ਆਪਣੀਆਂ ਧੀਆਂ ਦੇ ਬੇਹਤਰ ਭਵਿੱਖ ਲਈ ਸੁਕੰਨਿਆ ਸਮਰਿਥੀ ਯੋਜਨਾ ਤਹਿਤ ਬਚਤ ਖਾਤਾ ਜਰੂਰ ਖੁਲਵਾਇਆ ਜਾਵੇ – ਡਿਪਟੀ ਕਮਿਸ਼ਨਰ

ਗੁਰਦਾਸਪੁਰ

0 ਤੋਂ 10 ਸਾਲ ਤੱਕ ਦੀਆਂ ਬੱਚੀਆਂ ਦਾ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਖੁਲਵਾਇਆ ਜਾ ਸਕਦਾ ਹੈ ਬਚਤ ਖਾਤਾ

ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਧੀਆਂ ਦੇ ਬੇਹਤਰ ਭਵਿੱਖ ਲਈ ਡਾਕਖਾਨੇ ਵਿੱਚ ਚੱਲ ਰਹੀ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਜਮ੍ਹਾਂ ਖਾਤਾ ਜਰੂਰ ਖੁਲਵਾਉਣ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਉਦੇਸ਼ ਬੱਚੀ ਦੀ ਭਲਾਈ ਨੂੰ ਉਤਸ਼ਾਹਿਤ ਕਰਨਾ ਅਤੇ ਭਵਿੱਖ ਵਿੱਚ ਬੱਚੀ ਦੀ ਪੜ੍ਹਾਈ ਅਤੇ ਵਿਆਹ ਦੇ ਖਰਚੇ ਨੂੰ ਪੂਰਾ ਕਰਨਾ ਹੈ।

ਸੁਕੰਨਿਆ ਸਮਰਿਧੀ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 0 ਤੋਂ 10 ਸਾਲ ਉਮਰ ਤੱਕ ਦੀ ਬੱਚੀ ਦੇ ਨਾਮ ’ਤੇ ਖਾਤਾ ਖੋਲ੍ਹਿਆ ਜਾ ਸਕਦਾ ਹੈ। ਬੱਚੀ ਦੇ ਮਾਤਾ/ਪਿਤਾ/ਕਾਨੂੰਨੀ ਸਰਪ੍ਰਸਤ ਜੋ ਭਾਰਤ ਦਾ ਨਾਗਰਿਕ ਅਤੇ ਨਿਵਾਸੀ ਹੈ, ਬੱਚੀ ਦੀ ਤਰਫੋਂ ਖਾਤਾ ਬੈਂਕ/ਡਾਕਖਾਨਾ ਵਿੱਚ ਖੁਲਵਾ ਸਕਦਾ ਹੈ। ਦੋ ਲੜਕੀਆਂ (ਜਾਂ ਜੁੜਵਾਂ ਲੜਕੀਆਂ ਦੇ ਮਾਮਲੇ ਵਿੱਚ ਵੱਧ ਤੋਂ ਵੱਧ ਤਿੰਨ) ਤੱਕ ਦੇ ਖਾਤੇ ਖੋਲ੍ਹੇ ਜਾ ਸਕਦੇ ਹਨ। ਹਰੇਕ ਬੱਚੀ ਲਈ ਵਿਅਕਤੀਗਤ ਖਾਤਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਘੱਟੋ-ਘੱਟ 250 ਰੁਪਏ ਪ੍ਰਤੀ ਸਾਲ ਅਤੇ ਵੱਧ ਤੋਂ ਵੱਧ 1.50 ਲੱਖ ਰੁਪਏ ਪ੍ਰਤੀ ਸਾਲ ਜਮ੍ਹਾਂ ਕਰਵਾ ਸਕਦੇ ਹਨ। ਖਾਤਾ ਭਾਰਤ ਵਿੱਚ ਕਿਤੇ ਵੀ ਇੱਕ ਪੋਸਟ ਆਫਿਸ/ਬੈਂਕ ਤੋਂ ਦੂਜੇ ਵਿੱਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਸੁਕੰਨਿਆ ਸਮਰਿਧੀ ਯੋਜਨਾ ਤਹਿਤ ਜਮ੍ਹਾਂ ਰਾਸ਼ੀ ਉੱਪਰ 7.6 ਫੀਸਦੀ ਪ੍ਰਤੀ ਸਾਲ ਸਲਾਨਾ ਅਧਾਰ ’ਤੇ ਗਿਣਿਆ ਜਾਂਦਾ ਹੈ। ਭਾਰਤ ਸਰਕਾਰ ਹਰ ਵਿੱਤੀ ਸਾਲ ਲਈ ਵਿਆਜ ਦਰ ਦਾ ਐਲਾਨ ਕਰਦੀ ਹੈ।

