ਸ਼ਿਵ ਕੁਮਾਰ ਦੀ ਕਵਿਤਾ ਮਨੁੱਖੀ ਸੰਵੇਦਨਾਵਾਂ, ਸਮਾਜਿਕ ਸਰੋਕਾਰਾਂ ਅਤੇ ਇਸਤਰੀ ਚੇਤਨਾ ਦੀ ਸ਼ਕਤੀਸ਼ਾਲੀ ਆਵਾਜ਼- ਡਾ. ਅਸ਼ਵਨੀ ਕੁਮਾਰ ਭੱਲਾ

ਗੁਰਦਾਸਪੁਰ

ਗੁਰਦਾਸਪੁਰ, 30 ਜੁਲਾਈ (ਸਰਬਜੀਤ ਸਿੰਘ)– ਸਥਾਨਕ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਅਤੇ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਦੇ ਅਮਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਅਤੇ ਵਿਚਾਰ-ਉਤੇਜਕ ਸੈਮੀਨਾਰ ਦਾ ਕਰਵਾਇਆ ਗਿਆ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਉਨ੍ਹਾਂ ਦੀ ਕਾਵਿ-ਦ੍ਰਿਸ਼ਟੀ ਨਾਲ ਰੂਬਰੂ ਕਰਵਾਉਣਾ ਸੀ ਤਾਂ ਜੋ ਨੌਜਵਾਨ ਪੀੜ੍ਹੀ ਪੰਜਾਬੀ ਸਾਹਿਤ ਦੀਆਂ ਮਹਾਨ ਪਰੰਪਰਾਵਾਂ ਨਾਲ ਜੁੜ ਸਕੇ। ਇਸ ਮੌਕੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕਾਂ, ਖੋਜ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਸੈਮੀਨਾਰ ਦਾ ਆਰੰਭ ਕਰਦਿਆਂ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਪੰਜਾਬੀ ਵਿਭਾਗ ਨੂੰ ਇਸ ਅਰਥਪੂਰਨ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਮਹਾਨ ਸਾਹਿਤਕਾਰਾਂ ਦੇ ਜਨਮ ਦਿਵਸ ਮਨਾਉਣ ਦਾ ਮਕਸਦ ਕੇਵਲ ਉਨ੍ਹਾਂ ਨੂੰ ਯਾਦ ਕਰਨਾ ਨਹੀਂ, ਸਗੋਂ ਉਨ੍ਹਾਂ ਦੇ ਵਿਚਾਰਾਂ, ਜੀਵਨ ਮੁੱਲਾਂ ਅਤੇ ਸਾਹਿਤਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਅੱਜ ਵੀ ਉਨੀ ਹੀ ਪ੍ਰਸੰਗਿਕ ਹੈ ਜਿੰਨੀ ਆਪਣੇ ਸਮੇਂ ਵਿੱਚ ਸੀ, ਕਿਉਂਕਿ ਇਸ ਵਿੱਚ ਮਨੁੱਖੀ ਮਨ ਦੀਆਂ ਸਭ ਤੋਂ ਡੂੰਘੀਆਂ ਭਾਵਨਾਵਾਂ, ਪਿਆਰ, ਵਿਛੋੜਾ, ਇਕੱਲਾਪਣ, ਸੰਘਰਸ਼, ਸਮਾਜਿਕ ਅਸਮਾਨਤਾਵਾਂ ਅਤੇ ਜੀਵਨ ਦੇ ਦਰਦ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਕਲਾਤਮਕ ਢੰਗ ਨਾਲ ਪ੍ਰਗਟਾਇਆ ਗਿਆ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਹਾਨ ਸਾਹਿਤਕਾਰਾਂ ਦੀਆਂ ਰਚਨਾਵਾਂ ਦਾ ਅਧਿਐਨ ਕਰਕੇ ਆਪਣੇ ਅੰਦਰ ਸਿਰਜਣਾਤਮਕ ਸੋਚ, ਸੰਵੇਦਨਸ਼ੀਲਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਿਤ ਕਰਨ।

ਪ੍ਰਿੰਸੀਪਲ ਡਾ. ਭੱਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਵ ਕੁਮਾਰ ਬਟਾਲਵੀ ਦੇ ਪ੍ਰਸਿੱਧ ਕਾਵਿ-ਨਾਟਕ “ਲੂਣਾ” ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪੰਜਾਬੀ ਸਾਹਿਤ ਦੀ ਇੱਕ ਅਦੁੱਤੀ ਅਤੇ ਸ਼ਾਹਕਾਰ ਰਚਨਾ ਹੈ, ਜਿਸ ਵਿੱਚ ਕਵੀ ਨੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਪਰੰਪਰਾਗਤ ਧਾਰਨਾਵਾਂ ਨੂੰ ਨਵੀਂ ਦ੍ਰਿਸ਼ਟੀ ਨਾਲ ਪਰਖਦਿਆਂ ਇਸਤਰੀ ਦੇ ਮਨੋਵਿਗਿਆਨ, ਉਸ ਦੇ ਦਰਦ, ਉਸ ਦੀਆਂ ਇੱਛਾਵਾਂ ਅਤੇ ਉਸ ਦੇ ਅਧਿਕਾਰਾਂ ਨੂੰ ਕੇਂਦਰ ਵਿੱਚ ਰੱਖਿਆ ਹੈ।

