ਮੁੜ ਵਸੇਬੇ ਲਈ ਰਣਨੀਤੀ ਬਣਾਏ ਕੇਂਦਰ ਸਰਕਾਰ
ਮਾਨਸਾ, ਗੁਰਦਾਸਪੁਰ, 26 ਜਨਵਰੀ (ਸਰਬਜੀਤ ਸਿੰਘ)- ਅਯੁੱਧਿਆ ਚ ਰਾਮ ਮੰਦਰ ਨੂੰ ਜਾ ਰਹੇ ਰਾਮ ਪੱਥ ਬਣਾਏ ਜਾਣ ਲਈ ਉਜਾੜੇ ਦਾ ਸ਼ਿਕਾਰ ਹੋਈਆਂ 2200ਦੁਕਾਨਾਂ,800ਘਰਾਂ ਦੇ ਮੁੜ ਵਸੇਬੇ ਲਈ ਠੋਸ ਨੀਤੀ ਬਣਾਏ ਜਾਣ ਦੀ ਮੰਗ ਕਰਦੇ ਹੋਏ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਸਥਾਨਿਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਆਗੂ ਗਗਨ ਖੋਖਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਜਿੱਥੇ ਰਾਮ ਮੰਦਰ ਦਾ ਉਦਘਾਟਨ ਕਰਕੇ ਭਾਰਤੀ ਸੰਵਿਧਾਨ ਦੇ ਧਰਮ ਨਿਰਪੱਖਤਾ ਵਾਲੇ ਸਰੂਪ ਦੀਆਂ ਧੱਜੀਆਂ ਉਡਾਈਆਂ ਹਨ, ਉੱਥੇ ਠੰਢ ਦੇ ਮੌਸਮ ਵਿਚ ਹਜ਼ਾਰਾਂ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਨੂੰ ਉਜਾੜ ਕੇ ਰੁਜ਼ਗਾਰੋਂ ਬੇਰੁਜ਼ਗਾਰ ਤੇ ਘਰੋਂ ਬੇਘਰ ਕਰ ਦਿੱਤਾ ਹੈ । ਲੋਕਾਂ ਦੇ ਇਸ ਉਜਾੜੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਉਜਾੜੇ ਦਾ ਸ਼ਿਕਾਰ ਲੋਕਾਂ ਤੋਂ ਤੁਰੰਤ ਮੁਆਫ਼ੀ ਮੰਗਦੇ ਹੋਏ, ਲੋਕਾਂ ਦੇ ਮੁੜ ਵਸੇਬੇ ਦੀ ਨੀਤੀ ਬਣਾਈ ਜਾਣੀ ਚਾਹੀਦੀ ਹੈ। ਇਸਤੋਂ ਇਲਾਵਾ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਚ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਵੱਲੋਂ ਸਿਰਫ 52ਸਵਾਰੀਆਂ ਚੜਾਉਣ ਦੇ ਫੈਸਲੇ ਕਾਰਨ ਵਿਦਿਆਰਥੀਆਂ ਨੂੰ ਵੀ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਆਇਸਾ ਆਗੂਆਂ ਨੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਦੇ ਇਸ ਕਾਨੂੰਨ ਖ਼ਿਲਾਫ਼ ਡੱਟਣ ਦੀ ਅਪੀਲ ਕਰਦਿਆਂ ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਤੇ ਲਾਗੂ ਕਰਨ ਲਈ ਵਿਧਾਨ ਸਭਾ ਚ ਮਤਾ ਪਾਸ ਕਰਨ ਦੀ ਮੰਗ ਕੀਤੀ ਅਤੇ ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ ਤਾਂ ਕਿ ਭਵਿੱਖ ਵਿਚ ਆਮ ਲੋਕਾਂ ਤੇ ਰੋਡਵੇਜ਼ ਮੁਲਾਜ਼ਮਾਂ ਵਿੱਚ ਕੋਈ ਅਣਸੁਖਾਵਾਂ ਟਕਰਾਅ ਨਾ ਹੋ ਸਕੇ।ਇਸ ਮੌਕੇ ਆਇਸਾ ਵੱਲੋਂ ਵਿਦਿਆਰਥੀ ਬੱਸ ਪਾਸ, ਨਵੀਂ ਸਿੱਖਿਆ ਨੀਤੀ ਦੇ ਵਿਰੋਧ ਵਿਚ ਅਤੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਵਾਲੀ ਨੀਤੀ ਖਿਲਾਫ ਡੱਟਣ ਦੀ ਅਪੀਲ ਵੀ ਕੀਤੀ ਗਈ।