ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਵਾਲੀ ਟੀਮ ਵੱਲੋਂ ਰੈਕ ਪੁਆਇੰਟ ’ਤੇ ਖਾਦਾਂ ਦੀ ਅਚਨਚੇਤ ਚੈਕਿੰਗ , ਜ਼ਿਲ੍ਹੇ ਭਰ ਵਿੱਚ ਕੀਤਾ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ

ਗੁਰਦਾਸਪੁਰ

ਖਾਦਾਂ ਨਾਲ ਹੋਰ ਖੇਤੀ ਇਨਪੁੱਟ ਦੀ ਟੈਗਿੰਗ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਡਾ. ਸ਼ਹਿਬਾਜ਼ ਸਿੰਘ ਚੀਮਾ

ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)— ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਸ਼ਹਿਬਾਜ਼ ਸਿੰਘ ਚੀਮਾ ਵੱਲੋਂ ਅੱਜ ਵਿਭਾਗੀ ਅਧਿਕਾਰੀਆਂ ਦੀ ਟੀਮ ਸਮੇਤ ਬਟਾਲਾ ਸਥਿਤ ਰੈਕ ਪੁਆਇੰਟ ਦਾ ਅਚਨਚੇਤ ਦੌਰਾ ਕਰਕੇ ਖਾਦਾਂ ਦੇ ਸਟਾਕ, ਭੰਡਾਰਨ, ਆਮਦ-ਰਫ਼ਤ ਅਤੇ ਰਿਕਾਰਡ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ।

ਡਾ. ਸ਼ਹਿਬਾਜ਼ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨਾਂ ਨੂੰ ਨਿਰਧਾਰਿਤ ਦਰਾਂ ’ਤੇ ਖਾਦਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਅਤੇ ਖਾਦ ਕੰਟਰੋਲ ਆਰਡਰ–1985 ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਮੰਤਵ ਨਾਲ ਇਹ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਹੈ। ਜਾਂਚ ਦੌਰਾਨ ਖਾਦਾਂ ਦੇ ਸਟਾਕ ਰਜਿਸਟਰ, ਵਿਕਰੀ ਰਿਕਾਰਡ, ਬਿੱਲਾਂ, ਆਵਾਜਾਈ ਸਬੰਧੀ ਦਸਤਾਵੇਜ਼ਾਂ ਅਤੇ ਭੰਡਾਰਨ ਪ੍ਰਬੰਧਾਂ ਦੀ ਬਰੀਕੀ ਨਾਲ ਪੜਤਾਲ ਕੀਤੀ ਗਈ।

ਇਸ ਉਪਰੰਤ ਬਟਾਲਾ ਵਿਖੇ ਜ਼ਿਲ੍ਹੇ ਦੇ ਖਾਦ ਥੋਕ ਵਿਕਰੇਤਾਵਾਂ ਨਾਲ ਮੀਟਿੰਗ ਕਰਦਿਆਂ ਡਾ. ਚੀਮਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਖਾਦਾਂ ਦੇ ਨਾਲ ਕੀਟਨਾਸ਼ਕ, ਨਦੀਨਨਾਸ਼ਕ, ਬੀਜ, ਮਾਈਕਰੋ ਨਿਊਟ੍ਰੀਐਂਟਸ, ਬਾਇਓ ਫਰਟੀਲਾਈਜ਼ਰ ਜਾਂ ਕਿਸੇ ਹੋਰ ਖੇਤੀ ਇਨਪੁੱਟ ਦੀ ਟੈਗਿੰਗ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਆਪਣੀ ਲੋੜ ਅਨੁਸਾਰ ਸਿਰਫ਼ ਖਾਦ ਖਰੀਦਣ ਦਾ ਪੂਰਾ ਅਧਿਕਾਰ ਹੈ ਅਤੇ ਕਿਸੇ ਵੀ ਡੀਲਰ ਜਾਂ ਥੋਕ ਵਿਕਰੇਤਾ ਵੱਲੋਂ ਹੋਰ ਸਮਾਨ ਖਰੀਦਣ ਲਈ ਮਜਬੂਰ ਕਰਨਾ ਕਾਨੂੰਨੀ ਨਿਯਮਾਂ ਦੀ ਉਲੰਘਣਾ ਹੈ।

ਉਨ੍ਹਾਂ ਸਮੂਹ ਥੋਕ ਵਿਕਰੇਤਾਵਾਂ ਨੂੰ ਖਾਦ ਕੰਟਰੋਲ ਆਰਡਰ–1985 ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨ, ਸਟਾਕ ਅਤੇ ਵਿਕਰੀ ਸਬੰਧੀ ਰਿਕਾਰਡ ਨਿਯਮਤ ਤੌਰ ’ਤੇ ਅਪਡੇਟ ਰੱਖਣ ਅਤੇ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਡੀਲਰ ਜਾਂ ਵਿਕਰੇਤਾ ਵੱਲੋਂ ਖਾਦਾਂ ਦੀ ਟੈਗਿੰਗ ਜਾਂ ਹੋਰ ਕਿਸੇ ਤਰ੍ਹਾਂ ਦੀ ਬੇਨਿਯਮੀ ਕੀਤੀ ਗਈ ਤਾਂ ਉਸ ਖ਼ਿਲਾਫ਼ ਖਾਦ ਕੰਟਰੋਲ ਆਰਡਰ–1985 ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡਾ. ਚੀਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿੱਚ ਖਾਦਾਂ ਦੀ ਸਪਲਾਈ, ਭੰਡਾਰਨ ਅਤੇ ਵਿਕਰੀ ’ਤੇ ਨਿਰੰਤਰ ਨਿਗਰਾਨੀ ਰੱਖਣ ਲਈ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਜ਼ਿਲ੍ਹੇ ਦੇ ਰੈਕ ਪੁਆਇੰਟਾਂ, ਥੋਕ ਅਤੇ ਪ੍ਰਚੂਨ ਵਿਕਰੇਤਾਵਾਂ ਦੇ ਅਦਾਰਿਆਂ ਅਤੇ ਗੋਦਾਮਾਂ ਦੀ ਅਚਨਚੇਤ ਜਾਂਚ ਕਰਨਗੀਆਂ। ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਸਾਹਮਣੇ ਆਉਣ ’ਤੇ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *