ਗੁਰਦਾਸਪੁਰ, 30 ਜੁਲਾਈ (ਸਰਬਜੀਤ ਸਿੰਘ)– ਐੱਸ.ਐੱਸ ਪੀ ਆਦਿਤਿਆ ਦੀ ਅਗਵਾਈ ਵਿੱਚ ਅੱਜ ਗੁਰਦਾਸਪੁਰ ਪੁਲਸ ਨੇ ਐੱਸ.ਐੱਸ.ਪੀ. ਦਫ਼ਤਰ, ਗੁਰਦਾਸਪੁਰ ਵਿਖੇ CEIR (Central Equipment Identity Register) ਹੈਲਪਲਾਈਨ ਪੋਰਟਲ ਤਹਿਤ ਇੱਕ ਵਿਸ਼ੇਸ਼ ਮੋਬਾਈਲ ਫੋਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ 120 ਗੁੰਮ ਅਤੇ ਖੋਏ ਹੋਏ ਮੋਬਾਈਲ ਫੋਨ ਸਫਲਤਾਪੂਰਵਕ ਬਰਾਮਦ ਕਰਕੇ ਉਹਨਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ।
ਇਹ ਕਾਰਵਾਈ ਐੱਸ.ਐੱਸ.ਪੀ. ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਗੁਰਦਾਸਪੁਰ ਪੁਲਸ ਵੱਲੋਂ ਡਿਜ਼ੀਟਲ ਟ੍ਰੈਕਿੰਗ ਤਕਨੀਕਾਂ ਅਤੇ CEIR ਪੋਰਟਲ ਦੀ ਸਹਾਇਤਾ ਨਾਲ ਗੁੰਮ ਅਤੇ ਖੋਏ ਹੋਏ ਮੋਬਾਈਲ ਫੋਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਟ੍ਰੇਸ ਕੀਤਾ ਗਿਆ। ਅਸਲ ਮਾਲਕਾਂ ਦੀ ਤਸਦੀਕ ਉਪਰੰਤ ਵੱਖ-ਵੱਖ ਬ੍ਰਾਂਡਾਂ ਦੇ ਇਹ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਕੀਤੇ ਗਏ।
ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਦੀ ਕੁੱਲ ਅਨੁਮਾਨਿਤ ਕੀਮਤ ਲਗਭਗ 26 ਲੱਖ ਰੁਪਏ ਹੈ। ਇਸ ਮੌਕੇ ‘ਤੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲਾਭਪਾਤਰੀਆਂ ਨੇ ਆਪਣੇ ਮੋਬਾਈਲ ਪ੍ਰਾਪਤ ਕੀਤੇ ਅਤੇ ਗੁਰਦਾਸਪੁਰ ਪੁਲਸ ਵੱਲੋਂ ਕੀਤੇ ਗਏ ਯਤਨਾਂ ਦੀ ਸਰਾਹਨਾ ਕੀਤੀ।
CEIR ਪੋਰਟਲ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ (Department of Telecommunications) ਦੀ ਇੱਕ ਮਹੱਤਵਪੂਰਨ ਪਹਿਲ ਹੈ, ਜੋ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਬਲੌਕ ਕਰਨ, ਉਨ੍ਹਾਂ ਦੇ ਦੁਰੁਪਯੋਗ ਨੂੰ ਰੋਕਣ ਅਤੇ IMEI ਆਧਾਰਿਤ ਟ੍ਰੈਕਿੰਗ ਰਾਹੀਂ ਉਨ੍ਹਾਂ ਦੀ ਬਰਾਮਦਗੀ ਨੂੰ ਸੁਗਮ ਬਣਾਉਂਦੀ ਹੈ।
ਗੁਰਦਾਸਪੁਰ ਪੁਲਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਦਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਹ ਤੁਰੰਤ CEIR ਪੋਰਟਲ (ceir.gov.in) ‘ਤੇ ਜਾਂ ਆਪਣੇ ਨਜ਼ਦੀਕੀ ਸਾਂਝ ਕੇਂਦਰ/ਪੁਲਸ ਥਾਣੇ ਵਿਖੇ ਇਸ ਦੀ ਸੂਚਨਾ ਦਰਜ ਕਰਵਾਉਣ, ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕਰਕੇ ਮੋਬਾਈਲ ਫੋਨ ਦੀ ਬਰਾਮਦਗੀ ਸੰਭਵ ਬਣਾਈ ਜਾ ਸਕੇ।
ਇਸ ਤਰ੍ਹਾਂ ਦੀਆਂ ਲੋਕ-ਹਿਤੈਸ਼ੀ ਪਹਿਲਾਂ ਰਾਹੀਂ ਗੁਰਦਾਸਪੁਰ ਪੁਲਸ ਨਾਗਰਿਕਾਂ ਨੂੰ ਪ੍ਰਭਾਵਸ਼ਾਲੀ ਅਤੇ ਤਕਨਾਲੋਜੀ ਆਧਾਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।