ਖਾਤੇ ਵਿੱਚ ਰਾਸ਼ੀ ਖਾਤਾ ਖੋਲ੍ਹਣ ਦੀ ਮਿਤੀ ਤੋਂ 15 ਸਾਲ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ ਅਤੇ ਇਸ ਖਾਤੇ ਦੀ ਮਿਆਦ ਖਾਤਾ ਖੋਲ੍ਹਣ ਦੀ ਮਿਤੀ ਤੋਂ 21 ਸਾਲ ਪੂਰੀ ਹੋਣ ਤੱਕ ਹੋਵੇਗੀ। ਖਾਤਾ ਧਾਰਕ ਖਾਤਾ ਖੁੱਲਣ ਦੀ ਮਿਤੀ ਤੋਂ 21 ਸਾਲ ਪੂਰੇ ਹੋਣ ’ਤੇ ਜਮ੍ਹਾਂ ਕੀਤੀ ਸਾਰੀ ਰਾਸ਼ੀ ਕਢਵਾ ਸਕਦਾ ਹੈ। ਖਾਤਾਧਰਕ ਦੀ ਮੌਤ ਦੀ ਸਥਿਤੀ ਵਿੱਚ ਸਮੇਂ ਤੋਂ ਪਹਿਲਾਂ ਖਾਤਾ ਬੰਦ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਖਾਤਾ ਖੋਲ੍ਹਣ ਦੀ ਮਿਤੀ ਤੋਂ 21 ਸਾਲ ਪੂਰੇ ਹੋਣ ਤੋਂ ਬਾਅਦ ਹੀ ਕਢਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਬੱਚੀ ਦੀ ਪੜ੍ਹਾਈ ਲਈ ਅੰਸ਼ਿਕ ਰੂਪ ਵਿੱਚ ਰਾਸ਼ੀ ਕਢਵਾਉਣ ਦੀ ਇਜਾਜਤ ਉਸਦੇ 10ਵੀਂ ਜਮਾਤ ਪਾਸ ਕਰਨ ਜਾਂ 18 ਸਾਲ ਉਮਰ ਪੂਰੀ ਹੋਣ ’ਤੇ ਜੋ ਵੀ ਪਹਿਲਾਂ ਹੋਵੇ ਉਦੋਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੁਕੰਨਿਆ ਸਮਰਿਧੀ ਤਹਿਤ ਜਮ੍ਹਾਂ ਕਰਵਾਈ ਸਾਰੀ ਰਾਸ਼ੀ ’ਤੇ ਖਾਤਾ ਧਾਰਕ ਨੂੰ ਇਨਕਮ ਟੈਕਸ ਐਕਟ ਦੇ ਸੈਕਸ਼ਨ 80-ਸੀ ਤਹਿਤ ਛੋਟ ਹਾਸਲ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਧੀਆਂ ਦੇ ਬੇਹਤਰ ਭਵਿੱਖ ਲਈ ਸੁਕੰਨਿਆ ਸਮਰਿਥੀ ਯੋਜਨਾ ਤਹਿਤ ਬਚਤ ਖਾਤਾ ਜਰੂਰ ਖੁਲਵਾਉਣ।

Leave a Reply

Your email address will not be published. Required fields are marked *