ਗੁਰਦਾਸਪੁਰ ਤੋਂ ਅਕਾਲੀ ਦਲ ਵਲੋਂ 27 ਸਾਲ ਬਾਅਦ ਆਪਣੇ ਚੋਣ ਨਿਸ਼ਾਨ ‘ਤੇ ਲੋਕ ਸਭਾ ਚੋਣ ਲੜਣ ਕਾਰਨ ਲੋਕਾਂ ‘ਚ ਭਾਰੀ ਉਤਸ਼ਾਹ- ਡਾ. ਚੀਮਾ

ਗੁਰਦਾਸਪੁਰ

ਦੀਨਾਨਗਰ, ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)– ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਪਾਰਟੀ ਦੇ ਟਕਸਾਲੀ ਪਰਿਵਾਰ ਮਰਹੂਮ ਜਥੇਦਾਰ ਦਰਸ਼ਨ ਸਿੰਘ ਕੌਂਟਾ ਅਤੇ ਜਥੇਦਾਰ ਪ੍ਰੀਤਮ ਸਿੰਘ ਕੌਂਟਾ ਦੇ ਪਰਿਵਾਰ ਆਪਣੇ ਗ੍ਰਹਿ ਪਿੰਡ ਕੌਂਟਾ ਵਿਖੇ ਭਾਰੀ ਇਕੱਠ ਕਰਕੇ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਦਿੱਤਾ ਗਿਆ, ਜਿਸ ਵਿਚ ਇਲਾਕੇ ਦੀਆਂ ਵੱਡੀ ਗਿਣਤੀ ਪੰਥਕ ਸ਼ਖਸ਼ੀਅਤਾਂ, ਮੌਜੂਦਾ ਅਤੇ ਸਾਬਕਾ ਸਰਪੰਚ-ਪੰਚ ਹਾਜ਼ਰ ਹੋਏ।
ਇਸ ਮੌਕੇ ਪੰਥਕ ਸ਼ਖ਼ਸੀਅਤਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ 27 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਥਕ ਚੋਣ ਨਿਸ਼ਾਨ ‘ਤੱਕੜੀ’ ਤੋਂ ਚੋਣ ਲੜਣ ਜਾ ਰਿਹਾ ਹੈ, ਜਿਸ ਕਾਰਨ ਪੰਥਕ ਹਲਕਿਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ, ਬੰਦੀ ਸਿੰਘਾਂ ਦੀ ਰਿਹਾਈ, ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਰਕਾਰੀ ਦਖ਼ਲਅੰਦਾਜੀ ਅਤੇ ਦੇਸ਼ ਵਿਚ ਘੱਟ-ਗਿਣਤੀਆਂ ਦੇ ਨਾਲ ਹੋ ਰਹੇ ਅੱਤਿਆਚਾਰ ਦੇ ਵਿਰੋਧ ਵਿਚ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਸਾਥ ਛੱਡਿਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਕੋਲ ਚੋਣਾਂ ਲਈ ਕੋਈ ਏਜੰਡਾ ਹੀ ਨਹੀਂ ਹੈ ਕਿਉਂਕਿ ਇਸ ਨੇ ਘਰ-ਘਰ ਨੌਕਰੀ ਦੇਣ ਤੇ ਨਸ਼ਾ ਖ਼ਤਮ ਕਰਨ ਦੇ ਝੂਠੇ ਵਾਅਦਿਆਂ ਦੇ ਨਾਲ ਪੰਜ ਸਾਲ ਪੰਜਾਬ ਉੱਤੇ ਰਾਜ ਕੀਤਾ ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਵਿਚਲੀ ਭ੍ਰਿਸ਼ਟ ਸਰਕਾਰ ਦਾ ਹੰਕਾਰ ਤੋੜਣ ਲਈ ਲੋਕ ਮਨ ਬਣਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਣਾ ਚਾਹੀਦਾ ਹੈ ਤਾਂ ਜੋ ਪੰਜਾਬ, ਪੰਥ ਅਤੇ ਘੱਟਗਿਣਤੀਆਂ ਦੇ ਹਿਤਾਂ ਦੀ ਆਵਾਜ਼ ਲੋਕ ਸਭਾ ਵਿਚ ਬੁਲੰਦ ਕੀਤੀ ਜਾ ਸਕੇ।
ਇਸ ਮੌਕੇ ਜਥੇਦਾਰ ਮਹਿੰਦਰਪਾਲ ਸਿੰਘ ਕੌਂਟਾ ਨੇ ਦਾਅਵਾ ਕੀਤਾ ਕਿ ਡਾ. ਚੀਮਾ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਹਲਕੇ ਦੀ ਸਮੁੱਚੀ ਟਕਸਾਲੀ ਅਕਾਲੀ ਲੀਡਰਸ਼ਿਪ ਪੱਬਾਂ ਭਾਰ ਹੈ। ਇਸ ਮੌਕੇ ਦੀਨਾਨਗਰ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਕਿਹਾ ਕਿ ਇਸ ਵਾਰ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਡਾ. ਦਲਜੀਤ ਸਿੰਘ ਚੀਮਾ ਇਸੇ ਹਲਕੇ ਦੇ ਜੰਮਪਲ ਅਤੇ ਪੜ੍ਹੇ-ਲਿਖੇ ਸੂਝਵਾਨ ਉਮੀਦਵਾਰ ਹਨ, ਜੋ ਜਿੱਤ ਕੇ ਹਲਕੇ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਮਹਿੰਦਰਪਾਲ ਸਿੰਘ ਕੌਂਟਾ, ਸਵਰਨ ਸਿੰਘ ਸਰਪੰਚ, ਬਲਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਨਾਮ ਸਿੰਘ ਚੌਹਾਨ, ਰਜਵਿੰਦਰ ਸਿੰਘ ਜੋਗਰ, ਲੇਬਰ ਯੂਨੀਅਨ ਸ਼ੂਗਰਫੈੱਡ ਦੇ ਪ੍ਰਧਾਨ ਪੂਰਨ ਚੰਦ, ਸਾਈਂ ਦਾਸ, ਲਖਵਿੰਦਰ, ਜਗਤੇਸ਼ਵਰ, ਕਾਲੀ ਮਾਤਾ ਮੰਦਰ ਪਠਾਨਕੋਟ ਦੇ ਪ੍ਰਧਾਨ ਇੰਦਰਪਾਲ ਚੱਢਾ ਸਮੇਤ ਵੱਡੀ ਗਿਣਤੀ ਅਕਾਲੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *