ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਲਈ ਅਰਜ਼ੀਆਂ ਲੈਣ ਦੀ ਤਾਰੀਕ ਵਿੱਚ 17 ਅਕਤੂਬਰ ਤੱਕ ਕੀਤਾ ਵਾਧਾ
ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਦੇ ਡਰਾਅ ਹੁਣ 18 ਅਕਤੂਬਰ ਨੂੰ ਕੱਢੇ ਜਾਣਗੇ
ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ ) – ਦੀਵਾਲੀ ਦੇ ਤਿਉਹਾਰ ਮੌਕੇ ਬਟਾਲਾ ਅਤੇ ਦੀਨਾਨਗਰ ਸ਼ਹਿਰਾਂ ਵਿੱਚ ਪਟਾਖੇ ਵੇਚਣ ਦਾ ਆਰਜ਼ੀ ਲਾਇਸੰਸ ਲੈਣ ਸਬੰਧੀ ਆਈਆਂ ਦਰਖਾਸਤਾਂ ਦਾ ਡਰਾਅ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਡੀਆ ਅਤੇ ਦਰਖਾਸਤਾਂ ਦੇਣ ਵਾਲੇ ਵਿਅਕਤੀਆਂ ਦੀ ਹਾਜ਼ਰੀ ਵਿੱਚ ਕੱਢਿਆ ਗਿਆ। ਇਸ ਮੌਕੇ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਧ ਬੰਬਾ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਸ਼ਹਿਰਾਂ ਲਈ ਆਰਜ਼ੀ ਲਾਇਸੰਸ ਦੀਆਂ ਦਰਖਾਸਤਾਂ ਘੱਟ ਹੋਣ ਕਾਰਨ 17 ਅਕਤੂਬਰ 2022 ਸ਼ਾਮ 5:00 ਤੱਕ ਦਰਖਾਸਤਾਂ ਲੈਣ ਦੀ ਤਾਰੀਕ ਵਿੱਚ ਵਾਧਾ ਕੀਤਾ ਗਿਆ ਹੈ ਅਤੇ 18 ਅਕਤੂਬਰ 2022 ਨੂੰ ਇਨ੍ਹਾਂ ਸ਼ਹਿਰਾਂ ਲਈ ਡਰਾਅ ਕੱਢੇ ਜਾਣਗੇ।
ਬਟਾਲਾ ਸ਼ਹਿਰ ਵਿੱਚ ਪਟਾਖੇ ਵੇਚਣ ਲਈ 5 ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣੇ ਸਨ ਅਤੇ ਇਸ ਲਈ ਕੁੱਲ 53 ਦਰਖਾਸਤਾਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚੀਆਂ ਸਨ। ਇਨ੍ਹਾਂ 5 ਆਰਜ਼ੀ ਲਾਇਸੰਸ ਲਈ ਡਰਾਅ ਕੱਢੇ ਗਏ। ਦੀਨਾਨਗਰ ਸ਼ਹਿਰ ਲਈ 3 ਆਰਜ਼ੀ ਲਾਇਸੰਸ ਲਈ 20 ਦਰਖਾਸਤਾਂ ਆਈਆਂ ਸਨ ਜਿਨ੍ਹਾਂ ਵਿੱਚੋਂ 3 ਡਰਾਅ ਕੱਢੇ ਗਏ। ਡਰਾਅ ਕੱਢਣ ਦੀ ਸਾਰੀ ਕਾਰਵਾਈ ਪੂਰੀ ਤਰਾਂ ਪਾਰਦਰਸ਼ੀ ਸੀ ਅਤੇ ਮੀਡੀਆ ਕਵਰੇਜ ਦੇ ਨਾਲ ਇਸਦੀ ਵੀਡੀਓਗ੍ਰਾਫੀ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਟਾਲਾ ਸ਼ਹਿਰ ਵਿੱਚ ਪਟਾਖੇ ਵੇਚਣ ਲਈ ਪਸ਼ੂ ਮੰਡੀ ਬਟਾਲਾ ਅਤੇ ਦੀਨਾਨਗਰ ਸ਼ਹਿਰ ਵਿੱਚ ਦੁਸ਼ਹਿਰਾ ਗਰਾਉਂਡ ਦੀ ਥਾਂ ਨਿਰਧਾਰਤ ਕੀਤੀ ਗਈ ਹੈ ਅਤੇ ਇਥੇ ਕੇਵਲ ਆਰਜ਼ੀ ਲਾਇਸੰਸ ਧਾਰਕ ਹੀ ਪਟਾਖੇ ਵੇਚ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿੱਚ 4 ਆਰਜ਼ੀ ਲਾਇਸੰਸ ਅਤੇ ਡੇਰਾ ਬਾਬਾ ਨਾਨਕ ਵਿੱਚ 3 ਆਰਜ਼ੀ ਲਾਇਸੰਸ ਦਿੱਤੇ ਜਾਣੇ ਹਨ ਅਤੇ ਦੋਵਾਂ ਸ਼ਹਿਰਾਂ ਲਈ ਕਰਮਵਾਰ 2, 2 ਦਰਖਾਸਤਾਂ ਹੀ ਆਈਆਂ ਸਨ। ਦਰਖਾਸਤਾਂ ਘੱਟ ਹੋਣ ਕਾਰਨ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਸ਼ਹਿਰਾਂ ਲਈ ਦਰਖਾਸਤਾਂ ਲੈਣ ਦੀ ਤਾਰੀਕ 17 ਅਕਤੂਬਰ ਦਿਨ ਸੋਮਵਾਰ ਸ਼ਾਮ 5:00 ਵਜੇ ਤੱਕ ਵਧਾ ਦਿੱਤੀ ਗਈ ਅਤੇ ਅਗਲੇ ਦਿਨ ਮੰਗਲਵਾਰ ਮਿਤੀ 18 ਅਕਤੂਬਰ ਨੂੰ ਡਰਾਅ ਕੱਢੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸ਼ਹਿਰਾਂ ਲਈ ਪਟਾਖੇ ਵੇਚਣ ਦੇ ਚਾਹਵਾਨ ਆਰਜ਼ੀ ਲਾਇਸੰਸ ਲਈ ਆਪਣੀਆਂ ਅਰਜ਼ੀਆਂ ਅਪਲਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਬਟਾਲਾ ਅਤੇ ਦੀਨਾਨਗਰ ਸ਼ਹਿਰਾਂ ਦੇ ਡਰਾਅ ਰਾਹੀਂ ਆਰਜ਼ੀ ਲਾਇਸੰਸ ਲੈਣ ਵਾਲੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਪਟਾਖਿਆਂ ਨੂੰ ਸਟੋਰ ਕਰਨ ਅਤੇ ਵੇਚਣ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇ।