ਬਰਨਾਲਾ, ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)– ਦੋ ਦਿਨਾਂ ਵਿੱਚ ਦੋ ਸਿਰ ਕੱਢ ਕਮਿਊਨਿਸਟ ਇਨਕਲਾਬੀ ਆਗੂ ਇਨਕਲਾਬੀ ਜਮਹੂਰੀ ਲਹਿਰ ਨੂੰ ਸਦੀਵੀ ਅਲਵਿਦਾ ਕਹਿ ਗਏ ਹਨ, ਜਿਨ੍ਹਾਂ ਦੀ ਬੇਵਕਤੀ ਮੌਤ ਹੋਣ ਨਾਲ ਖੱਬੇ ਪੱਖੀ ਅਤੇ ਇਨਕਲਾਬੀ ਜਮਹੂਰੀ ਲਹਿਰ ਆਪਣੇ ਦੋ ਨਾਮਵਰ ਸਾਥੀਆਂ ਤੋਂ ਵਿਰਵੀ ਹੋ ਗਈ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ, ਕਾਮਰੇਡ ਗੁਰਤੇਜ ਖੀਵਾ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਕਿਹਾ ਕਿ ਦੋ ਦਿਨ ਪਹਿਲਾਂ ਆਰ ਐਮ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਚਲਾਣਾ ਕਰ ਗਏ ਸਨ। ਕੱਲ੍ਹ ਸੀਪੀਆਈ (ਐੱਮ ਐੱਲ) ਨਿਉ ਡੈਮੋਕਰੇਸੀ ਦੇ ਉੱਘੇ ਅਤੇ ਬਜ਼ੁਰਗ ਨੇਤਾ ਕਾਮਰੇਡ ਅਜਮੇਰ ਸਿੰਘ ਸਮਰਾ ਦਾ ਦਿਹਾਂਤ ਹੋ ਗਿਆ ਹੈ, ਜੋ ਸਮੁੱਚੀ ਲਹਿਰ ਦੇ ਲਈ ਬੜੀ ਦੁੱਖਦਾਈ ਖ਼ਬਰ ਹੈ। ਇਹਨਾਂ ਦੋ ਕਾਮਰੇਡਾਂ ਦਾ ਸਦਾ ਲਈ ਤੁਰ ਜਾਣਾ ਲਹਿਰ ਨੂੰ ਨਾਂ ਪੂਰਿਆ ਜਾ ਸਕਣ ਵਾਲਾ ਘਾਟਾ ਪੈ ਗਿਆ ਹੈ। ਸੀਪੀਆਈ (ਐੱਮ ਐੱਲ) ਰੈੱਡ ਸਟਾਰ ਵਿਛੜ ਚੁੱਕੇ ਸਾਥੀਆਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕਰਦੀ ਹੈ ਅਤੇ ਲਾਲ ਸਲਾਮ ਪੇਸ਼ ਕਰਦੀ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਇਹਨਾਂ ਦੋਵਾਂ ਆਗੂਆਂ ਦਾ ਉਸ ਸਮੇਂ ਤੁਰ ਜਾਣਾ ਲਹਿਰ ਦੇ ਲਈ ਹੋਰ ਵੀ ਵੱਡਾ ਘਾਟਾ ਹੈ, ਜਦੋਂ ਪੂਰਾ ਦੇਸ਼ ਆਰਐੱਸਐੱਸ – ਭਾਜਪਾ ਦੇ ਫਾਸ਼ੀਵਾਦੀ ਰਾਜ ਦੀ ਜਕੜ ਹੇਠ ਆ ਗਿਆ ਹੈ, ਜਦੋਂ ਸਮੁੱਚੀ ਖੱਬੇ ਪੱਖੀ ਲਹਿਰ ਨੂੰ ਪੂਰੀ ਸੁਹਿਰਦਤਾ ਦੇ ਨਾਲ ਇਕੱਠੇ ਹੋਕੇ ਫਾਸ਼ੀਵਾਦੀ ਜੰਗਲ ਰਾਜ ਦੇ ਖ਼ਿਲਾਫ਼ ਲੜਨ ਦੀ ਲੋੜ ਹੈ। ਜਿਥੇ ਮੁਸਲਮਾਨ,ਈਸਾਈ, ਅਤੇ ਹੋਰਨਾਂ ਘੱਟ ਗਿਣਤੀਆਂ ਸਮੇਤ ਇਨਕਲਾਬੀ ਤਾਕਤਾਂ ਆਰ ਐੱਸ ਐੱਸ ਦੇ ਫਾਸ਼ੀਵਾਦ ਦੇ ਏਜੰਡੇ ‘ਤੇ ਹਨ ਅਤੇ ਘੱਟ ਗਿਣਤੀਆਂ ਨੂੰ ਦੂਜੇ ਨੰਬਰ ਦੇ ਸ਼ਹਿਰੀ ਬਣਾਕੇ ਰੱਖਣ ਲਈ ਫਾਸ਼ੀਵਾਦੀ ਤਾਕਤਾਂ ਆਪਣੇ ਉਦੇਸ਼ ਵੱਲ ਅੱਗੇ ਵਧ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਕਮਿਊਨਿਸਟ ਆਗੂਆਂ ਦਾ ਤੁਰ ਜਾਣਾ ਨਾਂ ਸਹਿਯੋਗ ਹੈ ਬਣ ਗਿਆ ਹੈ।