ਇਸ ਉਪਰੰਤ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਹੰਸ ਰਾਜ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ-ਸਿਰਜਣਾ ਦੇ ਵੱਖ-ਵੱਖ ਪਹਿਲੂਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵ ਕੁਮਾਰ ਦੀ ਕਵਿਤਾ ਨੂੰ ਸਿਰਫ਼ ਬਿਰਹੇ ਜਾਂ ਪ੍ਰੇਮ ਦੀ ਕਵਿਤਾ ਤੱਕ ਸੀਮਤ ਕਰਨਾ ਉਨ੍ਹਾਂ ਦੇ ਵਿਸ਼ਾਲ ਸਾਹਿਤਕ ਯੋਗਦਾਨ ਨਾਲ ਇਨਸਾਫ਼ ਨਹੀਂ ਹੋਵੇਗਾ। ਉਨ੍ਹਾਂ ਦੀ ਕਵਿਤਾ ਵਿੱਚ ਮਨੁੱਖੀ ਜੀਵਨ ਦੀਆਂ ਜਟਿਲਤਾਵਾਂ, ਸਮਾਜਿਕ ਸਰੋਕਾਰ, ਗਰੀਬ ਅਤੇ ਪੀੜਤ ਵਰਗ ਦੀ ਪੀੜਾ, ਇਸਤਰੀ ਦੀ ਵੇਦਨਾ, ਅੰਦਰੂਨੀ ਇਕੱਲਾਪਣ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਬਾਰੀਕੀਆਂ ਦਾ ਬਹੁਤ ਹੀ ਪ੍ਰਭਾਵਸ਼ਾਲੀ ਚਿੱਤਰਣ ਮਿਲਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਿਵ ਕੁਮਾਰ ਦੀਆਂ ਰਚਨਾਵਾਂ ਨੂੰ ਸਿਰਫ਼ ਪਾਠਕ੍ਰਮ ਤੱਕ ਸੀਮਤ ਨਾ ਰੱਖਦਿਆਂ ਉਨ੍ਹਾਂ ਦੇ ਸਾਹਿਤ ਦਾ ਡੂੰਘਾਈ ਨਾਲ ਅਧਿਐਨ ਕਰਨ ਲਈ ਪ੍ਰੇਰਿਤ ਕੀਤਾ।

ਸੈਮੀਨਾਰ ਦੌਰਾਨ ਐੱਮ.ਏ. ਪੰਜਾਬੀ ਦੀ ਵਿਦਿਆਰਥਣ ਇੰਦੂ ਠਾਕੁਰ ਨੇ “ਲੂਣਾ” ਵਿੱਚੋਂ ਚੋਣਵੇਂ ਅੰਸ਼ਾਂ ਦਾ ਬਹੁਤ ਹੀ ਪ੍ਰਭਾਵਸ਼ਾਲੀ ਉਚਾਰਨ ਕੀਤਾ। ਇਸ ਤੋਂ ਬਾਅਦ ਰਾਜਨਪ੍ਰੀਤ ਨੇ “ਚਾਂਦੀ ਦੀਆਂ ਗੋਲੀਆਂ” ਅਤੇ ਮਹਿਕ ਪ੍ਰੀਤ ਨੇ ਲੋਕਪ੍ਰਿਯ ਰਚਨਾ “ਕੀ ਪੁੱਛਦੇ ਹੋ ਹਾਲ ਫਕੀਰਾਂ ਦਾ” ਦਾ ਭਾਵਪੂਰਵਕ ਪਾਠ ਕਰਕੇ ਹਾਜ਼ਰੀਨ ਨੂੰ ਮੰਤਰਮੁਗਧ ਕਰ ਦਿੱਤਾ। ਵਿਦਿਆਰਥੀਆਂ ਦੀ ਪੇਸ਼ਕਾਰੀ ਨੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਭਾਵ-ਗਹਿਰਾਈ ਅਤੇ ਸੰਗੀਤਮਈ ਲੈਅ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ, ਜਿਸ ਦੀ ਹਾਜ਼ਰੀਨ ਨੇ ਭਰਪੂਰ ਸਰਾਹਨਾ ਕੀਤੀ।

Leave a Reply

Your email address will not be published. Required fields are marked *