ਡੀ.ਸੀ. ਦਫਤਰ ਇੰਪਲਾਇਜ਼ ਯੂਨੀਅਨ, ਗੁਰਦਾਸਪੁਰ ਵੱਲੋਂ ਮਹਾਂਰੈਲੀ ਦਾ ਪੂਰਨ ਸਮਰਥਨ
ਮੀਡੀਆ ਵਿਚ ਜਾਰੀ ਰਿਪੋਰਟਾਂ ਰਾਹੀਂ ਸਰਕਾਰ ਨੇ ਮੁਲਾਜ਼ਮ ਵਿਰੋਧੀ ਸਟੈਂਡ ਦਾ ਦਿੱਤਾ ਸਪੱਸ਼ਟ ਇਸ਼ਾਰਾ : ਪ੍ਰਧਾਨ ਲੱਖਵਿੰਦਰ ਸਿੰਘ ਗੁਰਾਇਆ
ਗੁਰਦਾਸਪੁਰ, 6 ਅਗਸਤ (ਸਰਬਜੀਤ ਸਿੰਘ)– ਡੀ.ਸੀ. ਦਫਤਰ ਇੰਪਲਾਇਜ਼ ਯੂਨੀਅਨ, ਪੰਜਾਬ ਨੇ ਮੁਲਾਜ਼ਮ ਵਰਗ ਵੱਲੋਂ ਮਿਤੀ 7 ਅਗੱਸਤ, 2026 ਨੂੰ ਦਾਣਾ ਮੰਡੀ, ਸੈਕਟਰ 39, ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਮਹਾਂਰੈਲੀ ਅਤੇ ਰੋਸ ਮਾਰਚ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ ਹੈ।ਇਸ ਸਬੰਧੀ ਯੂਨੀਅਨ ਦੀ ਗੁਰਦਾਸਪੁਰ ਯੂਨਿਟ ਦੇ ਪ੍ਰਧਾਨ ਸ: ਲੱਖਵਿੰਦਰ ਸਿੰਘ ਅਤੇ ਜਨਰਲ ਸਕੱਤਰ, ਸਰਬਜੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ 7 ਅਗੱਸਤ ਦੀ ਇਸ ਰੈਲੀ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਕਰਮਚਾਰੀ ਡੀ.ਸੀ. ਦਫਤਰ, ਐਸ.ਡੀ.ਐਮ. ਦਫਤਰ, ਤਹਿਸੀਲ ਦਫਤਰ ਵੱਡੀ ਗਿਣਤੀ ਵਿਚ ਇਸ ਰੈਲੀ ਵਿੱਚ ਭਾਗ ਲੈਣਗੇ।
ਡੀ.ਏ. ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦਾ ਜਿ਼ਕਰ ਕਰਦਿਆਂ ਪ੍ਰਧਾਨ ਜੀ ਨੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਬਾਕੀਆਂ ਨਾਲੋਂ ਵੱਧ ਦੱਸ ਕੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਸੀਲਬੰਦ ਰਿਪੋਰਟ ਨੂੰ ਹਾਲਾਂਕਿ ਮਾਨਯੋਗ ਹਾਈਕੋਰਟ ਵੱਲੋਂ ਖ਼ਾਰਜ ਕੀਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਸ ਨੂੰ ਮੁੜ ਮੀਡੀਆ ਵਿਚ ਜਾਰੀ ਕਰਕੇ ਆਪਣੇ ਮੁਲਾਜ਼ਮ ਵਿਰੋਧੀ ਰਵੱਈਏ ਦਾ ਸਪੱਸ਼ਟ ਇਸ਼ਾਰਾ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਮੁਲਾਜ਼ਮ ਵਿਰੋਧੀ ਰਵੱਈਏ ਕਾਰਨ ਮੁਲਾਜ਼ਮ ਸੜਕਾਂ ਉਪਰ ਆਉਣ ਲਈ ਮਜਬੂਰ ਹਨ।ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ 18 ਪ੍ਰਤੀਸ਼ਤ ਬਕਾਇਆ ਡੀ.ਏ. ਤੁਰੰਤ ਜਾਰੀ ਕੀਤਾ ਜਾਵੇ।ਪੰਜਾਬ ਤਨਖ਼ਾਹ ਸਕੇਲ ਲਾਗੂ ਕੀਤਾ ਜਾਵੇ।ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।ਕੱਟੇ ਗਏ ਸਮੂਹ ਭੱਤਿਆਂ ਦੀ ਬਹਾਲੀ ਕੀਤੀ ਜਾਵੇ।
ਯੂਨੀਅਨ ਆਗੂਆਂ ਨੇ ਸਾਂਝ ਤੌਰ ਤੇ ਦੱਸਿਆ ਕਿ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਉਲੀਕੀ ਗਈ ਇਸ ਮਹਾਂ ਰੈਲੀ ਵਿਚ 7 ਅਗੱਸਤ ਨੂੰ ਵੱਡੀ ਗਿਣਤੀ ਵਿਚ ਸੈਕਟਰ 39, ਚੰਡੀਗੜ੍ਹ ਵਿਖੇ ਪਹੁੰਚ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ ।



