ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)– ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਗਈ ਸਪੈਸ਼ਲ ਇੰਟੈਨਸਿਵ ਰਵੀਜਨ (SIR) ਦੇ ਅਗਲੇ ਫੇਸ ਦੇ ਸਬੰਧ ਵਿੱਚ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਦਿੱਤਿਆ ਉੱਪਲ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਦੇ ਕਾਨਫਰੰਸ ਹਾਲ ਵਿਖੇ ਇੱਕ ਵਿਸ਼ੇਸ਼ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।
ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਮਾਸਟਰ ਟ੍ਰੇਨਰਾਂ ਵਜੋਂ ਅਸ਼ੋਕ ਕੁਮਾਰ (ਪੀ.ਸੀ.ਐੱਸ., ਐੱਸ.ਡੀ.ਐੱਮ. ਗੁਰਦਾਸਪੁਰ), ਗਗਨਦੀਪ ਸਿੰਘ (ਪੀ.ਸੀ.ਐੱਸ., ਐੱਸ.ਡੀ.ਐੱਮ. ਦੀਨਾਨਗਰ) ਅਤੇ ਸ਼੍ਰੀ ਸਾਰੰਗਪ੍ਰੀਤ ਸਿੰਘ (ਪੀ.ਸੀ.ਐੱਸ., ਐੱਸ.ਡੀ.ਐੱਮ. ਬਟਾਲਾ) ਨੇ ਟ੍ਰੇਨਿੰਗ ਵਿੱਚ ਸ਼ਾਮਲ ਸਮੂਹ ਅਧਿਕਾਰੀਆਂ/ਕਰਮਚਾਰੀਆਂ ਜਾਣਕਾਰੀ ਦਿੱਤੀ ਗਈ ਅਤੇ ਟ੍ਰੇਨਿੰਗ ਪ੍ਰੋਗਰਾਮ ਦੀ ਸਮੁੱਚੀ ਦੇਖ-ਰੇਖ ਗੁਰਸਿਮਰਨ ਸਿੰਘ ਢਿੱਲੋਂ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਵਲੋਂ ਕੀਤੀ ਗਈ।
ਇਸ ਟ੍ਰੇਨਿੰਗ ਵਿੱਚ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ -1 ਅਤੇ 2, ਅਡੀਸ਼ਨਲ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਅਸੈਂਬਲੀ ਲੈਵਲ ਮਾਸਟਰ ਟ੍ਰੇਨਰ, ਸੁਪਰਵਾਈਜ਼ਰ, ਚੋਣ ਕਾਨੂੰਗੋ/ਜੂਨੀਅਰ ਸਹਾਇਕ ਅਤੇ ਡਾਟਾ ਐਂਟਰੀ ਓਪਰੇਟਰ ਆਦਿ ਨੇ ਹਿੱਸਾ ਲਿਆ।
ਟ੍ਰੇਨਿੰਗ ਦੌਰਾਨ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦਾ ਕੰਮ ਪੂਰੀ ਤਨਦੇਹੀ, ਪਾਰਦਰਸ਼ਤਾ ਅਤੇ ਸਮੇਂ ਸਿਰ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਮਨਜਿੰਦਰ ਸਿੰਘ, ਚੋਣ ਤਹਿਸੀਲਦਾਰ, ਸੁਨੀਲ ਕੁਮਾਰ ਚੋਣ ਕਾਨੂੰਗੋ, ਗਗਨਜੋਤ ਸਿੰਘ ਪ੍ਰੋਗਰਾਮਰ, ਗੁਰਪਰਨਾਮ ਸਿੰਘ ਅਤੇ ਅਮਿਤ ਗੁਪਤਾ ਆਦਿ ਹਾਜ਼ਰ ਸਨ।


