ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਸੈਂਕੜੇ ਸ਼ਹੀਦ ਕਿਸਾਨ ਪਰਿਵਾਰਾਂ ਵੱਲੋਂ 1-1 ਪੱਕੀ ਨੌਕਰੀ ਅਤੇ ਬਕਾਇਆ ਮੁਆਵਜ਼ੇ ਦੀ ਮੰਗ ਨੂੰ ਲੈਕੇ ਖੇਤੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਘਰ ਅੱਗੇ ਲਾਏ ਮੋਰਚੇ ਦੀ ਪੂਰਨ ਹਮਾਇਤ

ਗੁਰਦਾਸਪੁਰ

ਗੁਰਦਾਸਪੁਰ 26 ਜਨਵਰੀ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਦਿੱਲੀ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਦੇ ਪਰਿਵਾਰਾਂ ਦੁਆਰਾ 1-1 ਪੱਕੀ ਨੌਕਰੀ ਅਤੇ ਬਕਾਇਆ ਮੁਆਵਜ਼ੇ ਦੀ ਮੰਗ ਨੂੰ ਲੈਕੇ ਖੇਤੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਘਰ ਅੱਗੇ ਲਾਏ ਗਏ ਮੋਰਚੇ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ ਨੇ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪਹਿਲਾਂ ਹੀ ਚੱਲ ਰਹੇ ਸੰਘਰਸ਼ ਵਿੱਚ ਸਮੇਂ ਸਮੇਂ ਤੇ ਪੰਜਾਬ ਸਰਕਾਰ ਕੋਲ ਸ਼ਹੀਦ ਕਿਸਾਨਾਂ ਦੇ ਪ੍ਰੀਵਾਰਾਂ ਦੀ ਇਸ ਮੰਗ ਨੂੰ ਪ੍ਰਮੁੱਖਤਾ ਨਾਲ ਰੱਖਦੇ ਰਹੇ ਹਾਂ। ਪਰ ਸਰਕਾਰ ਟਾਲਮਟੋਲ ਵਾਲੀ ਨੀਤੀ ਅਖਤਿਆਰ ਕਰੀ ਬੈਠੀ ਹੈ। ਖੁਦ ਪੀੜਤ ਪਰਿਵਾਰਾਂ ਵੱਲੋਂ ਤਿੱਖੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਚੰਗਾ ਉੱਦਮ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੀ ਕੇਂਦਰੀ ਭਾਜਪਾ ਸਰਕਾਰ ਵਾਂਗ ਹੀ ਕਿਸਾਨੀ ਮੰਗਾਂ ਨੂੰ ਰੋਲਣ ਦੀ ਨੀਤੀ ਉੱਤੇ ਚੱਲ ਰਹੀ ਹੈ,ਜੋ ਕਿ ਅਤੀ ਨਿੰਦਣਯੋਗ ਵਤੀਰਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਤੋਂ ਹੀ ਇਸ ਧਰਨੇ ਵਿੱਚ ਜੱਥੇ ਭੇਜਣ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਵਿਰੁੱਧ ਲਾਗੇ ਇਸ ਮੋਰਚੇ ਵਿੱਚ ਪਹਿਲ ਦੇ ਅਧਾਰ ਉੱਤੇ ਯੋਗਦਾਨ ਪਾਇਆ ਜਾਵੇ।

Leave a Reply

Your email address will not be published. Required fields are marked *