ਵੱਖ ਵੱਖ ਵਿਭਾਗਾਂ ਵਲੋਂ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਸਮੱਸਿਆਵਾਂ ਦਾ ਕੀਤਾ ਜਾ ਰਿਹਾ ਨਿਪਟਾਰਾ
ਗੁਰਦਾਸਪੁਰ, 5 ਜੁਲਾਈ (ਸਰਬਜੀਤ ਸਿੰਘ)– ਆਦਿਤਿਆ ਉੱਪਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਨਿਸ਼ਚਿਤ ਸਮੇਂ ਅੰਦਰ ਮੁਸ਼ਕਿਲਾਂ ਹੱਲ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਚਰਨਜੀਤ ਸਿੰਘ ਪਾਰੋਵਾਲ, ਜ਼ਿਲ੍ਹਾ ਇੰਚਾਰਜ ਟਰੇਡਰਜ਼ ਕਮਿਸ਼ਨ ਗੁਰਦਾਸਪੁਰ, ਜੁਗਰਾਜ ਸਿੰਘ ਐਸ ਪੀ (ਐੱਚ) ਗੁਰਦਾਸਪੁਰ, ਰਮਨਦੀਪ ਸਿੰਘ ਐਸ ਪੀ ਬਟਾਲਾ, ਡੀ.ਡੀ.ਪੀ.ਓ ਹਰਪ੍ਰੀਤ ਸਿੰਘ ਸਮੇਤ ਹਲਕਿਆਂ ਦੇ ਚੇਅਰਮੈਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਮੂਹ ਅਧਿਕਾਰੀਆਂ ਨੂੰ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਰੈਗੂਲਰ ਮੀਟਿੰਗ ਕਰਨ ਦਾ ਮੁੱਖ ਇਹੀ ਮੰਤਵ ਹੈ ਕਿ ਮੁਸ਼ਕਿਲਾਂ ਨੂੰ ਸਮੇਂ ਸਿਰ ਹੱਲ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਹਲਕਾ ਵਾਈਜ਼ ਪੋਰਟਲ ‘ਤੇ ਪ੍ਰਾਪਤ ਸਮੱਸਿਆਵਾਂ ਸਬੰਧੀ ਵੱਖ ਵੱਖ ਵਿਭਾਗਾਂ ਵਲੋਂ ਕੀਤੇ ਗਏ ਕੰਮਾਂ ਅਤੇ ਜਿਨ੍ਹਾਂ ਮੁਸ਼ਕਿਲਾਂ ਦਾ ਨਿਪਟਾਰਾ ਅਜੇ ਤੱਕ ਨਹੀ ਕੀਤਾ ਗਿਆ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਲਈ ਗਈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਰਹਿੰਦੀਆਂ ਮੁਸ਼ਕਿਲਾਂ ਦਾ ਜਲਦ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਅਧਿਕਾਰੀਆਂ ਦੱਸਿਆ ਕਿ ਟਰੇਡਰਸ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਪੇਡਿੰਗ ਮੁਸ਼ਕਿਲਾਂ ਨੂੰ ਵੀ ਜਲਦ ਹੱਲ ਕਰ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਜਿਲ੍ਹਾ ਟਰੇਡਰਜ਼ ਕਮਿਸ਼ਨ ਵਲੋਂ ਵੱਖ ਵੱਖ ਮੁਸ਼ਕਿਲਾਂ ਦੱਸੀਆਂ ਗਈਆਂ ਜਿਵੇਂ ਬਿਜਲੀ ਦੀਆਂ ਤਾਰਾਂ ਉੱਚੀਆਂ ਕਰਨ ਸਬੰਧੀ, ਸਟਰੀਟ ਲਾਈਟਾਂ ਲਗਾਉਣ ਸਬੰਧੀ, ਫਾਸਟ ਫੂਡ ਰੇਹੜੀਆਂ ਦੀ ਚੈਕਿੰਗ ਕਰਨ ਸਬੰਧੀ, ਸੀਵਰੇਜ਼ ਦੀ ਸਮੱਸਿਆ, ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ, ਟਰੈਫਿਕ ਦੀ ਸਮੱਸਿਆ, ਟਰੈਫਿਕ ਲਾਈਟਾਂ ਲਗਾਉਣ, ਸਫਾਈ ਸਬੰਧੀ, ਬਾਜਾਰਾਂ ਵਿਚੋਂ ਨਾਜਾਇਜ਼ ਕਬਜੇ ਹਟਾਉਣ, ਬਾਜਾਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਸਬੰਧੀ, ਨਾਲਿਆਂ ਦੀ ਸਫਾਈ ਕਰਵਾਉਣ ਆਦਿ ਸਬੰਧੀ ਮੁਸ਼ਕਿਲਾਂ ਦੱਸੀਆਂ ਗਈਆਂ।


