚੁੱਕਾਂ ਅਤੇ ਵਿਚਾਰਧਾਰਕ ਗ਼ਲਤੀਆਂ ਤੋਂ ਬਾਅਦ ਕਾਮਰੇਡ ਚਾਰੂ ਮਜੂਮਦਾਰ ਅੱਜ ਵੀ ਜਮਹੂਰੀ ਇਨਕਲਾਬ ਦੇ ਮਜ਼ਬੂਤ ਕ੍ਰਾਂਤੀਕਾਰੀ ਸਤੰਭ ਬਣ ਕੇ ਖੜ੍ਹੇ ਹਨ। ਅੱਜ ਜਦੋਂ ਅਸੀਂ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਅਤੇ ਨਕਸਲਬਾੜੀ ਲਹਿਰ ਦੇ ਯੋਗਦਾਨ ਨੂੰ ਬੁਲੰਦ ਕਰ ਰਹੇ ਹਾਂ ਤਾਂ ਸਾਨੂੰ ਨਾਲ਼ ਹੀ ਉਸ ਸਮੇਂ ਦੀਆਂ ਵਿਚਾਰਧਾਰਕ ਅਤੇ ਵਿਵਹਾਰਕ ਕਮਜ਼ੋਰੀਆਂ ਦੀ ਵੀ ਸਾਹਸ ਦੇ ਨਾਲ਼ ਆਤਮ ਆਲੋਚਨਾ ਕਰਨੀ ਚਾਹੀਦੀ ਹੈ ਕਿਉਂਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਦੁਨੀਆ ਵਿਚ ਆਰਥਿਕ ਅਤੇ ਰਾਜਨੀਤਕ ਖੇਤਰ ’ਚ ਵੱਡੀਆਂ ਤਬਦੀਲੀਆਂ ਸ਼ੁਰੂ ਹੋਈਆਂ ਸਨ। ਅਮਰੀਕੀ ਸਾਮਰਾਜਵਾਦ ਦੀ ਅਗਵਾਈ ਹੇਠ ਸਮੁੱਚੇ ਸਾਮਰਾਜਵਾਦੀ ਖ਼ੇਮੇ ਵੱਲੋਂ ਆਪਣੇ ਪੁਰਾਣੇ ‘ਬਸਤੀਵਾਦੀ’ ਤਰੀਕੇ ਨੂੰ ਤਿਲਾਂਜਲੀ ਦੇ ਕੇ ‘ਨਵਾਂ ਬਸਤੀਵਾਦੀ’ (ਨਵ-ਬਸਤਵਾਦੀ) ਤਰੀਕਾ ਅਪਣਾ ਲਿਆ ਸੀ ਅਤੇ ਵਰਡ ਬੈਂਕ, ਆਈ.ਐੱਮ.ਐੱਫ., ਨਾਟੋ, ਸੀਟੋ ਅਤੇ ਵਿਸ਼ਵ ਵਪਾਰ ਸੰਸਥਾ ਵਰਗੀਆਂ ਨਵ-ਬਸਤੀਵਾਦੀ ਸੰਸਥਾਵਾਂ ਦਾ ਨਿਰਮਾਣ ਕੀਤਾ ਗਿਆ ਸੀ। ਸਾਮਰਾਜਵਾਦੀਆਂ ਅਤੇ ਵੱਡੇ ਕਾਰਪੋਰੇਟਾਂ ਦੇ ਗੱਠਜੋੜ ਵੱਲੋਂ ‘ਵਿਤੀ ਪੂੰਜੀ’ ਦੇ ਰਸਤੇ ਪੂੰਜੀ ਬਾਜ਼ਾਰ ਅਤੇ ਤਕਨੀਕ ਉੱਪਰ ਆਪਣੀ ਪਕੜ ਮਜ਼ਬੂਤ ਕਰ ਕੇ ਤਿੱਖੀ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੇ ਜ਼ਰੀਏ ਪੂਰੀ ਦੁਨੀਆ ਨੂੰ ਗ਼ੁਲਾਮ ਬਣਾ ਕੇ ਰੱਖਣ ਦਾ ਨਵਾਂ ਰਸਤਾ ਅਪਣਾ ਲਿਆ ਸੀ। ਇਸੇ ਘਟਨਾਕ੍ਰਮ ਦੇ ਜ਼ਰੀਏ ਹਰ ਖੇਤਰ ’ਚ ਖ਼ਾਸ ਕਰ ਕੇ ਖੇਤੀ ਖੇਤਰ ਵਿਚ ‘ਉੱਪਰੋਂ ਠੋਸੇ ਗਏ ਭੂਮੀ ਸੁਧਾਰ’ ਅਤੇ ਹਰੀ ਕ੍ਰਾਂਤੀ ਦੇ ਮਾਧਿਅਮ ਰਾਹੀਂ ਪੂੰਜੀਵਾਦੀ ਸੰਬੰਧਾਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਗਿਆ ਹੈ। ਖੇਤੀ ਖੇਤਰ ਵਿਚ ਪੂੰਜੀਵਾਦ ਦੀ ਝਲਕ 1960-70 ਦੇ ਦਹਾਕੇ ਤੋਂ ਸ਼ੁਰੂ ਹੋ ਕੇ ਅੱਜ ਪੂਰਨ ਤੌਰ ’ਤੇ ਪੂੰਜੀਵਾਦ ਦੀ ਜਕੜ ਹੇਠ ਹੈ। ਇਹਨਾਂ ਨੀਤੀਆਂ ਦੇ ਰਾਹੀਂ ਸਾਮਰਾਜਵਾਦੀ ਬਹੁ-ਕੌਮੀ ਕੰਪਨੀਆਂ ਵੱਲੋਂ ਵੱਡੇ ‘ਭੂ-ਸਵਾਮੀਆਂ’ ਦੀ ਥਾਂ ਇਕ ਨਵਾਂ ਵਰਗ ‘ਧਨੀ ਕਿਸਾਨੀ’ ਪੈਦਾ ਕੀਤਾ ਗਿਆ ਤਾਂ ਕਿ ਇਸ ਵਰਗ ਦੇ ਰਾਹੀਂ ‘ਹਰੀ ਕ੍ਰਾਂਤੀ’ ਦੇ ਰਸਤੇ ਖੇਤੀ ਖੇਤਰ ਵਿੱਚ ਸਾਮਰਾਜਵਾਦੀ ਪੂੰਜੀ ਦੀ ਘੁਸਪੈਠ ਕਰਵਾਈ ਜਾ ਸਕੇ। ਇਸ ਲਈ ਅੱਜ ਦੀਆਂ ਠੋਸ ਹਾਲਤਾਂ ਦੇ ਅਨੁਕੂਲ ਰਾਜਨੀਤਕ ਕਾਰਜਨੀਤੀ ਤਿਆਰ ਕਰਨ ਦੀ ਲੋੜ ਹੈ। ਅੱਜ ‘ਨਵ-ਬਸਤੀਵਾਦੀ’ ਵਿਵਸਥਾ ਦੇ ਤਹਿਤ ਪੂਰੀ ਦੁਨੀਆਂ ਕਾਰਪੋਰੇਟ ਰਾਜ ਦੀ ਜਕੜ ਹੇਠ ਹੈ ਅਤੇ ਨਾਲ਼ੋ-ਨਾਲ਼ ਸੰਪਰਦਾਇਕ ਫਾਸ਼ੀਵਾਦੀ ਸ਼ਕਤੀਆਂ ਵੀ ਲਗਾਤਾਰ ਮਜ਼ਬੂਤ ਹੋ ਰਹੀਆਂ ਹਨ। ਇਸ ਜਕੜਬੰਦੀ ਨੂੰ ਖ਼ਤਮ ਕਰਨ ਲਈ ਜਨਤਕ ਦਿਸ਼ਾ ਦੇ ਅਧਾਰਤ ਮਜ਼ਦੂਰਾਂ, ਕਿਸਾਨਾਂ, ਸਾਰੇ ਦੱਬੇ-ਕੁਚਲੇ ਲੋਕਾਂ ਅਤੇ ਪੀੜਤ ਵਰਗਾਂ ਨੂੰ ਇਕਜੁਟ ਕਰਨ ਲਈ ਕਮਿਊਨਿਸਟ ਤਾਕਤਾਂ ਨੂੰ ਇਸ ਦਿਸ਼ਾ ’ਚ ਅੱਗੇ ਵਧਣ ਦੀ ਲੋੜ ਹੈ।
ਭਾਵੇਂ ਰਾਸ਼ਟਰੀ-ਅੰਤਰਰਾਸ਼ਟਰੀ ਕਮਿਊਨਿਸਟ ਲਹਿਰ ਨੂੰ ਅਨੇਕਾਂ ਰਾਜਨੀਤਕ ਭਟਕਾਵਾਂ ਦੇ ਕਾਰਨ ਵੱਡੇ ਨੁਕਸਾਨ ਝੱਲਣੇ ਪਏ, ਜੀਹਦੇ ਕਰ ਕੇ ਪੂਰੀ ਦੁਨੀਆਂ ਦੀ ਕਮਿਊਨਿਸਟ ਲਹਿਰ ਟੁੱਟਾਂ-ਫੁੱਟਾਂ ਦਾ ਸ਼ਿਕਾਰ ਹੋ ਗਈ ਹੈ। ਫਿਰ ਵੀ ਨਕਸਲਬਾੜੀ ਲੋਕ ਉਭਾਰ ਦਾ ਪੈਦਾ ਹੋਣਾ, ਸੀ.ਪੀ.ਆਈ. (ਐੱਮ.ਐੱਲ.) ਦਾ ਬਣਨਾ ਅਤੇ ਹਜ਼ਾਰਾਂ ਕਾਮਰੇਡਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਦੀ ਮਹਾਨਤਾ ਨੂੰ ਕਦੇ ਵੀ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ। ਅੱਜ ਜਦੋਂ ਅਸੀਂ ਇਸ ਸ਼ਹਾਦਤ ਦਿਵਸ ਸਮੇਂ ਕਾਮਰੇਡ ਚਾਰੂ ਮਜੂਮਦਾਰ ਨੂੰ ਯਾਦ ਕਰ ਰਹੇ ਹਾਂ। ਉਸੇ ਸਮੇਂ ਹੀ ਇਨਕਲਾਬੀ ਕਮਿਊਨਿਸਟ ਲਹਿਰ ਦੇ ਇਕ ਹੋਰ ਹਰਮਨ ਪਿਆਰੇ ਨੇਤਾ ਕਾਮਰੇਡ ਤਾਰਮਿਲਾ ਨਾਗਾਰੈਡੀ (ਟੀ. ਨਾਗਾਰੈਡੀ) ਦੀ ਵੀ 61 ਸਾਲ ਦੀ ਉਮਰ ’ਚ ਗੁਪਤਵਾਸ ਜ਼ਿੰਦਗੀ ਗੁਜ਼ਾਰਦਿਆਂ ਭਿਆਨਕ ਬਿਮਾਰੀ ਦੇ ਕਾਰਨ 28 ਜੁਲਾਈ 1976 ਨੂੰ ਮੌਤ ਹੋ ਗਈ ਸੀ। ਕਾ. ਟੀ. ਨਾਗਾਰੈਡੀ ਇਕ ਮਹਾਨ ਕ੍ਰਾਂਤੀਕਾਰੀ ਯੋਧਾ ਸੀ, ਜੋ ਲੁਟੇਰੇ ਪ੍ਰਬੰਧ ਨੂੰ ਖ਼ਤਮ ਕਰਨ ਲਈ ਇਕ ਜਗੀਰਦਾਰ ਦੇ ਪੁੱਤਰ ਤੋਂ ਕ੍ਰਾਂਤੀਕਾਰੀ ਕਮਿਊਨਿਸਟ ਬਣਿਆ ਸੀ।
ਇਸੇ ਤਰ੍ਹਾਂ ਪੰਜਾਬ ਦੀ ਨਕਸਲਬਾੜੀ ਲਹਿਰ ਦੇ ਚੋਟੀ ਦੇ ਪ੍ਰਮੁੱਖ ਆਗੂ ਅਤੇ ਬਜ਼ੁਰਗ ਕਮਿਊਨਿਸਟ ਆਗੂ ਬਾਬਾ ਬੂਝਾ ਸਿੰਘ ਨੂੰ ਵੀ ਪਿੰਡ ਨਗਰ ਨੇੜੇ ਫਿਲੌਰ ਤੋਂ 27 ਜੁਲਾਈ ਨੂੰ ਗ੍ਰਿਫ਼ਤਾਰ ਕਰ ਕੇ 27-28 ਜੁਲਾਈ 1970 ਦੀ ਵਿਚਕਾਰਲੀ ਰਾਤ ਨੂੰ ਪਿੰਡ ਨਾਈਮਾਜਰਾ (ਨੇੜੇ ਨਵਾਂਸ਼ਹਿਰ) ਦੇ ਪੁਲ਼ ’ਤੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਸੀ। ਅੱਜ ਅਸੀਂ ਉਨ੍ਹਾਂ ਸਾਰੇ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਅਤੇ ਸਿਜਦਾ ਕਰ ਰਹੇ ਹਾਂ, ਜਿਨ੍ਹਾਂ ਨੇ ਲੁਟੇਰੇ ਰਾਜ ਪ੍ਰਬੰਧ ਨੂੰ ਖ਼ਤਮ ਕਰ ਕੇ ਜਮਹੂਰੀ ਇਨਕਲਾਬ ਅਤੇ ਸਮਾਜਵਾਦ ਦਾ ਸੁਪਨਾ ਸਾਕਾਰ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ ਸੀ।
(ਰੈੱਡ ਸਟਾਰ ’ਚੋਂ ਧੰਨਵਾਦ ਸਹਿਤ)
ਬਰਨਾਲਾ-ਮੋ. 94636-10661


